You are here

ਗੁਰਮੁੱਖੀ ਦਾ ਵਾਰਸਿ ਗੁਰਵੇਲ ਕੋਹਾਲਵੀ ✍ ਗੁਰਚਰਨ ਸਿੰਘ ਧੰਜੂ

ਗੁਰਮੁੱਖੀ ਦਾ ਵਾਰਸਿ ਗੁਰਵੇਲ ਕੋਹਾਲਵੀ

ਮਾਝੇ ਦੀ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪਰਾਪਤ ਹੈ ਇਸ ਧਰਤੀ ਤੇ ਪਰਾਣੇ ਸਮਿਆਂ ਤੋਂ ਧਾਰਮਿਕ ਗਰੰਥ ਤੇ ਗੁਰਮੁੱਖੀ ਦੇ ਅੱਖਰਾਾਂ ਨੂੰ ਸ਼ਿੰਗਾਰਿਆ ਗਿਆ ਸੀ। ਇਸੇ ਧਰਤੀ ਤੇ ਬਹੁਤ ਹੀ ਸਿਰਮੌਰ ਸਹਿਤ ਕਾਰ ਹੋਏ ਹਨ ਅੱਜ ਕੱਲ ਵੀ ਦੇਖਿਆ ਜਾਏ ਤਾਂ ਏਸੇ ਧਰਤੀ ਤੋਂ ਹੀ ਪੰਜਾਬੀ ਮਾਂ ਬੋਲੀ ਨੂੰ ਪੂਰਨ ਸਮਰਪਿਤ ਗੁਰਵੇਲ ਸਿੰਘ ਕੋਹਾਲਵੀ ਗੁਰਮੁੱਖੀ ਦਾ ਵਾਰਸਿ ਬਣਕੇ ਸਾਹਮਣੇ ਉਭਰ ਕੇ ਆਇਆ ਹੈ। ਜੇ ਗੁਰਮੁੱਖੀ ਦੇ ਵਾਰਿਸ ਗੁਰਵੇਲ ਕੋਹਾਲਵੀ ਦੇ ਕਾਰਜ਼ਾ ਦੀ ਗੱਲ ਕਰੀਏ  ਤਾਂ ਸਾਹਿਤ ਦੇ ਉਤਮ ਦਰਜ਼ੇ ਦੇ ਕੰਮ ਕੀਤੇ ਹਨ ਜੋ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇਹ ਸਾਹਿਤਕ ਕਾਰਜ਼ ਉਹੀ ਕਰ ਸਕਦੇ ਹਨ ਜਿਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਪਿਆਰ ਹੈ ਤੇ ਸਾਹਿਤ ਨਾਲ ਸੱਚਾ ਇਸ਼ਕ ਹੈ। ਜੇ ਇਸ ਸਾਹਿਤਕ ਹੱਸਤੀ ਦੇ ਕਾਰਜਾਂ ਦਾ ਲੇਖਾ ਜੋਖਾ ਕਰੀਏ ਸ਼ਾਇਦ ਪੂਰੀ ਗਿਣਤੀ ਮੈਂ ਨਾਂ ਕਰ ਸਕਾਂ। ਜੇ ਮੋਟੀਆਂ ਸਾਹਿਤਕ ਗਤੀ ਵਿਦੀਆਂ ਦੀ ਗੱਲ ਕਰੀਏ ਤਾਂ ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ ਜੋ ਇੱਕ ਰਜ਼ਿਸਟਰ ਸਭਾ ਹੈ ਅਤੇ ਨਾਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਦੇ ਔਹਦੇ ਤੇ ਸੇਵਾਵਾਂ ਨਿਭਾਉਣਾ ਗੁਰਵੇਲ ਕੋਹਾਲਵੀ ਦੇ ਨਾਂ ਤੇ ਫੇਸਬੁਕ ਪੇਜ਼ ਗੁਰਮੁੱਖੀ ਦਾ ਵਾਰਿਸ ਫੇਸਬੁੱਕ ਗਰੁੱਪ ਵਟਸਐਪ ਗਰੁੱਪ ਨਿਰੰਤਰ ਇਹਨਾਂ ਦੀ ਦੇਖ ਰੇਖ ਹੇਠ ਸਾਹਿਤਕ ਸੇਵਾਵਾਂ ਦੇ ਰਹੇ ਹਨ। ਸਮੇਂ ਸਮੇਂ ਗੁਰਵੇਲ ਕੋਹਾਲਵੀ ਜੀ ਮੰਚ ਤੋਂ ਕਲਮਾਂ ਦਾ ਮਾਣ ਸਨਮਾਨ ਪੱਤਰ ਤੇ ਸਨਮਾਨ ਚਿੰਨਾਂ ਨਾਲ ਬਹੁਤ ਵਾਰੀ ਆਪਣੀ ਸਾਹਿਤਕ ਜੁੰਮੇਵਾਰੀ ਗੁਰਮੁੱਖੀ ਦਾ ਵਾਰਿਸ ਬਣਕੇ ਨਿਭਾ ਚੁੱਕੇ ਹਨ । ਇਸ ਗੁਰਮੁੱਖੀ ਦੇ ਵਾਰਸਿ ਵੱਲੋ ਆਨਲਾਈਨ ਮੈਗਜ਼ੀਨ ਚ ਕਲਮਾਂ ਦੀਆਂ ਚੋਣਵੀਆ ਰਚਨਾਵਾਂ ਛਪਵਾ ਕੇ ਕਲਮਾਂ ਦਾ ਸਿਰ ਉਚਾ ਕੀਤਾ ਹੈ। ਜੋ ਇਹ ਸੇਵਾਂਵਾਂ ਪਿਛਲੇ ਸਮੇਂ ਤੋਂ ਨਿਰੰਤਰ ਚਲ ਰਹੀਆਂ ਹਨ। ਆਨਲਾਈਨ ਕਵੀ ਦਰਬਾਰ ਹਰ ਹਫਤੇ ਚੱਲ ਰਹੇ ਹਨ ਜੋ ਇਹਨਾ ਦੀ ਸਰਪਰੱਸਤੀ ਹੇਠਾਂ ਵਧੀਆਂ ਢੰਗ ਨਾਲ ਚੱਲ ਰਹੇ ਹਨ। ਸਾਹਿਤਕ ਸਭਾਂਵਾਂ ਨਾਲ ਮਿਲਜੁਲ ਕੇ ਰਹਿਣਾ ਤੇ ਕਵੀ ਦਰਬਾਰ ਕਰਵਾਉਣੇ ਬਹੁਤ ਸਲਾਘਾਯੋਘ ਕਦਮ ਹਨ ਜੋ ਸਾਹਿਤਕਾਰਾਂ ਵੱਲੋ ਬਹੁਤ ਸਲਾਹੇ ਗਏ ਹਨ। ਸਮੇਂ ਸਮੇਂ ਗ਼ਜ਼ਲ ਸੰਗ੍ਰਹਿ ਤੇ ਸਾਹਿਤਕ ਕਿਤਾਬਾਂ ਨੂੰ ਲੋਕ ਅਰਪਨ ਕਰਨਾਂ ਇਹਨਾਂ ਦਾ ਮਹਾਨ ਕੰਮ ਹੈ। 
ਸਾਹਿਤਕ ਜਗਤ ਵਿੱਚ ਵੱਖਰੀ ਪਛਾਣ ਬਣਾਉਣ ਵਾਲੀ  ਸ਼ਖ਼ਸ਼ੀਅਤ ਗੁਰਵੇਲ ਗੁਰੂ ਕੋਹਾਲਵੀ  ਇੱਕ ਸੂਫੀ ਸ਼ਾਇਰ ਨਾਂ ਨਾਲ ਵੀ ਜਾਣੇ ਜਾਂਦੇ ਹਨ ਆੳ ਇਸ ਕਲਮ ਦੇ ਸੂਫੀ ਰੰਗ ਦੀ ਗੱਲ ਕਰਦੇ ਆਂ। ਲਿਖਤਾਂ ਵਿਚਲੀ ਬਿਰਹਾ,ਸੂਫੀ ਰੰਗਤ  ਉਸਨੂੰ ਦੂਸਰੇ ਲਿਖਾਰੀਆਂ ਤੋਂ ਵੱਖਰੀ ਪਛਾਣ ਦੇਦੀਂ ਹੈ। ਇਹ ਕਲਮ ਜਦੋ ਲਿਖਦੀ ਹੈ ਤਾਂ ਦਰਦਾਂ, ਗਮਾਂ ਦੇ ਡੂੰਘੇਂ ਸਾਗਰ ਚ ਚਲੇ ਜਾਂਦੀ ਹੈ ਪੜਨ ਵਾਲੇ ਨੂੰ  ਇੰਜ ਮਹਿਸੂਸ ਹੁੰਦਾਂ ਹੈ ਜਿਵੇਂ ਕਲਮ  ਧੁਰ ਅੰਦਰੋਂ ਗਮਾਂ ਦਰਦਾਂ ਪੀੜਾਂ ਚ ਸਮੋਏ ਸ਼ਬਦ ਮੇਰੀ ਦਸਤਾਨ ਬਿਆਨ ਕਰਦੇ ਹੋਵਣ। ਇਹ ਸਤਿਕਾਰ ਯੋਗ ਸ਼ਖ਼ਸੀਅਤ ਉਚੀ ਤੇ ਸੁੱਚੀ ਸੋਚ ਦੇ ਮਾਲਕ ਆਪਣੀਆ ਕਵਿਤਾਵਾਂ ਨੂੰ ਸੂਫੀ ਸੰਤਾਂ ਵਾਲੀ ਰੰਗਤ ਦੇ ਕੇ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਰੰਗਾਂ ਨਾਲ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਸ਼ਬਦਾ ਨੂੰ ਢੁੱਕਵੇ ਥਾਂ ਤੇ ਚਿਣਨ ਤੇ ਚੁਨਣ ਵਿੱਚ ਮੁਹਾਰਤ ਰੱਖਦੇ ਹਨ। ਪੑਤੱਖ ਨੂੰ ਪੑਮਾਣ ਦੀ ਲੋੜ ਨਹੀ ਹੁੰਦੀਂ ਇਹ ਸਭ ਇਹਨਾਂ ਦੇ ਫ਼ੇਸਬੁਕ ਪੇਜ਼ ਤੇ ਗਰੁੱਪਾ ਚ ਪਈਆਂ ਕਵਿਤਾਂਵਾਂ ਗ਼ਜ਼ਲਾ ਚੋਂ ਦੇਖ ਸਕਦੇ ਹੋ। ਇਹ ਮਹਾਨ ਸ਼ਖ਼ਸ਼ੀਅਤ ਜ਼ੋਬਨ ਰੁੱਤ ਵੇਲੇ ਦੋ ਜਵਾਨ ਰੂਹਾਂ ਦਾ ਪਿਆਰ ਨਾਲ ਗੜੁੱਚ ਹੋਈ ਅਵਸਥਾ ਚ ਇਕ ਦਮ ਵਿਛੜ ਜਾਣਾ, ਪੀੜਾਂ ,ਦਰਦ, ਗਮ ,ਹਉਕੇ ਵਸਲ ,ਹਿਜ਼ਰ ਸਹਿੰਦੀਆਂ ਹੋਈਆਂ ਰੂਹਾਂ ਦਾ ਦਰਦ ਬਖੂਬੀ  ਲਿਖਦੇ ਹੋਏ ਦੇਖੇ ਗਏ ਹਨ। ਇਹਨਾਂ ਦੀਆਂ ਲਿਖਤਾਂ ਵਿੱਚੋ ਸੂਫੀ਼ ਸ਼ੈਲੀ ਪਰਤੱਖ ਨਜ਼ਰ ਆਉਦੀਂ ਹੈ। ਆੳ ਇਸ ਕਲਮ ਦੀਆਂ ਲਿਖੀਆਂ ਸੂਫ਼ੀ ਰੰਗਤ ਵਾਲੀਆਂ ਰਚਨਾਂ ਦੀਆਂ ਦੋ ਵੰਨਗੀਆਂ ਤੇ ਝਾਤ ਪਾਉਦੇਂ ਆਂ।

ਰਾਂਝੇ ਦਾ ਸੁਨੇਹੜਾ 
ਜਾਓ ਨੀ ਹਵਾਓ,ਕੋਈ ਹੀਰ ਨੂੰ ਸੁਣਾਓ,
ਸਾਡਾ ਯੋਗ 'ਚ ਨਹੀਂ ਲਗਦਾ ਧਿਆਨ।। 
ਸਾਨੂੰ ਤਾਂ ਚੜੵੀ ਲੋਰ,ਇਸ਼ਕ ਮਿਜਾਜ਼ੀ ਵਾਲੀ, 
ਨੀ ਦੇਵੇ ਗੋਰਖ਼ ਹਕੀਕੀ ਦਾ ਗਿਆਨ।।
     ਜਾਓ ਨੀ ਹਵਾਓ.. 
ਤਨ ਏ ਰਾਖ਼ ਮੇਰੇ,ਯਾਦ ਤੇਰੀ ਸਾਥ ਮੇਰੇ, 
ਕੀ-ਕੀ ਦੱਸਾਂ ਖੋਲ੍ਹ,ਕਿੰਨੇ ਪੁੰਨ-ਪਾਪ ਮੇਰੇ।
ਪਿਛਲੇ ਜਨਮ ਦੇ, ਹੋਣਗੇ ਸਰਾਪ ਮੇਰੇ, 
ਜੋ ਆਕੇ ਬਹਿ ਗਏ ਨੇ,ਬਣ ਮਹਿਮਾਨ।। 
   ਜਾਓ ਨੀ ਹਵਾਓ.....
ਭੁੱਲਦਾ ਨਾ ਬੇਲਾ,ਤੇਰੀ ਮਿੱਠੀ ਚੂਰੀ ਹੀਰੇ, 
ਚੌਧਰੀ ਹਜ਼ਾਰੇ ਦਾ ਮੈਂ,ਕਰਾਂ ਮਜ਼ੂਰੀ ਹੀਰੇ।
ਮੇਰੇ ਇਸ਼ਕ ਵਿੱਚ,ਤੇਰੀ ਜੀ ਹਜ਼ੂਰੀ ਹੀਰੇ, 
ਪਏ ਡਾਹਢਾ ਕਰਦੇ ਨੇ,ਜ਼ਿਹਨ ਪ੍ਰੇਸ਼ਾਨ।। 
    ਜਾਓ ਨੀ ਹਵਾਓ...
ਖੇੜੇ ਨਾਂ ਸੰਯੋਗ ਤੇਰਾ,ਮੇਰੇ ਨਾਂ ਵਿਯੋਗ ਤੇਰਾ,
ਤੇਰੇ ਨਾਲ ਖੁਸ਼ੀ ਖੇੜਾ,ਮੇਰੇ ਨਾਲ ਸੋਗ ਮੇਰਾ।
ਮੇਰੀ ਮੌਤ ਨਾ ਮੁੱਕੂ,ਹਿਜ਼ਰ ਦਾ ਰੋਗ ਮੇਰਾ,
ਹੀਰੇ ਮੈਂ ਜਿੰਦ ਕਰਨੀ ਤੇਰੇ ਤੋਂ ਕੁਰਬਾਨ।। 
            ਜਾਓ ਨੀ ਹਵਾਓ.... 
ਜਾਂ ਤਾਂ ਮਿਲਾਵੋਂ ਸਾਨੂੰ ਹੀਰ, ਜਤੀ ਜੀ? 
ਨਹੀਂ ਤਾਂ ਕੱਢ ਲਓ, ਜੋਗੀ ਦੀ ਜਾਨ।। 
ਦਾਗ਼ ਲੱਗ ਜਾਣਾ ਤੇਰੇ ਯੋਗ ਵੇ ਗੋਰਖਾ, 
ਜੇ ਮੈਂ ਦੇ ਤੇ "ਗੁਰੂ" ਨੂੰ ਜਾ ਕੇ ਬਿਆਨ।।
     ਜਾਓ ਨੀ ਹਵਾਓ...
 ਗੁਰਵੇਲ ਗੁਰੂ ਕੋਹਾਲ਼ਵੀ

ਕਵੀਂ ਨੇ ਇਸ ਰਚਨਾਂ ਚ ਇਸ਼ਕ ਹਕੀਕੀ ਤੇ ਇਸ਼ਕ ਮਜ਼ਾਜੀ ਦੀ ਸੋਹਣੀ ਗੱਲ ਲਿਖੀ ਜਿਸ ਵਿੱਚ ਪਿਆਰ ਕਰਨ ਵਾਲੀ ਰੂਹ ਆਪਣੇ ਪਿਆਰੇ ਦੀ ਰੂਹ ਵਿੱਚ ਘੁਲ ਮਿਲਣ ਲਈ ਬਿਰਹਾਂ ਪੀੜਾਂ ਦਾ ਸੰਤਾਂਪ ਚਲਦੀ ਹੈ।

ਜ਼ਿਆਰਤ(ਤੀਰਥ)
ਅਸਾਂ ਯਾਰ ਨੂੰ ਮੰਨਿਆ ਰੱਬ ਹਰਦਮ,
ਝੁਕ ਝੁਕ ਕੇ ਇਬਾਦਤ ਕਰਦੇ ਰਹੇ।
ਨਾ ਕਾਬੇ ਗਏ ਅਤੇ ਨਾ ਮੱਕੇ ਗਏ,
ਰਾਂਝਣ ਦੀ ਜ਼ਿਆਰਤ ਕਰਦੇ ਰਹੇ।

ਬੰਨ ਘੁੰਗਰੂ ਨੱਚੇ ਦਰ ਮਾਹੀ ਦੇ,
ਬਣ ਕੰਜਰੀ ਮੁਜਰਾ ਕਰਦੇ ਰਹੇ।
ਸਾਡਾ ਯਾਰ ਨਾ ਕਿਧਰੇ ਰੁੱਸ ਜਾਵੇ,
ਕਦਮਾਂ ਤੇ ਸਿਰ ਵੀ ਧਰਦੇ ਰਹੇ। 

ਸਾਡੇ ਸਬਰ ਸਿਦਕ ਨੂੰ ਨਾਪਣ ਲਈ, 
ਉਹ ਨਿੱਤ ਨਵੇਂ ਪੈਮਾਨੇ ਘੜਦੇ ਰਹੇ।
ਅਸੀਂ ਕਾਂਸੇ ਭਰ- ਭਰ ਪੀਂਦੇ ਰਹੇ, 
ਤੇ ਉਹ ਹਿਜਰ ਪਿਆਲੇ ਭਰਦੇ ਰਹੇ। 

ਅਸੀਂ ਸਿਰ ਝੁਕਾ ਕੇ ਮੰਨਦੇ ਗਏ, 
ਉਹ ਦੋਸ਼ ਸਾਡੇ ਸਿਰ ਮੜਦੇ ਰਹੇ। 
ਉਹ ਹਰ ਬਾਜ਼ੀ ਸਾਥੋਂ ਜਿੱਤਦੇ ਗਏ, 
ਅਸੀਂ ਜਾਣ ਬੁੱਝ ਕੇ ਵੀ ਹਰਦੇ ਰਹੇ।

ਉਹ ਗੈਰਾਂ ਸੰਗ ਪੀਘਾਂ ਝੂਟਦੇ ਰਹੇ,
ਅਸੀਂ ਦਿਲ ਪੱਥਰ ਕਰ ਜਰਦੇ ਰਹੇ। 
ਸਾਨੂੰ ਗੈਰਾਂ ਦੇ ਪੱਥਰਾਂ ਮਾਰਿਆ ਨਾ, 
ਉਹਦੇ ਫੁੱਲ ਮਾਰਿਆ ਵੀ ਮਰਦੇ ਰਹੇ।

ਅਸੀਂ ਚੰਨ ਪੁੰਨਿਆਂ ਦਾ ਤੱਕਣ ਲਈ, 
ਫੜ ਛਾਨਣੀ ਛੱਤ ਤੇ ਖੜਦੇ ਰਹੇ।
"ਗੁਰੂ" ਚੰਨ ਕਿਥੇ ਸਾਡਾ ਹੋਣਾ ਸੀ, 
ਐਵੇਂ ਉਛਲ ਉਛਲ ਕੇ ਫੜਦੇ ਰਹੇ।

ਉਹਦੇ ਮੂੰਹੋ ਨਿਕਲੇ ਹਰਫ਼ਾਂ ਨੂੰ ਵੀ, 
ਅਸੀਂ ਵਾਂਗ ਆਇਤਾਂ ਦੇ ਪੜਦੇ ਰਹੇ।
ਅਸੀਂ ਰੱਬ ਵੱਲੋਂ ਕਾਫ਼ਿਰ ਹੋ ਗਏ, 
ਕਿਓ ਜੋ ਬੁੱਤ ਪ੍ਰਸਤੀ ਜੂ ਕਰਦੇ ਰਹੇ।

ਨਾ ਹੀਰ ਮਿਲੀ ਨਾ ਰੱਬ ਮਿਲਿਆ, 
ਨਾ ਘਾਟ ਦੇ ਰਹੇ ਤੇ ਨਾ ਘਰ ਦੇ ਰਹੇ।
ਸਾਡਾ ਯਾਰ ਵੀ ਸਾਥੋਂ ਰੁੱਸ ਗਿਆ,
ਤੇ ਅਸੀਂ ਨਾ ਮੌਲਾ ਦੇ ਦਰ ਦੇ ਰਹੇ।

ਰੂਹ ਵਾਂਗ ਪਪੀਹੇ ਵਿਲਕ ਉਠੀ, 
ਅਸੀਂ ਦਰਸ ਪਿਆਸੇ ਮਰਦੇ ਰਹੇ।
ਉਹ ਜਦ ਆਏ ਸਾਡੀ ਮਈਅਤ ਤੇ, 
"ਗੁਰੂ" ਤਾਂ ਵੀ ਕਰਦੇ ਪਰਦੇ ਰਹੇ।
ਗੁਰਵੇਲ ਕੋਹਾਲਵੀ 

ਲੇਖਕ ਨੇਂ ਇਸ ਕਵਿਤਾ ਚ ਪਿਆਰ ਪਾਉਣ ਲਈ ਕਿੰਨੇ ਔਖੇ ਬੁਲੇਸ਼ਾਹ ਵਾਂਗੂੰ ਯਾਰ ਮਨਾਉਣ ਲਈ ਪਾ ਪੈਰੀ ਝਾਂਜ਼ਰ ਨੱਚਣ ਦੀ ਗੱਲ ਕੀਤੀ ਹੈ।

ਵਾਰਿਸ ਮਾਂ ਪੰਜਾਬੀ ਦੇ
ਅਸੀਂ ਵਾਰਿਸ ਮਾਂ ਪੰਜਾਬੀ ਦੇ, 
ਇੱਕ ਚੰਨ ਵਰਗੀ ਸਹਿਜ਼ਾਦੀ ਦੇ। 
ਅਸੀਂ ਮਹਿਕ ਫ਼ੈਲਾਉਣੀ ਪਿਆਰਾਂ ਦੀ, 
ਦੁਨੀਆਂ ਦੀ ਕੁੱਲ ਆਬਾਦੀ ਤੇ।

ਉਦਾਂ ਤਾਂ ਚੰਗੀ ਏ ਹਰ ਭਾਸ਼ਾ,
ਪਰ ਉੱਤਮ ਭਾਸ਼ਾ ਪਿਆਰ ਦੀ ਏ। 
ਜਿੱਦਾਂ ਮਿੱਠੀ ਬੋਲੀ ਕੋਇਲ ਦੀ, 
ਤਪਦੇ ਹੋਏ ਸੀਨੇ ਠਾਰਦੀ ਏ।
ਕਾਂ ਤੇ ਕੋਇਲ ਨੇ ਇੱਕੋ ਜਿਹੇ,
ਪਰ ਗੱਲ ਯਾਰਾ ਕਿਰਦਾਰ ਦੀ ਏ।
ਇੱਕ ਰਾਜਾ ਕਾਵਾਂਰੌਲੀ ਦਾ, 
ਇੱਕ ਰਾਣੀ ਰਾਗ ਮਲਹਾਰ ਦੀ ਏ।
ਦੋ ਕੌੜੇ ਬੋਲ ਜ਼ੁਬਾਨਾਂ ਦੇ, 
ਮੁੱਢ ਬੰਨ ਦੇਂਦੇ ਬਰਬਾਦੀ ਦੇ।
     ਅਸੀਂ ਵਾਰਿਸ ਮਾਂ•••••• 
ਇਹ ਬੋਲੀ ਪੀਰਾ ਫਕੀਰਾਂ ਦੀ, 
ਬੁੱਲੇ,ਹਾਸ਼ਿਮ,ਵਾਰਿਸ ਤੇ ਮੀਰਾਂ ਦੀ। 
ਸੂਫ਼ੀਆਂ ਦੀ ਸੰਤਾਂ ਤੇ ਨਾਥਾਂ ਦੀ, 
ਸੋਹਣੀ,ਸਾਹਿਬਾਂ,ਸੱਸੀ ਅਤੇ ਹੀਰਾਂ ਦੀ।
ਬੋਲੀ ਲਹਿੰਦੇ ਤੇ ਚੜਦੇ ਦੀ, 
ਪੰਜ ਆਬਾਂ ਦੀ ਪੰਜ ਨੀਰਾਂ ਦੀ।
ਇਹ ਬੋਲੀ ਹੈ ਬੋਲੀ ਰੂਹਾਂ ਦੀ, 
ਇਹ ਬੋਲੀ ਨਹੀਂ ਸਰੀਰਾਂ ਦੀ।
ਮਾਂ ਬੋਲੀ ,ਮਾਂ ਦੇ ਮੂੰਹੋ ਬੋਲੀ, 
ਗੱਲ ਕਰਦੇ ਨਹੀ,ਲਿਖਤ ਕਿਤਾਬੀ ਦੇ।। 
    ਅਸੀਂ ਵਾਰਿਸ ਮਾਂ ••••
ਪਹਿਲਾਂ ਵਾਰ ਕਿਸੇ ਤੇ ਨਹੀਂ ਕਰਦੇ, 
ਪਰ ਇੱਜਤਾਂ ਤੇ ਹਮਲੇ ਨਹੀਂ ਜਰਦੇ।
ਸਾਨੂੰ ਮਾਰ ਗਏ ਨੇ ਭੇਤੀ ਘਰਦੇ, 
ਦੁਸ਼ਮਣ ਦੇ ਮਾਰਿਆਂ ਨਹੀ ਮਰਦੇ।
ਘਰ ਜਾ ਕੇ ਮਾਰ ਦੇਈਏ ਦੁਸ਼ਮਣ,
ਲਲਕਾਰ ਕੇ ਲੰਡਨ ਜਾ ਵੜਦੇ।
ਕਰ ਡੋਰੇ ਨੈਣ ਗੁਲਾਬੀ ਜਿਹੇ। 
    ਅਸੀਂ ਵਾਰਿਸ ਮਾਂ•••••
ਉਜ ਹਰ ਭਾਸ਼ਾ ਦਾ ਸਤਿਕਾਰ ਕਰੋ,
ਪਰ ਮਾਂ ਬੋਲੀ ਨੂੰ ਰਜਵਾ ਪਿਆਰ ਦਿਓ। 
ਥੋੜਾ ਚੜਿਆਂ ਕਰਜ ਉਤਾਰ ਦਿਓ।।
ਫਿਰ ਮਾਸੀਆਂ ਦੀ ਜੁਲਫ਼ ਵੀ ਸਵਾਰ ਦਿਓ।
ਸਿੱਖੋ ਦੁਨੀਆਂ ਦੀ ਹਰ ਦੀ ਹਰ ਭਾਸ਼ਾ, 
ਤੁਸੀ ਜਾਏ ਮਾਤਾ ਮਾਂਝੀ ਦੇ।
ਭਾਵੇਂ ਤੈਰੋ ਹਰ ਭਾਸ਼ਾ ਦੇ ਸਰ ਵਿੱਚ, 
ਪਰ ਰੱਖਿਓ ਪੰਖ ਮੁਰਗਾਬੀ ਦੇ।
  ਅਸੀਂ ਵਾਰਿਸ ਮਾਂ ।

