You are here

ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਵਿਸ਼ੇਸ਼

   ਭਾਰਤ ਨੂੰ ਵਿਦੇਸੀ ਜਰਵਾਣਿਆਂ ਤੋਂ ਮੁਕਤ ਕਰਵਾਉਣ ਲਈ ਉੱਠੀ ਗ਼ਦਰ ਲਹਿਰ ਦੇ ਅਨੇਕਾਂ ਸੂਰਬੀਰ ਸ਼ਹੀਦਾਂ ਦੇ ਦਿਮਾਗ ਵਿੱਚ ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਸੀ , ਜਿਸ ਵਿੱਚ ਲੁੱਟ , ਜਬਰ, ਬੇਰੋਜਗਾਰੀ, ਗਰੀਬੀ, ਅਗਿਆਨਤਾ ਲਈ ਕੋਈ ਥਾਂ ਨਾ ਹੋਣੀ ਸੀ। ਅੱਜ ਦੀ ਤਰ੍ਹਾਂ ਜਾਤ-ਪਾਤ, ਧਰਮਾਂ, ਫਿਰਕਿਆਂ ਦੇ ਨਾਂ ‘ਤੇ ਮਨੁੱਖਤਾ ਦਾ ਖੂਨ ਵਹਾਉਣ ਵਾਲੀ ਸਿਆਸਤ ਕਰਨ ਵਾਲਿਆਂ ਦਾ ਨਾਮ ਨਿਸ਼ਾਨ ਖ਼ਤਮ ਕਰਨਾ ਉਹਨਾਂ ਦਾ ਮੁੱਖ ਉਦੇਸ਼ ਸੀ। ਅਜਿਹੇ ਰਾਜ ਪ੍ਰਬੰਧ ਦੀ ਸਥਾਪਤੀ ਕਰਨ ਲਈ ਬਰਤਾਨਵੀ ਸਾਮਰਾਜੀ ਹਕੂਮਤ ਦੇ  ਖਿਲਾਫ਼ ਜੰਗ ਵਿੱਢਣ ਦੇ ਮਨਸੂਬੇ ਉਹਨਾਂ ਦੇਸ਼ ਭਗਤਾਂ ਵੱਲੋਂ ਬਣਾਏ ਗਏ ਜੋ ਆਪਣੀ ਰੋਜ਼ੀ ਰੋਟੀ ਲਈ ਅਮਰੀਕਾ ਗਏ ਸਨ। ਇਹਨਾਂ ਸਿਰਲੱਥ ਯੋਧਿਆਂ ਵਿੱਚੋਂ ਹੀ ਇੱਕ ਸਨ - ਬਾਬਾ ਭਾਨ ਸਿੰਘ ਸੁਨੇਤ (ਲੁਧਿਆਣਾ) ਜਿਹਨਾ ਨੇ ਆਪਣਾ ਸਭ ਕੁੱਝ ਹੀ  ਦੇਸ਼ ਆਜ਼ਾਦ ਕਰਵਾਉਣ ਦੇ ਲੇਖੇ ਲਾ ਕੇ ਆਪ 2 ਮਾਰਚ 1918 ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੀ ਉਮਰ ਕੈਦ ਕਾਲ਼ੇ ਪਾਣੀ ਦੀ ਸੈਲੂਲਰ ਜੇਲ੍ਹ ਵਿੱਚ ਕੱਟਦਿਆਂ ਅਨੇਕਾਂ ਸਰੀਰਕ ਤਸੀਹੇ ਝੱਲਦਿਆਂ ਸ਼ਹੀਦੀ ਪ੍ਰਾਪਤ ਕਰ ਗਏ।
        ਬਾਬਾ ਭਾਨ ਸਿੰਘ ਸੁਨੇਤ ਨੇ ਅੰਗਰੇਜਾਂ ਦੇ ਘੋੜ ਸਵਾਰ ਰਸਾਲੇ ਦੀ ਨੌਕਰੀ ਨੂੰ ਲੱਤ ਮਾਰ ਕੇ ਸਵੈ ਮਾਣ ਵਾਲੀ ਜਿੰਦਗੀ ਜਿਉਣ ਨੂੰ ਪਹਿਲ ਦਿੱਤੀ। 