ਤਖ਼ਤ ਹਜ਼ੂਰ ਸਾਹਿਬ ਦਾ 61 ਕਰੋੜ ਦਾ ਕਰਜ਼ਾ ਮੁਆਫ਼

ਨਵੀਂ ਦਿੱਲੀ,  ਸਤੰਬਰ 2019-
ਸਿੱਖ ਸੰਗਤ ਦੀ ਬੇਨਤੀ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਤਖ਼ਤ ਹਜ਼ੂਰ ਸਾਹਿਬ ਨੂੰ 2008 ਵਿੱਚ ਦਿੱਤੇ ਗਏ 61 ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰ ਦਿੱਤਾ ਹੈ। ਇਸ ਰਕਮ ਨੂੰ ਸੂਬਾ ਸਰਕਾਰ ਨੇ ਕਰਜ਼ਾ ਮੰਨ ਲਿਆ ਸੀ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਤੇ ਨਾਂਦੇੜ ਦੇ ਸੰਸਦ ਮੈਂਬਰ ਪ੍ਰਤਾਪ ਰਾਓ ਪਾਟਿਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਵਨਵੀਸ ਨੂੰ ਕਰਜ਼ਾ ਮੁਆਫ਼ ਕਰਨ ਬਾਰੇ ਬੇਨਤੀ ਕੀਤੀ ਸੀ। ਦੱਸਣਸੋਗ ਹੈ ਕਿ 2008 ਵਿੱਚ ਮਨਾਏ ਗਏ 300 ਸਾਲਾ ਗੁਰਗੱਦੀ ਦਿਵਸ ਮੌਕੇ ਡਾ. ਪੀ.ਐੱਸ. ਪਸਰੀਚਾ (ਰਿਟਾ. ਡੀਜੀਪੀ) ਚੇਅਰਮੈਨ ਗੁਰਦੁਆਰਾ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਨੂੰ 61 ਕਰੋੜ ਰੁਪਏ ਵਿਕਾਸ ਲਈ ਦਿੱਤੇ ਗਏ ਸਨ, ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਕਰਜ਼ੇ ਦੇ ਰੂਪ ਵਿਚ ਦਿਖਾਇਆ। ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਵਲੋਂ ਕਈ ਸਾਲਾਂ ਤੋਂ ਸਰਕਾਰ ਨਾਲ ਪੱਤਰ-ਵਿਹਾਰ ਕੀਤੇ ਗਏ ਪ੍ਰੰਤੂ ਸਰਕਾਰ ਨੇ ਇਸ ਕਰਜ਼ੇ ਨੂੰ ਮੁਆਫ਼ ਨਹੀਂ ਕੀਤਾ ਸੀ। ਕੁਝ ਸਮਾਂ ਪਹਿਲਾਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਇਸ ਕਰਜ਼ੇ ਨੂੰ ਮੁਆਫ਼ ਕਰਨ ਦਾ ਭਰੋਸਾ ਦਿੱਤਾ ਸੀ। ਦੱਸਣਯੋਗ ਹੈ ਕਿ ਇਹ ਰਾਸ਼ੀ ਤਖ਼ਤ ਸਾਹਿਬ ਦੇ ਵਿਕਾਸ ’ਤੇ ਨਹੀਂ ਲਗਾਈ ਗਈ ਬਲਕਿ ਸਾਰੀ ਰਾਸ਼ੀ ਤਖ਼ਤ ਸਾਹਿਬ ਦੇ ਬਾਹਰ ਵਿਕਾਸ ਉੱਪਰ ਲਗਾਈ ਗਈ। ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਆਪਣੇ ਵਲੋਂ ਦਿੱਤੇ ਭਰੋਸਾ ਨੂੰ ਪੂਰਾ ਕਰ ਦਿੱਤਾ ਹੈ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ, ਸਮੂਹ ਪੰਜ ਪਿਆਰੇ, ਬੋਰਡ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸਮੂਹ ਮੈਂਬਰਾਂ ਦੇ ਨਾਲ ਸੰਗਤ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ।