ਡਾ: ਦਰਸ਼ਨ ਬੜੀ ਮੈਮੋਰੀਅਲ ਸੁਸਾਇਟੀ ਗਠਿਤ 

ਲੁਧਿਆਣਾ, 20 ਫਰਵਰੀ (ਟੀ. ਕੇ.) ਸਭਿਆਚਾਰਕ ਪ੍ਰੋਗਰਾਮਾਂ ਦੀ ਜਿੰਦ ਜਾਨ  ਅਤੇ ਖੇਡ ਮੇਲਿਆਂ ਦੀ ਸ਼ਾਨ, ਪ੍ਸਿੱਧ ਕਬੱਡੀ ਕਮੈਂਟੇਟਰ, ਰੇਡੀਉ, ਟੈਲੀਵਿਜ਼ਨ ਕਲਾਕਾਰ, ਐਂਕਰ , ਫਿਲਮੀ ਅਦਾਕਾਰ ਬਹੁਪੱਖੀ ਤੇ ਨਿਵੇਕਲੀ ਸਖਸ਼ੀਅਤ ਡਾ. ਦਰਸ਼ਨ ਬੜੀ ਦੀ ਯਾਦ ਨੂੰ ਸਦਾ ਲਈ ਤਾਜ਼ਾ ਰੱਖਣ ਲਈ ਸਾਥੀਆਂ, ਯਾਰਾਂ ਬੇਲੀਆਂ ਨੇ ਬਣਾਈ ਰਜਿਸਟਰਡ ਸੰਸਥਾ ਜਿਸ ਦਾ ਨਾਮ ਵੀ ਡਾ. ਦਰਸ਼ਨ ਬੜੀ ਮੈਮੋਰੀਅਲ ਸੋਸਾਇਟੀ ਰੱਖਿਆ ਗਿਆ ਹੈ।  ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੁਖਦੇਵ ਭਵਨ ਵਿਖੇ ਇੱਕ ਸਾਦਾ ਜਿਹਾ ਪਰ ਬਹੁਤ ਹੀ ਪ੍ਭਾਵਸ਼ਾਲੀ ਸਮਾਗਮ ਹੋਇਆ ਜਿਥੇ ਐਨ. ਆਰ. ਆਈ. ਟੋਨੀ ਸੰਧੂ ਕੈਨੇਡਾ ਦਾ ਉਚੇਚੇ ਤੌਰ 'ਤੇ ਸਹਿਯੋਗ ਰਿਹਾ  ਤੇ ਉਹਨਾਂ   ਇਸ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਜ਼ਿਕਰ ਕੀਤਾ ਕਿ ਅੱਗੇ ਤੋਂ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਵੱਡਾ ਸਮਾਗਮ ਉਲੀਕਿਆ ਜਾਇਆ ਕਰੇਗਾ। ਇਥੇ ਇਹ ਵੀ ਵਰਣਨਯੋਗ ਹੈ ਕਿ, ਉਨ੍ਹਾਂ ਨੇ ਕੈਨੇਡਾ ਵਿੱਚ ਡਾ. ਬੜੀ ਦੇ ਨਾਂ ਤੇ ਟਰੇਨਿੰਗ ਸੈਂਟਰ ਵੀ ਸਥਾਪਿਤ ਕੀਤਾ ਹੋਇਆ ਹੈ। ਸੰਸਥਾ ਵੱਲੋਂ ਸਮਾਗਮ ਨੂੰ "ਇੱਕ ਸ਼ਾਮ ਡਾ. ਦਰਸ਼ਨ ਬੜੀ ਦੇ ਨਾਮ"  ਦੀ ਸੰਧਿਆ ਦਿੱਤੀ ਗਈ ।ਪਦਮ ਸ੍ਰੀ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਦੇ ਤੌਰ  'ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਭਾਵੇਂ ਅਸੀਂ ਡਾ. ਬੜੀ ਦੀਆਂ ਯਾਦਾਂ ਤਾਜ਼ੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਪਰ ਇਹ ਵੀ ਸੱਚ ਹੈ ਕਿ ਅੱਜ ਸਾਡੇ ਸਾਰਿਆਂ ਦੇ ਇਕੱਠੇ ਹੋਣ ਦਾ ਸਬੱਬ ਵੀ ਉਹੀ ਹਨ ,ਇਸ ਸਮੇਂ ਉਨ੍ਹਾਂ ਡਾ. ਬੜੀ ਨਾਲ ਪੀਡੇ ਰਿਸ਼ਤਿਆਂ ਦੀ ਤੰਦ ਨੂੰ ਵੀ ਦਰਸਾਇਆ ਇਸ ਮੌਕੇ  ਭੁਪਿੰਦਰ ਪਾਤਰ ਵੀ ਉਚੇਚੇ ਤੌਰ 'ਤੇ ਪਹੁੰਚੇ, ਜਿਥੇ ਉਨ੍ਹਾਂ ਗੀਤ ਗੁਣਗੁਨਾ ਕੇ ਸੁਣਾਇਆ ਉਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੇਰੇ ਘਰ ਨੂੰ ਆਪਣੀ ਭੈਣ ਦਾ ਘਰ ਸਮਝਦੇ ਸਨ। ਇਸ ਮੌਕੇ ਸਭ ਤੋਂ ਪਹਿਲਾਂ ਪ੍ਰਿੰਸੀਪਲ  ਅਮਰਜੀਤ ਸਿੰਘ ਗਰੇਵਾਲ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਫਿਰ ਸਟੇਜ ਤੇ ਸਮੂਹ ਪਤਵੰਤਿਆਂ ਦੀ ਹਾਜ਼ਰੀ ' ਚ ਡਾ. ਬੜੀ ਦੇ ਨਾਮ 'ਤੇ ਬਣਾਈ ਉਪਰੋਕਤ ਸੋਸਾਇਟੀ ਦਾ ਲੋਗੋ ਜਾਰੀ ਕੀਤਾ ਗਿਆ। ਇਸ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੇ ਜੀਵਨ  'ਤੇ ਪੰਛੀ ਝਾਤ ਮਾਰੀ ਅਤੇ ਯਾਦਾਂ ਸਾਂਝੀਆਂ ਕੀਤੀਆਂ।ਇਸ ਮੌਕੇ ਡਾ. ਨਿਰਮਲ ਜੌੜਾ  ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇੱਕ ਤਾਂ ਦੱਸਿਆ ਕਿ ਉਹ ਫੋਕੇ ਟੌਹਰ ਟਿੱਕੇ ' ਚ ਬਹੁਤਾ ਵਿਸ਼ਵਾਸ ਨਹੀਂ ਰੱਖਦੇ ਸਨ  ਸਗੋਂ ਸਾਦਗੀ ਉਨ੍ਹਾਂ ਦਾ ਗਹਿਣਾ ਸੀ। ਦੂਸਰਾ ਦੱਸਿਆ ਕਿ ਉਹ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਜਿੱਥੇ ਪੱਲਿਉਂ ਨਕਦ ਸਨਮਾਨ ਦੇ ਕੇ ਨਿਵਾਜਦੇ ਸਨ, ਉਥੇ ਘੂਰਨ ਦੀ ਕਿਰਸ ਨਹੀਂ ਸਨ ਕਰਦੇ ਤੇ ਕਿਸੇ ਦੀ ਈਨ ਨਹੀਂ ਮੰਨਦੇ ਸਨ। ਸਾਬਕਾ ਨਿਰਦੇਸ਼ਕ ਪਮੇਤੀ ਅਤੇ ਡਾ. ਬੜੀ ਦੇ ਨਜ਼ਦੀਕੀ ਸਾਥੀਆਂ ਚੋਂ ਮੋਹਰਲੀ ਕਤਾਰ 'ਚ ਆਉਣ ਵਾਲੇ ਡਾ. ਹਰਜੀਤ ਸਿੰਘ ਧਾਲੀਵਾਲ ਨੇ ਉਹਨਾਂ ਨਾਲ ਸਭ ਤੋਂ ਲੰਮਾ ਸਮਾਂ ਵਿਚਰਨ ਦੀ ਸਰੋਤਿਆਂ ਨਾਲ ਸਾਂਝ ਪਾਉਂਦਿਆਂ ਤਫ਼ਸੀਲ ਚ ਉਨ੍ਹਾਂ ਦੀ ਜੀਵਨੀ ਤੇ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਉਂਦੇ ਦੱਸਿਆ ਕਿ ਉਨ੍ਹਾਂ ਦੇ ਨਾਂ ਨਾਲ ਅਨੇਕਾਂ ਤੱਖ਼ਲਸ ਲਾਏ ਜਾ ਸਕਦੇ ਹਨ ਕਿਉਂਕਿ ਉਹ ਬਹੁਪੱਖੀ ਤੇ ਨਿਵੇਕਲੀ ਸਖਸ਼ੀਅਤ ਸਨ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖਾਸਕਰ ਪੰਜਾਬ ਦੇ ਖੇਡ ਮੇਲਿਆਂ ਦੀ ਜਿੰਦਜਾਨ ਸਨ ਤੇ ਕਬੱਡੀ ਦੀ ਕਮੈਂਟਰੀ 'ਚ ਉਨ੍ਹਾਂ ਦਾ  ਨਾਮ ਅੰਤਰਰਾਸ਼ਟਰੀ ਪੱਧਰ 'ਤੇ  ਜਾਣਿਆ ਜਾਂਦਾ ਸੀ ,ਉਨ੍ਹਾਂ ਦੀ ਜੱਟਕੀ ਤੇ ਪੇਂਡੂ ਸ਼ੈਲੀ ਸਰੋਤਿਆਂ ਨੂੰ ਇਸ ਤਰ੍ਹਾਂ ਮੰਤਰ ਮੁਗਧ ਕਰਦੀ ਸੀ ਕਿ ਪਿੰਡ ਦੀਆਂ ਸੱਥਾਂ ਤੇ ਦਰਵਾਜ਼ਿਆਂ 'ਚ ਉਹਨਾਂ ਦੇ ਬੋਲੇ ਵਾਰਤਾਲਾਪ ਆਮ ਸੁਣੇ ਜਾ  ਸਕਦੇ ਸਨ ਤੇ ਮਾੜੇ ਤੋਂ ਮਾੜੇ ਜਾਫ਼ੀ  ਨੂੰ ਫੂਕ ਛਕਾ ਕੇ ਤੱਕੜੇ ਰੇਡਰ ਨਾਲ ਭਿੜਾ ਦਿੰਦੇ ਸਨ। ਉਨ੍ਹਾਂ ਦੀ ਕਲਾ ਤਾਂ ਸੂਮ ਤੋਂ ਸੂਮ ਬੰਦੇ ਦੀ ਜੇਬ ਚੋਂ ਪੈਸੇ ਕੱਢਵਾ ਲੈਂਦੀ ਸੀ। ਉਨ੍ਹਾਂ ਦੇ ਘੋੜੀ ਨਾ ਚੜ੍ਹਨ ਬਾਰੇ ਵੀ ਹਾਸੇ ਠੱਠੇ ਚ ਸਾਰਿਆਂ ਨੇ ਹਲਕੀ- ਫੁਲਕੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਆਪਣੇ ਪਿੰਡ ਵਾਸੀਆਂ ਤੇ ਯਾਰਾਂ ਬੇਲੀਆਂ ਨੂੰ ਆਪਣੇ ਖਰਚੇ ਤੇ ਧਾਰਮਿਕ ਯਾਤਰਾਵਾਂ ਕਰਵਾਉਂਦੇ ਸਨ ਤੇ ਦਾਨ  ਦੇਣ ਵੀ ਕਦੇ ਸੰਕੋਚ ਨਹੀਂ ਸਨ ਕਰਦੇ। ਸਟੇਜ ਤੋਂ ਟੋਨੀ   ਤੇ ਡਾ. ਧਾਲੀਵਾਲ ਨੇ ਲੋਗੋ ਤੇ ਬੋਰਡ ਬਾਬਤ  ਵਿਪਨ ਸ਼ਰਮਾ ਵੱਲੋਂ ਭੇਟਾ ਰਹਿਤ  ਦਿੱਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਸ਼ਾਮ ਨੂੰ ਸੰਗੀਤਕ ਸੁਰਾਂ ਚ ਰੰਗਣ ਲਈ ਲੋਕ ਗਾਇਕ ਪਾਲੀ ਦੇਤਵਾਲੀਆ ਤੇ ਡਾ. ਵੀਰ ਸੁਖਵੰਤ ਨੇ ਆਪਣੀ ਕਲਾ ਦਾ ਜਾਦੂ ਬਿਖੇਰਿਆ ਤੇ ਡਾ. ਜਸਵੀਰ ਸਿੰਘ ਗਰੇਵਾਲ ਨੇ ਰਚਨਾ "ਯਾਦਾਂ ਦੀਆਂ ਛੱਲਾਂ ਆਉਣ ਸਰੋਤਿਆਂ ਅੱਗੇ ਪੜ੍ਹੀ ।                      
ਇਸ ਮੌਕੇ ਦਿਲਰੂਪ ਕੋਛੜ ਨੇ ਸਮਾਗਮ ਦੀ ਸ਼ੁਰੂਆਤ ਇੱਕ ਕਵਿਤਾ ਨਾਲ ਕੀਤੀ ਤੇ ਸਮੁੱਚੇ ਸਮਾਗਮ ਚ ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਵੀ ਨਿਭਾਈ। ਇਸ ਯਾਦਗਾਰੀ ਸ਼ਾਮ ਵਿਚ  ਸਰਬਜੀਤ ਸਿੰਘ ਕਾਹਲੋੰ, ਡਾ. ਰਣਬੀਰ ਸਿੰਘ ਸੇਖੋਂ, ਡਾ. ਤੇਜਿੰਦਰ ਸਿੰਘ ਰਾਏ, ਸਰਵਣ ਕੁਮਾਰ ਗੂੰਬਲ, ਕਰਨਲ (ਰਿਟਾਇਰਡ)  ਜਸਜੀਤ ਸਿੰਘ ਗਿੱਲ ਅਤੇ ਡਾ. ਦਰਸ਼ਨ ਬੜੀ ਨਾਲ ਜੁੜੀਆਂ ਵੱਖ ਵੱਖ ਉਘੀਆਂ ਸ਼ਖਸੀਅਤਾਂ ਹਾਜਰ ਸਨ ।