ਲੁਧਿਆਣਾ, 3 ਮਾਰਚ (ਕਰਨੈਲ ਸਿੰਘ ਐੱਮ.ਏ. ) ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸੇਵਕ ਭਾਈ ਜੋਗਾ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ ਵਿਸ਼ੇਸ਼ ਤੌਰ ਤੇ ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਕ੍ਰਿਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਨਜ਼ਰ ਮਾਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸੇਵਕ ਭਾਈ ਜੋਗਾ ਜੀ ਦੀ ਆਪਣੀ ਇੱਕ ਅਲੱਗ ਪਹਿਚਾਣ ਹੈ। ਜਿਨ੍ਹਾਂ ਨੇ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸਿਧਾਂਤਾਂ ਤੇ ਸਿੱਖਿਆਵਾਂ ਦੀ ਪਾਲਣ ਅਮਲੀ ਰੂਪ ਵਜੋਂ ਕਰਕੇ ਇੱਕ ਸੱਚੇ ਸਿੱਖ ਸੇਵਕ ਦੀ ਮਿਸਾਲ ਕਾਇਮ ਕੀਤੀ । ਅੱਜ ਲੋੜ ਹੈ ਅਸੀਂ ਵੀ ਗੁਰੂ ਦੇ ਸੱਚੇ ਸੇਵਕ ਬਣ ਕੇ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ । ਉਨ੍ਹਾਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉੱਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ।
ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਕਿਹਾ ਕਿ ਭਾਈ ਜੋਗਾ ਸਿੰਘ ਵਰਗੇ ਸੱਚੇ ਸਿੱਖ ਸੇਵਕ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਲਈ ਇੱਕ ਪੱਥ ਪ੍ਰਦਰਸ਼ਕ ਹਨ।ਜਿਨ੍ਹਾਂ ਤੋਂ ਸੇਧ ਲੈ ਕੇ ਉਹ ਆਪਣੇ ਅੰਦਰ ਨੈਤਿਕਤਾ ਦੇ ਗੁਣਾਂ ਦਾ ਪ੍ਰਸਾਰਾ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਦੇ ਸੱਚੇ ਸਿੱਖ ਭਾਈ ਜੋਗਾ ਸਿੰਘ ਜੀ ਕਹਿਣੀ ਤੇ ਕਰਨੀ ਵਿੱਚ ਪ੍ਰਪੱਕ ਗੁਰੂ ਦੇ ਸਿੱਖ ਸਨ। ਜਿਨ੍ਹਾਂ ਦਾ ਜਨਮ ਦਿਹਾੜਾ ਅੱਜ ਸਮੁੱਚੀ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਸ੍ਰ.ਭੁਪਿੰਦਰ ਸਿੰਘ ਨੇ ਕਿਹਾ ਕਿ ਕੀਰਤਨ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪਣੇ ਆਪ ਨੂੰ ਸੰਪੂਰਨ ਸਿੱਖ ਬਣਾ ਕੇ ਸਿਮਰਨ ਦੇ ਸਿਧਾਂਤ ਨਾਲ ਜੁੜੀਏ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਕ੍ਰਿਪਾਲ ਸਿੰਘ ਅਤੇ ਉਨ੍ਹਾਂ ਦੇ ਕੀਰਤਨੀ ਜੱਥੇ ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ। ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ ਸਿੰਘ ਧਵਨ ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ),ਸੁਰਿੰਦਰਪਾਲ ਸਿੰਘ ਭੁਟੀਆਨੀ, ਗੁਰਦੀਪ ਸਿੰਘ ਡੀਮਾਰਟੇ, ਰਣਜੀਤ ਸਿੰਘ ਖਾਲਸਾ, ਜਤਿੰਦਰ ਸਿੰਘ ਪ੍ਰਧਾਨ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ, ਗੁਰਵਿੰਦਰ ਸਿੰਘ ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ, ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਮਿੱਡਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।