ਸਾਂਝੇ ਫੋਰਮ ਦੀ ਜੱਥੇਬੰਦੀ - ਦਸਮੇਸ਼ ਯੂਨੀਅਨ ਵੱਲੋਂ ਨਵੇਂ ਦਿੱਲੀ ਮੋਰਚੇ ਲਈ ਜੁਝਾਰੂ ਕਾਫਲੇ ਹੋ ਰਹੇ ਰਵਾਨਾ

    ਮੁੱਲਾਂਪੁਰ ਦਾਖਾ 25 ਫਰਵਰੀ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਬੁਢੇਲ ਚੌਂਕ ਨੇੜੇ, ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਵੇਂ ਦਿੱਲੀ ਮੋਰਚੇ ਅਤੇ ਚੌਂਕੀਮਾਨ ਟੋਲ ਮੋਰਚਾ ਤੇ ਲੰਗਰ ਬਾਰੇ ਵੱਖ-ਵੱਖ ਪਹਿਲੂਆਂ 'ਤੇ ਗੰਭੀਰ, ਡੂੰਘਾ ਤੇ ਭਰਵਾਂ ਵਿਚਾਰ- ਵਟਾਂਦਰੇ ਵਟਾਂਦਰੇ ਦੌਰਾਨ ਜੱਥੇਬੰਦੀ ਦੇ ਆਗੂਆਂ -ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਜਸਵੰਤ ਸਿੰਘ ਮਾਨ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ।
 ਪਹਿਲ- ਪ੍ਰਿਥਮੇੰ ਨਵੇਂ ਦਿੱਲੀ ਮੋਰਚੇ ਦੇ ਨੌਜਵਾਨ ਸ਼ਹੀਦ- ਸ਼ੁਭਕਰਮਨ ਸਿੰਘ ਬੱਲੋ (ਬਠਿੰਡਾ) ਸਮੇਤ ਸਮੂਹ ਤਿੰਨਾਂ ਸ਼ਹੀਦਾਂ ਨੂੰ 2 ਮਿੰਟ ਖੜੇ ਹੋ ਕੇ ਤੇ ਮੌਨ ਧਾਰ ਕੇ ਨਿੱਘੀ ਤੇ ਭਾਵ -ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ
  ਗਈ।
 ਜੱਥੇਬੰਦੀ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਪਹਿਲੇ ਮਤੇ ਰਾਹੀਂ 12 ਫਰਵਰੀ ਤੋਂ ਲਗਾਤਾਰ ਲੜੀਵਾਰ ਪੱਕੇ ਤੇ ਰੋਜ਼ਾਨਾ ਨਵੇਂ ਦਿਲੀ ਮੋਰਚੇ ਦੇ ਸ਼ੰਭੂ ਬਾਰਡਰ 'ਤੇ ਜਾ ਰਹੇ ਪੱਕੇ ਤੇ ਰੋਜ਼ਾਨਾ ਕਾਫਲਿਆਂ ਉਪਰ ਪੂਰਨ ਖੁਸ਼ੀ ਤੇ ਭਰਪੂਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ, ਨਵੇਂ ਕਾਫਲੇ ਭੇਜਣ ਲਈ ਪਿੰਡ- ਇਕਾਈਆਂ ਵਾਰ ਬਕਾਇਦਾ ਡਿਊਟੀਆਂ ਜੜੀਆਂ ਗਈਆਂ।
