ਲੁਧਿਆਣਾ ਪੱਛਮੀ ਹਲਕੇ ਵਿੱਚ ਬਣਨਗੀਆਂ ਚਾਰ ਲਈਅਰ ਵੈਲੀਆਂ-ਭਾਰਤ ਭੂਸ਼ਣ ਆਸ਼ੂ

 

ਦੋ ਲਈਅਰ ਵੈਲੀਆਂ ਦਾ ਕੰਮ ਹੋ ਚੁੱਕੈ ਸ਼ੁਰੂ, ਕੈਬਨਿਟ ਮੰਤਰੀ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ
ਲੁਧਿਆਣਾ, ਸਤੰਬਰ 2019- ( ਮਨਜਿੰਦਰ ਗਿੱਲ  )-ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸ਼ੁਰੂ ਕੀਤੇ ਕਾਰਜਾਂ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਚਾਰਾਂ ਵਿੱਚੋਂ ਦੋ ਵੈਲੀਆਂ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਦਕਿ ਦੋ ਵੈਲੀਆਂ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ। ਇਹ ਚਾਰ ਵੈਲੀਆਂ ਡੀ. ਏ. ਵੀ. ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਭਾਈ ਰਣਧੀਰ ਸਿੰਘ ਨਗਰ ਵਿਖੇ, ਹੈਬੋਵਾਲ ਵਿਖੇ, ਲੋਧੀ ਕਲੱਬ ਨਜ਼ਦੀਕ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਪੈਂਦੇ ਬਲਾਕ-ਡੀ ਅਤੇ ਈ ਦੇ ਪਿੱਛੇ ਤਿਆਰ ਕੀਤੀਆਂ ਜਾ ਰਹੀਆਂ ਹਨ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਦੇ ਨਾਲ ਲੋਧੀ ਕਲੱਬ ਨਜ਼ਦੀਕ ਅਤੇ ਡੀ. ਏ. ਵੀ. ਸਕੂਲ ਵਾਲੀਆਂ ਸਾਈਟਾਂ ਦਾ ਦੌਰਾ ਕਰਦਿਆਂ ਆਸ਼ੂ ਨੇ ਕਿਹਾ ਕਿ ਇਹ ਵੈਲੀਆਂ ਸ਼ਹਿਰ ਵਾਸੀਆਂ ਦੇ ਲਈ ਸਾਹ ਰਗ ਦਾ ਕੰਮ ਕਰਨਗੀਆਂ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗਾਂ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ। ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ। ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਵਾਸੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਇਸੇ ਕਰਕੇ ਸ਼ਹਿਰ ਵਿੱਚ ਕਈ ਸੁੰਦਰੀਕਰਨ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਉਨਾਂ ਦੱਸਿਆ ਕਿ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦਾ ਕੰਮ ਵੀ ਐਤਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੰਬੰਧੀ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਤੱਕ ਵਿਕਸਤ ਕੀਤਾ ਜਾ ਰਿਹਾ ਹੈ। ਇਹ ਖੇਤਰ ਸ਼ਹਿਰਵਾਸੀਆਂ ਲਈ ਇੱਕ ਖੁੱਲਾ ਜਨਤਕ ਖੇਤਰ ਹੋਵੇਗਾ। ਇਸ ਪ੍ਰੋਜੈਕਟ 'ਤੇ 4.75 ਕਰੋੜ ਰੁਪਏ ਲਾਗਤ ਆਵੇਗੀ। ਇਸ ਪ੍ਰੋਜੈਕਟ ਦੀ ਲੰਬਾਈ 1100 ਮੀਟਰ ਅਤੇ ਚੌੜਾਈ 20-22 ਮੀਟਰ ਹੋਵੇਗੀ। ਇਸ ਪ੍ਰੋਜੈਕਟ ਵਿੱਚ ਵੀ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਪਲੇਇੰਗ ਜ਼ੋਨ, ਫੁੱਟਪਾਥ, ਬੈਠਣ ਲਈ ਖੇਤਰ, ਵਾਲ ਕਲਿੰਬਿੰਗ ਅਤੇ ਹੋਰ ਗਤੀਵਿਧੀਆਂ ਸ਼ਾਮਿਲ ਹੋਣਗੀਆਂ।