1911 ਵਿੱਚ ਨੌਕਰੀ ਛੱਡ ਅਮਰੀਕਾ ਚਲੇ ਗਏ, ਪਰ ਉੱਥੇ ਵੀ ਗੁਲਾਮ ਭਾਰਤ ‘ਚੋਂ ਗਏ ਭਾਰਤੀਆਂ ਨਾਲ ਜੋ ਪਸ਼ੂਆਂ ਤੋਂ ਵੀ ਮਾੜਾ ਵਰਤਾਓ ਹੁੰਦਾ ਵੇਖਿਆ ਤਾਂ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਜਜਬੇ ਨੇ ਸਿਰ ਚੁੱਕ ਲਿਆ। ਉੱਥੇ ਇਸੇ ਜਜਬੇ ਨੂੰ ਪ੍ਰਣਾਏ  ਹੋਰ ਪੰਜਾਬੀਆਂ ਕਰਤਰ ਸਿੰਘ ਸਰਾਭਾ, ਲਾਲਾ ਹਰਦਿਆਲ, ਗੁਰਮਖ ਸਿੰਘ ਲਲਤੋਂ , ਰੁਲੀਆ ਸਿੰਘ ਸਰਾਭਾ ਸਮੇਤ ਕਿੰਨੇ ਹੀ ਹੋਰ ਸੰਗੀ ਸਾਥੀਆਂ ਨਾਲ ਮੇਲ ਹੋਇਆ ਜੋ ਭਾਰਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਸਹਿਣ ਨਾ ਕਰ ਸਕੇ। ਇੱਥੇ 1913 ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਕਰਕੇ ਬ੍ਰਿਟਿਸ਼ ਰਾਜ ਨੂੰ ਉਖਾੜਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇੱਕ ਹਥਿਆਰਬੰਦ ਸੰਘਰਸ਼ ਵਿੱਢਣ ਲਈ ਭਾਰਤੀ ਪਰਵਾਸੀਆਂ ਵੱਲੋਂ ਤਿਆਰੀ ਕੀਤੀ ਗਈ। 1914 ਵਿੱਚ ਗ਼ਦਰ ਪਾਰਟੀ ਦੇ ਭਾਰਤ ਵਿੱਚ ਗ਼ਦਰ ਕਰਨ ਦੇ ਪ੍ਰੋਗਰਾਮ ਅਨੁਸਾਰ ਆਪ ਹੋਰ ਸਾਥੀਆਂ ਸਮੇਤ  ਤੋਸ਼ਾਮਾਰੂ ਜਹਾਜ ਰਾਹੀਂ ਭਾਰਤ ਪਹੁੰਚੇ ਪਰ ਇੱਥੇ ਅੰਗਰੇਜ਼ ਹਕੂਮਤ ਵੱਲੋਂ 173 ਸਾਥੀਆਂ ਸਮੇਤ ਫੜੇ ਗਏ । ਹਕੂਮਤ ਖਿਲਾਫ਼ ਬਗ਼ਾਬਤ ਕਰਨ ਦੇ ਕੇਸ ਵਿੱਚ 24 ਗ਼ਦਰੀਆਂ ਨੂੰ ਫਾਂਸੀ ਅਤੇ 27 ਨੂੰ ਕਾਲ਼ੇ ਪਾਣੀਆਂ ਦੀ ਉਮਰ ਕੈਦ ਅਤੇ ਕਈਆਂ ਨੂੰ ਹੋਰ ਸਜਾਵਾਂ ਹੋਈਆਂ। ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਹੋਣ ਵਾਲਿਆਂ ਵਿੱਚ ਬਾਬਾ ਭਾਨ ਸਿੰਘ ਵੀ ਇੱਕ ਸਨ।
               ਸੈਲੂਲਰ ਜੇਲ੍ਹ ਵਿੱਚ ਕੈਦ ਕੱਟਦਿਆਂ ਬਾਬਾ ਭਾਨ ਸਿੰਘ ਦਾ ਕਈ ਵਾਰ ਜੇਲ੍ਹ ਅਧਿਕਾਰੀਆਂ / ਮੁਲਾਜ਼ਮਾਂ ਦੇ ਗਲਤ ਵਰਤਾਓ ਕਾਰਣ ਝਗੜਾ ਹੋਇਆ।