     ਦੂਜੇ ਮਤੇ ਰਾਹੀਂ ਜੱਥੇਬੰਦੀ ਦੇ ਇਕਾਈਆਂ ਵਾਲੇ ਪਿੰਡਾਂ ਸਵੱਦੀ ਕਲਾਂ ਤੇ ਵਿਰਕ ਤੋਂ ਇਲਾਵਾ ਇਤਿਹਾਸਿਕ ਪਿੰਡ ਮੁੱਲਾਂਪੁਰ ਸਮੇਤ ਵੱਖ-ਵੱਖ ਪਿੰਡਾਂ ਤੋਂ ਰੋਜ਼ਾਨਾ ਜਾ ਰਹੇ ਨੌਜਵਾਨਾਂ ਦੇ ਜੱਥਿਆਂ ਦਾ ਭਾਰੀ ਧੰਨਵਾਦ ਕੀਤਾ ਗਿਆ ਹੈ।
    ਤੀਜੇ ਮਤੇ ਰਾਹੀਂ 20-21-22 ਫਰਵਰੀ ਨੂੰ ਲਗਾਤਾਰ 3 ਦਿਨ 200 ਕਿਸਾਨ- ਮਜ਼ਦੂਰ ਜੱਥੇਬੰਦੀਆਂ ਵਾਲੇ ਸਾਂਝੇ ਫੋਰਮ ਦੀ ਬਰਾਂਚ- ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵੱਲੋਂ  ਹੋਰ ਭਰਾਤਰੀ ਕਿਸਾਨ- ਮਜ਼ਦੂਰ ਜੱਥੇਬੰਦੀਆਂ ਸਹਿਯੋਗ ਨਾਲ ਕੇਂਦਰ ਦੀ ਅਤੇ ਹਰਿਆਣਾ ਦੀ ਜਾਲਮ ਮੋਦੀ ਤੇ ਖੱਟਰ ਹਕੂਮਤ ਵੱਲੋਂ 500 ਦੇ ਕਰੀਬ ਬੇਕਸੂਰ ਤੇ ਬੇਹਥਿਆਰੇ ਕਿਸਾਨਾਂ- ਮਜ਼ਦੂਰਾਂ ਨੂੰ ਫੱਟੜ ਕਰਨ ਅਤੇ  ਨੌਜਵਾਨ ਸ਼ੁਭਕਰਮਨਦੀਪ ਸਿੰਘ ਦੇ ਸਿਰ 'ਚ ਸਿੱਧੀ ਗੋਲੀ ਮਾਰ ਕੇ ਕਤਲ ਕਰਨ ਵਿਰੁੱਧ ਟੋਲ ਮੁਕਤ ਰੱਖਣ ਅਤੇ ਵਿਸ਼ਾਲ ਰੋਹ ਭਰਪੂਰ ਧਰਨੇ ਲਾਉਣ  ਅਤੇ ਦਿੱਲੀ ਮੋਰਚੇ ਦੇ ਕਾਫਲਿਆਂ ਤੇ ਮੁਸਾਫਰਾਂ ਲਈ  ਜੱਥੇਬੰਦੀ ਵੱਲੋਂ  ਰੋਜਾਨਾ ਲੰਗਰ ਚਲਾਉਣ ਦਾ ਸਵਾਗਤ ਕੀਤਾ ਗਿਆ ਹੈ।
     ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਕੁਲਦੀਪ ਸ. ਸਵੱਦੀ, ਬਲਜਿੰਦਰ ਸ. ਸਵੱਦੀ, ਗੁਰਚਰਨ ਸਿੰਘ ਸ. ਤਲਵੰਡੀ, ਅਵਤਾਰ ਸ.ਤਾਰ, ਬੂਟਾ ਸ.ਬਰਸਾਲ, ਰਾਜਵਿੰਦਰ ਸ. ਬਰਸਾਲ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਗੁਰਦੀਪ ਸ. ਮੁੰਡਿਆਣੀ, ਜਸਪਾਲ ਸ. ਮੰਡਿਆਣੀ ,ਗੁਰਮੀਤ ਸਿੰਘ ਬਿਰਕ ,ਹਰੀ ਸਿੰਘ ਚਚਰਾੜੀ ,ਸਰਵਿੰਦਰ ਸ. ਸੁਧਾਰ  ਉਚੇਚੇ ਤੌਰ ਤੇ ਹਾਜ਼ਰ ਸਨ।