ਖੋਲ੍ਹ ਕੇ ਰੱਖੀੰ ਅੱਖ ਸੱਜਣਾ! ✍️. ਸਲੇਮਪੁਰੀ ਦੀ ਚੂੰਢੀ

ਖੋਲ੍ਹ ਕੇ ਰੱਖੀੰ ਅੱਖ ਸੱਜਣਾ!
-ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ!
ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ!
ਝੱਖੜ ਚੱਲੂ, ਬਿਜਲੀ ਗਰਜੂ, ਬਰਫਾਂ ਦੇ ਤੁਫਾਨ ਆਉਣਗੇ! 
ਟਿੱਬੇ ਆਉਣਗੇ, ਟੋਏ ਆਉਣਗੇ, ਪਰਬਤ ਤੇ ਮੈਦਾਨ ਆਉਣਗੇ!  
ਸਾਧ ਆਉਣਗੇ,ਚੋਰ ਆਉਣਗੇ,ਕਈ ਚੰਗੇ ਇਨਸਾਨ ਆਉਣਗੇ! 
ਤਰ੍ਹਾਂ ਤਰ੍ਹਾਂ ਦੇ ਭੇਸ ਵਟਾ ਕੇ, ਵੇਖੀਂ ਕਈ ਭਗਵਾਨ ਆਉਣਗੇ! 
ਕਈਆਂ ਦਰਦ ਘਟਾਉਣਾ ਤੇਰਾ , ਕਈ ਤਾਂ ਦਰਦ ਵਧਾਣ ਆਉਣਗੇ! 
ਕਈ ਮੰਗਣਗੇ ਖ਼ੈਰ ਤੁਸਾਂ ਦੀ, ਕਈ ਤਾਂ ਲੈ ਕਿਰਪਾਨ ਆਉਣਗੇ! 
ਸ਼ੇਰਾਂ ਵਰਗਾ ਜਿਗਰਾ ਰੱਖੀੰ, ਖਤਰੇ ਦੇ ਨਿਸ਼ਾਨ ਆਉਣਗੇ!
ਜ਼ਿੰਦਗੀ ਐਨੀ ਸਰਲ ਨਹੀਂ ਹੁੰਦੀ, ਕਈ ਤੈਨੂੰ ਸਮਝਾਣ ਆਉਣਗੇ! 
ਸੋਕਿਆਂ ਦੇ ਸੰਗ ਹੜ੍ਹ ਨੇ ਆਉਣਾ , ਕਰਨ ਤੈਨੂੰ ਪ੍ਰੇਸ਼ਾਨ ਆਉਣਗੇ! 
ਪੱਤਝੜ ਪਿਛੋਂ ਬਸੰਤ ਨੇ ਆਉਣਾ, ਦਿਲ ਵਿਚ ਕਈ ਅਰਮਾਨ ਆਉਣਗੇ! 
ਰੋਜ ਬਦਲਦੇ ਰਹਿਣਗੇ ਮੌਸਮ, ਤੈਨੂੰ ਕਰਨ ਹੈਰਾਨ ਆਉਣਗੇ! 
ਰਾਹਾਂ ਦੇ ਵਿਚ ਕੰਡੇ ਆਉਣਗੇ , ਜਿੰਦ ਤੇਰੀ ਮੁਸਕਾਨ ਆਉਣਗੇ! 
ਭੀੜਾਂ ਵਿਚ ਗੁਆਚ ਨਾ ਜਾਵੀਂ, ਹੋਂਦ ਬਣਾਈ ਵੱਖ ਸੱਜਣਾ! 
ਘੋਰ ਹਨੇਰਿਆਂ ਮਰ ਮੁੱਕ ਜਾਣਾ, ਦੀਪ ਜਗਾ ਕੇ ਰੱਖ ਸੱਜਣਾ! 
ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ! 
ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ! 
-ਸੁਖਦੇਵ ਸਲੇਮਪੁਰੀ 
ਪਿੰਡ - ਸਲੇਮਪੁਰ 
ਡਾਕਘਰ - ਨੂਰਪੁਰ ਬੇਟ 
ਜਿਲ੍ਹਾ - ਲੁਧਿਆਣਾ 
ਮੋਬਾਈਲ ਨੰਬਰ - 9780620233