ਸਰਬੱਤ ਦੇ ਭਲੇ ਲਈ ਸਰਾਭਾ ਆਸ਼ਰਮ 'ਚ ਗੁਰਮਤਿ ਸਮਾਗਮ 25 ਨੂੰ 

 ਲੁਧਿਆਣਾ, 23 ਫਰਵਰੀ (ਟੀ. ਕੇ.) ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੁੂੁੁੁ ਅਮਰ ਦਾਸ ਅਪਾਹਜ ਆਸ਼ਰਮ ਵਿਖੇ ਰਹਿ ਰਹੇ ਲਾਵਾਰਸ-ਬੇਘਰ ਮਰੀਜ਼ਾਂ ਅਤੇ ਸਰਬੱਤ ਦੇ ਭਲੇ ਲਈ 25 ਫਰਵਰੀ  ਨੂੰ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਬਾਨੀ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਿਤੀ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਸਹਿਜ ਪਾਠ ਦੇ ਭੋਗ ਪੈਣਗੇ। ਭੋਗ ਉਪਰੰਤ ਭਾਈ ਜਸਵੀਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਭਾਈ ਰਾਮ ਸਿੰਘ ਜੀ ਹਜੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ)  ਵਾਲੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਪਤੀ ਦੀ ਅਰਦਾਸ ਦੁਪਹਿਰ 1 ਵਜੇ ਹੋਵੇਗੀ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਰਬੱਤ ਸੰਗਤਾਂ ਨੂੰ ਪਰਿਵਾਰਾਂ ਸਮੇਤ ਪਹੁੰਚ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। 
        ਇਥੇ ਇਹ ਵਰਨਣ ਯੋਗ ਹੈ ਕਿ ਇਸ ਆਸ਼ਰਮ ‘ਚ 200 ਦੇ ਕਰੀਬ ਲਾਵਾਰਸ, ਬੇਸਹਾਰਾ, ਬੇਘਰ, ਅਪਾਹਜ, ਲਵਾਰਸ, ਨੇਤਰਹੀਣ, ਅਧਰੰਗ, ਸ਼ੂਗਰ, ਪੀਲੀਆ, ਏਡਜ਼, ਟੀ.ਬੀ., ਦਿਮਾਗੀ ਸੰਤੁਲਨ ਗੁਆ ਚੁੱਕੇ ਗਰੀਬ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲੋੜਵੰਦ ਮਰੀਜ਼ ਰਹਿੰਦੇ ਹਨ । ਆਸ਼ਰਮ ਵੱਲੋਂ ਇਹਨਾਂ ਸਾਰੇ ਮਰੀਜ਼ਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕੀਤੀ ਜਾਂਦੀ ਹੈ।