ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁ: ਮੰਜੀ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਿਲਕ ਜੰਝੂ ਦੇ ਰਾਖੇ,ਨੌਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ਹੀਦੀ ਦਿਹਾੜਾ ਹਰ ਸਾਲ੍ਹ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ ਅਤੇ 10ਵੀਂ) ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮਾਂ ਚ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਧਾਰਮਿਕ,ਰਾਜਸੀ ਅਤੇ ਸਮਾਜਿਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਅੱਜ ਸਭ ਤੋਂ ਪਹਿਲਾਂ ਗੁ:ਮੰਜੀ ਸਾਹਿਬ ਵਿਖੇ ਛੇ ਆਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਬੁੰਗਾ ਮਸਤੂਆਣਾ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ,ਭਾਈ ਮਲਕੀਤ ਸਿੰਘ ਅਤੇ ਗੁ: ਮੰਜੀ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਤਖਤ ਸ੍ਰੀ ਦਮਦਮਾ ਸਾਹਿਬ ਤੋਂ ਭਾਈ ਆਲਮ ਸਿੰਘ ਨੇ ਕਥਾ ਵੀਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਅਤੇ ਸਿੱਖਾਂ ਚ ਗੁਰਬਾਣੀ ਦੀ ਮਹੱਤਤਾ ਤੇ ਚਾਨਣਾ ਪਾਇਆ।ਅਰਦਾਸ ਗੁ: ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨ ਸਿੰਘ ਨੇ ਕੀਤੀ ਉਪਰੰਤ ਗੁ: ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਦੌਰਾਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸਮੁੱਚੇ ਜੀਵਨ ਅਤੇ ਉਨਾਂ ਵੱਲੋਂ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਸੀਸ ਦੇਣ ਦੇ ਵਿਰਤਾਂਤ ਬਾਰੇ ਰੌਸ਼ਨੀ ਪਾਈ। ਸਮਾਗਮ 'ਚ ਵਿਸ਼ੇਸ ਤੌਰ 'ਤੇ ਹਾਜ਼ਿਰ ਸੰਪਰਦਾਇ ਮਸਤੂਆਣਾ ਮੁਖੀ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਆਪਣੇ ਆਪ 'ਚ ਮਿਸਾਲ ਹੈ ਕਿਉਂਕਿ ਉਨਾਂ ਨੇ ਕਸ਼ਮੀਰੀ ਪੰਡਿਤਾਂ ਨੂੰ ਵੀ ਆਪਣੇ ਸਮਝਿਆ ਅਤੇ ਉਨਾਂ ਲਈ ਆਪਣਾ ਸੀਸ ਤੱਕ ਕੁਰਬਾਨ ਕਰ ਦਿੱਤਾ। ਉਨਾਂ ਦੇ ਸਮਾਗਮ ਚ ਸਹਿਯੋਗ ਲਈ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਸਮਾਗਮ ਮੌਕੇ ਗੁਰੂ ਤੇਗ ਬਹਾਦੁਰ ਸਰੋਵਰ ਸੇਵਕ ਜਥੇ ਵੱਲੋਂ ਲੰਗਰ ਲਗਾਇਆ ਗਿਆ। ਉੱਧਰ ਸਮਾਗਮ ਵਿੱਚ ਬੁੰਗਾ ਮਸਤੂਆਣਾ ਦੇ ਭਾਈ ਸੰਤ ਸਿੰਘ ਸਕੱਤਰ, ਬਾਬਾ ਤੇਜਾ ਸਿੰਘ ਹੈੱਡ ਗ੍ਰੰਥੀ,ਬਾਬਾ ਨਰਾਇਣ ਸਿੰਘ ਤੋਂ ਇਲਾਵਾ ਧਾਰਮਿਕ ਸਖਸ਼ੀਅਤ ਬਾਬਾ ਪ੍ਰੀਤਮ ਸਿੰਘ ਮੱਲੜੀ, ਸੀਨੀਅਰ ਕਾਂਗਰਸੀ ਆਗੂ ਰਣਬੀਰ ਸਿੰਘ ਸਿੱਧੂ, ਸੀ.ਅਕਾਲੀ ਆਗੂ ਬਲਵਿੰਦਰ ਸਿੰਘ ਗਿੱਲ ਅਤੇ ਠਾਣਾ ਸਿੰਘ ਚੱਠਾ, ਸਮਾਜ ਸੇਵੀ ਬਰਿੰਦਰਪਾਲ ਮਹੇਸ਼ਵਰੀ ਆਦਿ ਮੌਜੂਦ ਰਹੇ।