You are here

ਭਗਤ ਗੁਰੂ ਰਵਿਦਾਸ ਜੀ ਦਾ 647ਵਾਂ ਜਨਮ ਉਤਸਵ ਭਵਨ ਰਕਬਾ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ

ਮੁੱਲਾਂਪੁਰ ਦਾਖਾ, 25 ਫਰਵਰੀ  (ਸਤਵਿੰਦਰ ਸਿੰਘ ਗਿੱਲ) ਕ੍ਰਾਂਤੀਕਾਰੀ ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪ੍ਰਸਤ ਪ੍ਰਿੰਸੀਪਲ ਰਾਮ ਸਿੰਘ, ਹਰਵੀਨ ਸਿੰਘ, ਗੁਰਦੀਪ ਸਿੰਘ ਬੁੱਟਰ, ਜਸਪਾਲ ਸਿੰਘ, ਹਰਿੰਦਰ ਸਿੰਘ ਰਕਬਾ, ਮਾਸਟਰ ਗੁਰਚਰਨ ਸਿੰਘ ਰਕਬਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਪ੍ਰਵਾਸੀ ਪੰਜਾਬੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਸੱਚੀ ਕਿਰਤ ਕਰਕੇ ਗੁਰੂਆਂ ਦੇ ਆਸ਼ੇ ਅਨੁਸਾਰ ਜ਼ਿੰਦਗੀ ਬਸ਼ਰ ਕਰ ਰਹੇ ਹਨ। ਇਸ ਸਮੇਂ ਜਸਵਿੰਦਰ ਸਿੰਘ ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਆਸਟ੍ਰੇਲੀਆ ਦਾ ਕਨਵੀਨਰ ਅਤੇ ਗੁਰਮੀਤ ਸਿੰਘ ਬੁੱਟਰ ਨੂੰ ਅਮਰੀਕਾ ਫਾਊਂਡੇਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
         ਬਾਵਾ ਨੇ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਦਾ ਜਨਮ 1377 ਈ. ਵਿੱਚ ਬਨਾਰਸ ਵਿਖੇ ਹੋਇਆ। ਆਪ ਜੀ ਦੇ ਗੁਰੂ ਭਗਤ ਸੁਆਮੀ ਰਾਮਾ ਨੰਦ ਜੀ ਸਨ। ਆਪ ਜੀ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ ਜਿਨ੍ਹਾਂ ਵਿੱਚ ਪ੍ਰਭੂ ਨਾਲ ਪਿਆਰ, ਉਹਨਾਂ ਨਾਲ ਅਤੁੱਟ ਸਾਂਝ, ਉਹਨਾਂ ’ਤੇ ਅਥਾਹ ਮਾਣ ਅਤੇ ਭਰੋਸੇ ਦੇ ਵੰਨ ਸੁਵੰਨੇ ਦਰਸ਼ਨ ਹੁੰਦੇ ਹਨ। ਇਸ ਸਮੇਂ ਬਾਵਾ ਨੇ ਦੱਸਿਆ ਕਿ ‘ਸ਼ਬਦ ਪ੍ਰਕਾਸ਼ ਅਜਾਇਬ ਘਰ’ ਰਕਬਾ ਵਿਖੇ ਭਗਤ ਗੁਰੂ ਰਵਿਦਾਸ ਜੀ ਦਾ ਚਿੱਤਰ ਅਤੇ ਗੁਰਬਾਣੀ ਦੇ ਸ਼ਬਦ ਸੁਸ਼ੋਭਿਤ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਪੂਰੇ ਭਾਰਤ ਨੂੰ ਇੱਕ ਲੜੀ ਵਿੱਚ ਪਰੋਇਆ ਹੈ। ਸਰਬ ਸਾਂਝੀ ਗੁਰਬਾਣੀ ਦਾ ਸੰਦੇਸ਼ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।