ਕੈਦ ਦੌਰਾਨ ਜਦੋਂ ਇੱਕ ਗੋਰੇ ਸਿਪਾਹੀ ਵੱਲੋਂ ਕੀਤੇ ਨਿਰਾਦਰ ਦਾ ਬਾਬਾ ਭਾਨ ਸਿੰਘ ਵੱਲੋਂ ਤੁਰੰਤ ਉਸੇ ਦੀ ਭਾਸ਼ਾ ਵਿੱਚ ਜਵਾਬ ਦੇ ਕੇ ਮੋੜੀ ਭਾਜੀ ਤੋਂ ਖਾਰ ਖਾ ਕੇ ਜੇਲ੍ਹਰ ਵੱਲੋਂ 6 ਮਹੀਨੇ ਦੀ ਕੋਠੀ ਬੰਦ ਕੈਦ, ਖੜੀ ਬੇੜੀ ਅਤੇ ਘੱਟ ਖੁਰਾਕ ਅਤੇ ਹੱਥ ਕੜੀ ਦੀ ਸਖ਼ਤ ਸਜਾ ਦਿੱਤੀ ਗਈ। ਇਸ ਤੋਂ ਬਿਨ੍ਹਾਂ 2.5 x 2.5 ਫੁੱਟ ਦੇ ਪਿੰਜਰੇ ਵਿੱਚ ਬੰਦ ਕਰਕੇ ਅਨੇਕਾਂ ਕਿਸਮ ਦੇ ਸਰੀਰਕ ਤਸੀਹੇ ਵੀ ਦਿੱਤੇ ਗਏ। ਪਰ ਬਾਬਾ ਭਾਨ ਸਿੰਘ ਵੱਲੋਂ ਹਮੇਸ਼ਾ ਹੀ ਉੱਚੀ ਆਵਾਜ਼ ਵਿੱਚ “ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਅਕਸਰ ਹੀ ਗਾਇਆ ਜਾਂਦਾ ਸੀ। ਜੇਲ੍ਹ ਸੁਪਰਡੈਂਟ ਵੱਲੋਂ ਵੀ ਇਹਨਾਂ ਦੇ ਨਿੱਡਰ ਸਭਾਓ ਅਤੇ ਦਲੇਰੀ ਨਾਲ ਦਿੱਤੇ ਜਾਂਦੇ ਜਵਾਬ ਕਾਰਣ ਹਮੇਸ਼ਾ ਚਿੜ੍ਹਦਾ ਰਹਿੰਦਾ । ਸਿੱਟੇ ਵਜੋਂ ਇਹਨਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਵਾਈ ਜਾਂਦੀ, ਜਿਸ ਕਾਰਣ ਜੇਲ੍ਹ ਵਿੱਚ ਦਿੱਤੇ ਜਾਂਦੇ ਅਣ ਮਨੁੱਖੀ ਤਸੀਹਿਆਂ ਕਾਰਣ ਆਪ 2 ਮਾਰਚ, 1918 ਨੂੰ ਜੇਲ੍ਹ ਵਿੱਚ ਹੀ ਸ਼ਹੀਦੀ ਪਾ ਗਏ।
        ਪਰ ਅਫ਼ਸੋਸ ਕਿ ਇਹਨਾਂ ਸ਼ਹੀਦਾਂ ਦੇ ਖੂਨ ਦਾ ਮੁੱਲ ਵੱਟਕੇ 1947 ਤੋਂ ਬਾਅਦ ਅੰਗਰੇਜਾਂ ਵਾਲੀਆਂ ਗੱਦੀਆਂ ਸਾਂਭਣ ਵਾਲੇ ਕਿਸੇ ਵੀ ਅਖੌਤੀ ਲੀਡਰ ਨੇ ਇਹਨਾਂ ਸ਼ਹੀਦਾਂ ਦਾ ਕੌਡੀ ਮੁੱਲ ਨਾ ਪਾਇਆ।ਬਣਦਾ ਤਾਂ ਇਹ ਸੀ ਕਿ ਉਹਨਾਂ ਦੀਆਂ ਸ਼ਹਾਦਤਾਂ ਨੂੰ ਭਾਰਤੀ ਲੋਕਾਂ ਵਿੱਚ ਵੱਡੀ ਪੱਧਰ ਤੇ ਪ੍ਰਚਾਰਕੇ ਦੇਸ਼ ਪ੍ਰਤੀ ਜਜ਼ਬਾ ਪੈਦਾ ਕੀਤਾ ਜਾਂਦਾ , ਪਰ ਦੇਸ਼ ਦੇ ਲੀਡਰਾਂ ਨੇ ਅਜਿਹਾ ਨਹੀਂ ਕੀਤਾ,ਜਿਸ ਦੇ ਸਿੱਟੇ ਵਜੋਂ ਦੇਸ਼ ਦੀ ਜੁਆਨੀ ਇਹਨਾ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਬਜਾਏ ਆਪਣੇ ਵੱਖਰੇ ਹੀ ਵਹਾ ਵਿੱਚ ਗੋਤੇ ਖਾ ਰਹੀ ਹੈ। ਸੈਲੂਲਰ ਜੇਲ੍ਹ ਦੇ ਬਾਹਰ ਸਾਹਮਣੇ ਬਣੀ ਪਾਰਕ ਵਿੱਚ ਤਾਂ ਭਾਵੇਂ ਬਾਬਾ ਭਾਨ ਸਿੰਘ ਦੀ ਯਾਦਗਾਰ ਇੱਕ ਬੁੱਤ ਦੇ ਰੂਪ ਵਿੱਚ ਸਥਾਪਤ ਹੈ, ਪਰ ਉਹਨਾਂ ਦੇ ਜੱਦੀ ਪਿੰਡ ਸੁਨੇਤ ਜਾਂ ਪੰਜਾਬ ਵਿੱਚ ਕਿਧਰੇ ਵੀ ਉਹਨਾ ਦੀ ਕੋਈ ਢੁਕਵੀਂ ਯਾਦਗਾਰ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਸ ਘਾਟ ਨੂੰ ਪੂਰਾ ਕਰਨ ਲਈ ਸੁਨੇਤ ਏਰੀਏ ਦੇ ਕੁੱਝ ਉਦਮੀਆਂ ਨੇ ਜਦੋਂ ਲਗਾਤਾਰ ਕਈ ਸਾਲ ਇਸ ਸ਼ਹੀਦ ਦੀ ਯਾਦ ਵਿੱਚ ਇੱਕ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਦਾ ਗਠਨ ਕਰਕੇ, ਸਭਿਆਚਾਰਕ ਮੇਲੇ ਲਗਾ ਕੇ ਲੋਕਾਂ ਨੂੰ ਉਹਨਾ ਦੀ ਕੁਰਬਾਨੀ ਬਾਰੇ ਨਾਟਕਾਂ ਅਤੇ ਹੋਰ ਵੰਨਗੀਆਂ ਰਾਹੀਂ ਜਾਣਕਾਰੀ ਦੇਣੀ ਸ਼ੁਰੂ ਕੀਤੀ ਗਈ।ਇਸ ਦੇ ਹਾਂ ਪੱਖੀ ਸਿੱਟੇ ਸਾਹਮਣੇ ਆਏ, ਜਿਹਨਾ ਦੇ ਫਲਸਰੂਪ ਪਿੰਡ ਦੇ ਮੋਹਤਬਰ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੀ ਖਾਲੀ ਪਈ ਸ਼ਾਮਲਾਟ ਜ਼ਮੀਨ ਮਹਾਂਸਭਾ ਨੂੰ ਬਾਬਾ ਭਾਨ ਸਿੰਘ ਦੀ ਯਾਦਗਾਰ ਉਸਾਰਨ ਲਈ ਦੇਣ ਦਾ ਮਤਾ ਪਾਸ ਕਰ ਦਿੱਤਾ।ਇਹ ਯਾਦਗਾਰ ਉਸਾਰਨ ਲਈ ਮਹਾਂ ਸਭਾ ਨੇ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ ਦਾ ਗਠਨ ਕਰਕੇ , ਸਭ ਤੋਂ ਪਹਿਲਾਂ ਆਪਣੇ ਅਤੇ ਹੋਰ ਸਹਿਯੋਗੀਆਂ ਕੋਲੋਂ ਫੰਡ ਇਕੱਠਾ ਕਰਕੇ ਯਾਦਗਾਰ ਉਸਾਰਨ ਦਾ ਕੰਮ ਅਰੰਭ ਦਿੱਤਾ।ਪਿੱਛਲੇ 20 ਸਾਲਾਂ ਤੋਂ ਲਗਾਤਾਰ ਇਸ ਯਾਦਗਾਰ ਦੇ ਵਿਸਥਾਰ ਲਈ ਯਤਨ ਜੁਟਾਏ ਜਾ ਰਹੇ ਹਨ, ਜਿਸ ਦੀ ਬਦੌਲਤ ਅੱਜ ਇਹ ਇੱਕ ਪ੍ਰੇਰਣਾ ਦੇ ਸੋਮੇ ਵਜੋਂ ਵੇਖਣ ਯੋਗ ਯਾਦਗਾਰ ਦੇ ਨਮੂਨੇ ਵਜੋਂ ਸਥਾਪਤ ਹੋ ਚੁੱਕੀ ਹੈ।ਇੱਥੇ ਬਾਬਾ ਭਾਨ ਸਿੰਘ ਦਾ ਘੋੜ ਸਵਾਰ ਬੁੱਤ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸ਼ਹੀਦ ਭਗਤ ਸਿੰਘ , ਰਾਜਗੁਰੂ, ਸੁਖਦੇਵ ਦੇ ਆਦਮ ਕੱਦ ਬੁੱਤ ਇਸ ਯਾਦਗਾਰ ਦੀ ਹੋਰ ਸੋਭਾ ਵਧਾ ਰਹੇ ਹਨ।