ਇਸ ਕਲਮ ਵੱਲੋ ਗੁਰਮੁੱਖੀ ਦੇ ਵਾਰਸ ਬਣ ਪੰਜ਼ਾਬੀ ਮਾਂ ਬੋਲੀ ਦੀ ਸੇਵਾ ਕਰਦਿਆ ਖੂਸੂਰਤ ਸ਼ਬਦ ਕਵਿਤਾ ਚ ਪਰੋਏ ਗਏ ਹਨ।
ਗੁਰੂ ਕੋਹਾਲਵੀ ਜੀ ਦੀ ਕਲਮ ਨੇਂ
ਸਮੇਂ ਦੇ ਚਲ ਰਹੇ ਵਰਤਾਰੇ ਦੀ ਹਿੱਕ ਤੇ ਸਵਾਰ ਹੋ ਕੇ ਕਿਸਾਨੀ ਸੰਘਰਸ ਸਮਾਜਿਕ ਮੁੱਦਿਆ ਦੇਸ਼ ਭਗਤੀ ਨੂੰ ਆਪਣੀਆ ਕਵਿਤਾਵਾਂ ਗਜ਼ਲਾ ਲੇਖਾ ਚ ਲਿਖ ਕੇ ਕਲਮ ਦੀ ਚੋਟ ਨਾਲ ਸੱਚ ਲਿਖਣ ਚ ਮੁਹਾਰਤ ਰੱਖਦੇ ਹਨ। ਲਿਖਣਾ ਤੇ ਬੋਲਣਾ ਭਾਵੇਂ ਸਾਰੇ ਜਾਣਦੇ ਹਨ ਪਰ ਕਦੋ ਕੀ ਲਿਖਣਾ ਤੇ ਬੋਲਣਾ ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ ਇਹ ਗੁਣ ਵੀ ਇਸ ਸ਼ਖ਼ਸੀਅਤ ਵਿੱਚ ਦੇਖਿਆ ਗਿਆ ਹੈ। 
            ਕੋਹਾਲ਼ਵੀ ਸਾਹਿਬ ਆਪਣੀਆਂ ਰਚਨਾਵਾਂ ਨੂੰ ਲੈਅਬੱਧ ਕਰਨ ਤੇ ਤਰੰਨਮ ਵਿੱਚ ਗਾਉਣ ਦਾ ਨਿਵੇਕਲਾ ਸ਼ੌਕ ਰੱਖਦੇ ਹਨ।ਗੁਰੂ ਕੀ ਨਗਰੀ ਅੰਮਿ੍ਤਸਰ ਸਾਹਿਬ ਦੀ ਧਰਤੀ ਦੇ ਪਿੰਡ ਕੋਹਾਲੀ ਵਿੱਚ ਜਨਮੇ ਇਸ ਗੱਭਰੂ ਨੇ ਐਮ.ਏ ,ਬੀ.ਐਡ ਦੀ ਪੜਾਈ ਕਰਕੇ ਸਿਖਿਆ ਵਿਭਾਗ ਵਿੱਚ ਹੈਡਮਾਸਟਰ ਦੇ ਅਹੁਦੇ ਤੇ ਆਪਣੀਆਂ ਸੇਵਾਂਵਾ ਦੇ ਰਹੇ ਅਤੇ ਇਸ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ (ਰਜਿ) ਪੰਜਾਬ ਦੇ  ਚੇਅਰਮੈਨ ਅਤੇ ਸੰਸਥਾਪਕ ਦੇ ਅਹੁਦੇ ਤੇ ਬਿਰਾਜਮਾਨ ਗੁਰਵੇਲ ਕੋਹਾਲ਼ਵੀ ਹਫ਼ਤਾ ਵਾਰੀ ਆਨਲਾਈਨ ਮੈਗਜ਼ੀਨ ਗੁਰਮੁਖੀ ਦੇ ਵਾਰਿਸ ਦੇ ਮੁੱਖ ਸੰਪਾਦਕ ਹਨ। ਇਹਨਾਂ ਦੀਆਂ ਰਚਨਾਵਾਂ ਅੱਠ ਸਾਝੇ ਕਾਵਿ ਸੰਗੑਹਿਆਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ।ਇਨਾਂ ਦੀ ਆਪਣੀ ਸੰਪਾਦਨਾ ਵਿੱਚ ਪੁਸਤਕ "ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ " ਪਾਠਕਾਂ ਤੱਕ ਪਹੁੰਚ ਚੁੱਕੀ ਹੈ। ਦੂਸਰੀ ਅਸੀ ਵਾਰਿਸ ਮਾਂ ਪੰਜ਼ਾਬੀ ਦੇ ਛਪ ਚੁੱਕੀ ਹੈ। ਇਹਨਾ ਦੀਆ ਕਵਿਤਾਵਾਂ ਗਜ਼ਲਾ ਹਰ ਹਫ਼ਤੇ ਵੱਖ ਵੱਖ ਮੈਗਜ਼ੀਨਾਂ ਅਖਬਾਰਾਂ ਵਿੱਚ ਛਪਦੀਆਂ ਦੇਖੀਆ ਗਈਆ ਹਨ। ਗੁਰਮੁੱਖੀ ਦੇ ਵਾਰਿਸ ਨਾਮ ਦਾ ਫ਼ੇਸਬੁਕ ਗਰੁੱਪ ਵੀ ਇਨ੍ਹਾਂ ਦੀ ਦੇਖਰੇਖ ਵਿੱਚ ਚੱਲ ਰਿਹਾ ਹੈ।ਇਨਾਂ ਦੀ ਸੰਸਥਾ ਵੱਲੋਂ ਹਰ ਹਫ਼ਤੇ ਐਤਵਾਰ ਆਨਲਾਈਨ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵੀ ਸ਼ਾਮਲ ਹੁੰਦੇ ਹਨ।ਬਹੁਤ ਜਲਦੀ ਇਨ੍ਹਾਂ ਦੀ ਆਪਣੀ ਪੁਸਤਕ ਛਪ ਰਹੀ ਹੈ। 
          ਕੋਹਾਲਵੀ ਸਾਹਿਬ ਮੌਡਲਿੰਗ ਤੇ ਐਕਟਿੰਗ ਦਾ ਵੀ ਸ਼ੌਕ ਰੱਖਦੇ ਹਨ, ਉਹ ਕਈ ਸ਼ਾਰਟ ਮੂਵੀ ਤੇ ਸਟੇਜ ਨਾਟਕਾਂ ਵਿੱਚ ਕੰਮ ਕਰ ਚੁੱਕੇ ਹਨ । ਕੋਹਾਲ਼ਵੀ ਸਾਹਿਬ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਮੈਂ ਇਨ੍ਹਾਂ ਦੀ ਕਲਮ ਦੀਆਂ ਬੁਲੰਦੀਆਂ ਦੀ ਅਰਦਾਸ ਕਰਦਾਂ ਹਾਂ। 
      ਗੁਰਚਰਨ ਸਿੰਘ ਧੰਜੂ।
                   ਪਟਿਆਲਾ।