ਮੱਛੀ ਪਾਲਕ ਕਿਸਾਨ ਦੇ ਮੱਛੀ ਫਾਰਮ ’ਤੇ ਮੀਟਿੰਗ ਹੋਈ 

ਲੁਧਿਆਣਾ, 23 ਫਰਵਰੀ(ਟੀ. ਕੇ) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਇਨੋਵੇਟਿਵ ਫਿਸ਼ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੱਛੀ ਪਾਲਕਾਂ ਦੀ ਮਹੀਨਾਵਾਰ ਮੀਟਿੰਗ ਪਿੰਡ ਹਯਾਤਪੁਰ (ਲੁਧਿਆਣਾ) ਦੇ ਮੱਛੀ ਪਾਲਕ ਸ. ਨਵਦੀਪ ਸਿੰਘ ਦੇ ਫਾਰਮ ’ਤੇ ਕਰਵਾਈ ਗਈ। ਡਾ. ਵਨੀਤ ਇੰਦਰ ਕੋਰ, ਸੰਯੋਜਕ ਨੇ ਦੱਸਿਆ ਕਿ ਮੀਟਿੰਗ ਵਿਚ 57 ਮੱਛੀ ਪਾਲਕ ਸ਼ਾਮਿਲ ਹੋਏ। ਉਨ੍ਹਾਂ ਨੂੰ ਮੱਛੀ ਪਾਲਣ ਦੇ ਬਿਹਤਰ ਪ੍ਰਬੰਧਨ ਨੁਕਤੇ ਦੱਸੇ ਗਏ ਅਤੇ ਵਾਤਾਵਰਣ ਅਨੁਕੂਲ ਤਕਨਾਲੋਜੀਆਂ ਸੰਬੰਧੀ ਚਾਨਣਾ ਪਾਇਆ ਗਿਆ। ਡਾ. ਗਰਿਸ਼ਮਾ ਤਿਵਾੜੀ ਅਤੇ ਡਾ. ਅਮਿਤ ਮੰਡਲ ਨੇ ਮੀਟਿੰਗ ਦੇ ਤਕਨੀਕੀ ਸੈਸ਼ਨਾਂ ਦਾ ਸੰਯੋਜਨ ਕੀਤਾ ਅਤੇ ਮੱਛੀ ਤਲਾਬ ਦੇ ਪ੍ਰਬੰਧਨ, ਮੌਸਮੀ ਤਬਦੀਲੀਆਂ, ਕੁਦਰਤੀ ਖੁਰਾਕ ਉਤਪਾਦਨ ਅਤੇ ਵਧੇਰੇ ਉਤਪਾਦਨ ਤੇ ਮੁਨਾਫ਼ਾ ਲੈਣ ਲਈ ਮੱਛੀ ਵਿਭਿੰਨਤਾ ਵਿਸ਼ਿਆਂ ’ਤੇ ਵਿਚਾਰ ਰੱਖੇ।
    ਜਥੇਬੰਦੀ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਉਪ-ਪ੍ਰਧਾਨ, ਸ. ਜਸਵੀਰ ਸਿੰਘ ਨੇ ਵਿਭਿੰਨ ਗਤੀਵਿਧੀਆਂ ਅਤੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜਿਸ ਸੰਬੰਧੀ ਮਾਹਿਰਾਂ ਨੇ ਢੁੱਕਵੇਂ ਸੁਝਾਅ ਦਿੱਤੇ। ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਇਹ ਜਥੇਬੰਦੀ ਇਸ ਖੇਤਰ ਦੇ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਜੋੜਨ ਅਤੇ ਨਵੀਆਂ ਤਕਨੀਕਾਂ ਸਾਂਝੀਆਂ ਕਰਨ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਯੂਨੀਵਰਸਿਟੀ ਵੱਲੋਂ ਇਨ੍ਹਾਂ ਨੂੰ ਦਿੱਤੇ ਗਿਆਨ ਦਾ ਕਿਸਾਨ ਬਹੁਤ ਲਾਭ ਲੈ ਰਹੇ ਹਨ ਅਤੇ ਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਸਥਾਪਿਤ ਕਰ ਰਹੇ ਹਨ।
    ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਥੇਬੰਦੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੋਰ ਕਿਸਾਨ ਵੀ ਯੂਨੀਵਰਸਿਟੀ ਨਾਲ ਜੁੜਨ ਅਤੇ ਤਕਨੀਕੀ ਗਿਆਨ ਲੈਣ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਨੂੰ ਉੱਚਿਆਂ ਚੁੱਕਣ ਲਈ ਭਰਪੂਰ ਯਤਨ ਕਰ ਰਹੀ ਹੈ। ਡੇਅਰੀ, ਸੂਰ, ਬੱਕਰੀ, ਮੁਰਗੀ ਅਤੇ ਮੱਛੀ ਪਾਲਕਾਂ ਦੀਆਂ ਜਥੇਬੰਦੀਆਂ ਨਾਲ ਯੂਨੀਵਰਸਿਟੀ ਦੇ ਕਿਸਾਨਾਂ ਦਾ ਗਹਿਰਾ ਸੰਬੰਧ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਤਸਾਹ ਦੇਣ ਵਾਸਤੇ ਯੂਨੀਵਰਸਿਟੀ ਹਰ ਸਾਲ ਅਗਾਂਹਵਧੂ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਸਨਮਾਨ ਪ੍ਰਦਾਨ ਕਰਦੀ ਹੈ।