ਇੱਥੇ ਹਰ ਮਹੀਨੇ ਲਗਾਤਾਰ ਕੋਈ ਨਾ ਕੋਈ ਸਮਾਜ ਪੱਖੀ ਸਿੱਖਿਆ ਦਾਇਕ ਗੋਸ਼ਟੀ, ਨਾਟਕ , ਸੈਮੀਨਾਰ ਅਕਸਰ ਹੀ ਹੋ ਰਿਹਾ ਹੈ।ਲੋੜਵੰਦ ਔਰਤਾਂ ਲਈ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਿਲਾਈ ਸੈਂਟਰ, ਲਾਇਬ੍ਰੇਰੀ , ਖੁੱਲ੍ਹੀ ਸਟੇਜ ਆਦਿ ਰਾਹੀਂ ਲੋਕਾਂ ਨੂੰ ਜਿੰਦਗੀ ਜਿਊਣ ਦੇ ਸਹੀ ਮੰਤਵ ਬਾਰੇ ਸ਼ਹੀਦਾਂ ਦੇ ਸੰਦੇਸ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਹੁਣ ਇਸ ਯਾਦਗਾਰ ਵਿੱਚ ਹੋਰ ਵਾਧੇ ਰਾਹੀਂ ਇਸ ਦੀ ਚਾਰ ਦਿਵਾਰੀ ਉੱਚੀ ਕਰਕੇ ਕਾਲ਼ੇ ਪਾਣੀ ਸੈਲੂਲਰ ਜੇਲ੍ਹ ਵਿੱਚ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਚਿੱਤਰ ਇਕ ਖੁੱਲ੍ਹੇ ਮਿਊਜੀਅਮ ਦੇ ਰੂਪ ਵਿੱਚ ਬਣਾਉਣ ਦੇ ਯਤਨ ਜਾਰੀ ਹਨ ਤਾਂ ਕਿ ਇਸ ਨੂੰ ਹੋਰ ਪ੍ਰੇਰਣਾ ਦਾਇਕ ਬਣਾਇਆ ਜਾ ਸਕੇ।ਅੱਜ ਦੇ ਦੌਰ ਵਿੱਚ ਗ਼ਦਰੀ ਸ਼ਹੀਦਾਂ ਵੱਲੋ ਧਰਮਾਂ, ਜਾਤਾਂ, ਫਿਰਕਿਆਂ ਤੋਂ ਉੱਪਰ ਉੱਠਕੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਮੌਜੂਦਾ ਸਿਆਸਤਦਾਨਾ ਵੱਲੋਂ ਲੋਕਾਂ ਨੂੰ ਇਹਨਾਂ ਵੰਡੀਆਂ ਪਾਉਣ ਦੀ ਰਾਜਨੀਤੀ ਰਾਹੀਂ ਆਪਣੇ ਰਾਜ ਦੀ ਉੱਮਰ ਹੋਰ ਲੰਮੀ ਕਰਨ ਦੇ ਦੇਸ਼ ਵਿਰੋਧੀ  ਮਨਸੂਬਿਆਂ ਨੂੰ ਸਮਝਣ ਦੀ ਲੋੜ ਹੈ।ਆਪਣੀ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਦੇਸ਼ ਵਿਰੋਧੀ ਰਾਜਨੀਤੀ ਨੂੰ ਭਾਂਜ ਦੇਣਾ ਹੀ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਨੂੰ ਸੱਚੀ ਸਰਧਾਂਜਲੀ ਹੈ।
      ਜਸਵੰਤ ਜੀਰਖ  ( ਲੁਧਿਆਣਾ ) 98151-69825
ਯਾਦਗਾਰ ਦੀ ਇੱਕ ਝਲਕ:—