ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਉੱਭਰਦੇ ਨਵੇਂ ਲੇਖਕ ਜਿਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਜੀ, ਉਸਨੂੰ ਸਾਹਿਤਕ ਅਦਾਰਿਆਂ ਵੱਲੋਂ ਕਾਫ਼ੀ ਮਾਣ ਸਤਿਕਾਰ ਨਾਲ਼ ਨਿਵਾਜ਼ਿਆ ਗਿਆ ਹੈ। ਹੁਣੇ- ਹੁਣੇ ਉਹਨਾਂ ਨੇ ਆਪਣਾ ਪਲੇਠਾ ਕਹਾਣੀ ਸੰਗ੍ਰਹਿ "ਤੋਪਿਆਂ ਵਾਲ਼ੀ ਕਮੀਜ਼" ਸਾਹਿਤ ਦੀ ਝੋਲੀ ਪਾਇਆ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਮੈਂ ਜਿਸ ਲੇਖਕ ਦੀ ਗੱਲ ਕਰ ਰਿਹਾ ਹਾਂ ਜੀ ਉਹਨਾਂ ਦਾ ਨਾਮ ਹੈ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)ਤੇ ਅੱਜ ਕੱਲ੍ਹ ਉਹ ਸੰਗਰੂਰ ਸ਼ਹਿਰ ਦੀ ਆਫ਼ਿਸਰ ਕਾਲੋਨੀ ਸੰਗਰੂਰ ਵਿਖੇ ਰਹਿ ਰਹੇ ਹਨ। ਪੇਸ਼ੇ ਵਜੋਂ ਜਿੱਥੇ ਉਹ ਇੱਕ ਵਧੀਆ ਅਧਿਆਪਕ ਹਨ। ਉੱਥੇ ਹੀ ਇੱਕ ਵਧੀਆ ਇਨਸਾਨ ਵੀ ਹਨ। ਉਸ ਦੇ"ਤੋਪਿਆਂ ਵਾਲ਼ੀ ਕਮੀਜ਼" ਕਹਾਣੀ ਸੰਗ੍ਰਹਿ ਵਿੱਚ ਸਾਰੀਆਂ ਹੀ ਕਹਾਣੀਆਂ ਬਾਕਮਾਲ ਹਨ ਤੇ ਜਦੋਂ ਇਸ ਕਿਤਾਬ ਨੂੰ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ,ਆਪ ਮੁਹਾਰੇ ਅਗਲੀ ਕਹਾਣੀ ਨੂੰ ਪੜ੍ਹਨ ਨੂੰ ਮਨ ਕਰਦਾ ਹੈ। ਕਿਤਾਬ ਦੇ ਨਾਮ ਦੀ ਹੀ ਜੇ ਗੱਲ ਕਰੀਏ ਤਾਂ ਤੋਪਿਆਂ ਵਾਲੀ ਕਮੀਜ਼ ਸ਼ਬਦ ਪੜ੍ਹ ਕੇ ਸਾਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ।ਅੱਜ ਤੋਂ ਜੇ 30-35 ਕੁ ਸਾਲ ਮਗਰ ਜਾਈਏ ਤਾਂ ਹਰ ਇੱਕ ਇਨਸਾਨ ਨੇ ਤੋਪਿਆਂ ਵਾਲੀ ਕਮੀਜ਼ ਬਾਰੇ ਪੂਰੀ ਤਰ੍ਹਾਂ ਦੇਖਿਆ ਹੋਇਆ ਹੈ ਤੇ ਜ਼ਿਆਦਾਤਰ ਇਨਸਾਨਾਂ ਨੇ ਤੋਪਿਆਂ ਵਾਲੀ ਕਮੀਜ਼ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੋਇਆ ਹੈ ।ਇਸੇ ਤਰ੍ਹਾਂ ਇਸ ਕਿਤਾਬ ਦੇ ਲੇਖਕ ਰਣਬੀਰ ਸਿੰਘ ਪ੍ਰਿੰਸ ਜੀ ਦੀਆਂ ਕਹਾਣੀਆਂ ਆਪ ਪਿੰਡੇ ਹੰਢਾਈਆਂ ਮਹਿਸੂਸ ਹੁੰਦੀਆਂ ਹਨ । ਸਾਰੇ ਹੀ ਕਲਮਕਾਰ/ਪਾਠਕਾਂ ਨੂੰ ਇੱਕ ਵਾਰ ਇਹ ਕਿਤਾਬ "ਤੋਪਿਆਂ ਵਾਲ਼ੀ "ਕਮੀਜ਼ ਕਹਾਣੀ ਸੰਗ੍ਰਹਿ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।ਜੋ ਅੱਜ ਦੇ ਸਮਾਜ ਵਿੱਚ ਜਿੱਥੇ ਹਰ ਪਾਸੇ ਲੱਚਰਤਾ ਜਾ ਦੋਹਰੇ ਅਰਥਾਂ ਵਾਲ਼ਾ ਸਭ ਕੁਝ ਪਰੋਸਿਆ ਜਾ ਰਿਹਾ ਹੋਵੇ। ਉੱਥੇ ਅਜਿਹਾ ਪਰਵਾਰਿਕ ਕਹਾਣੀ ਸੰਗ੍ਰਹਿ ਪੇਸ਼ ਕਰਨਾ ਹੀ ਆਪਣੇ ਆਪ ਵਿੱਚ ਮਾਣ ਵਾਲ਼ੀ ਗੱਲ ਹੈ।ਰਣਬੀਰ ਸਿੰਘ ਪ੍ਰਿੰਸ ਜੀ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਪਲੇਠੇ ਕਹਾਣੀ ਸੰਗ੍ਰਹਿ "ਤੋਪਿਆਂ ਵਾਲ਼ੀ ਕਮੀਜ਼" ਦੀਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਜੀ, ਪ੍ਰਮਾਤਮਾ ਰਣਬੀਰ ਸਿੰਘ ਪ੍ਰਿੰਸ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਉਹ ਅੱਗੇ ਤੋਂ ਹੋਰ ਵੀ ਵਧੀਆਂ ਲਿਖਣ ਤਾਂ ਕਿ ਸਾਡੇ ਜਿਹੇ ਪਾਠਕਾਂ ਨੂੰ ਨਰੋਇਆ ਸਾਹਿਤ ਪੜ੍ਹਨ ਨੂੰ ਮਿਲਦਾ ਰਹੇ।
ਜੱਸੀ ਧਰੌੜ ਸਾਹਨੇਵਾਲ।
ਸਰਪ੍ਰਸਤ ਕਲਮਾਂ ਦੇ ਵਾਰ
ਸਾਹਿਤਕ ਮੰਚ