ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮੁਕੇਰੀਆਂ ਖੰਡ ਮਿੱਲ ਅੱਗੇ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ

 ਧਰਨਾਕਾਰੀਆਂ ਨਾਲ ਜੁਝਾਰੂ ਯਕਜਹਿਤੀ ਜ਼ਾਹਰ ਕਰਦਿਆਂ ਭਲਕੇ ਹਮਾਇਤੀ ਕਾਫ਼ਲੇ ਭੇਜਣ ਦਾ ਫੈਸਲਾ

ਚੰਡੀਗੜ੍ਹ 03 ਦਸੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਮੁਕੇਰੀਆਂ ਖੰਡ ਮਿੱਲ ਅੱਗੇ ਹਾਈਵੇ ਜਾਮ ਕਰਕੇ ਕੱਲ੍ਹ ਤੋਂ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਾਂਤਮਈ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਅੱਜ ਪੁਲਿਸ ਵੱਲੋਂ ਲਾਠੀਚਾਰਜ ਕਰਨ ਅਤੇ 10 ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਗਵੰਤ ਮਾਨ ਸਰਕਾਰ ਉੱਤੇ ਦੋਸ਼ ਲਾਇਆ ਕਿ ਗੰਨੇ ਦੇ ਭਾਅ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਨਿਗੂਣਾ ਵਾਧਾ ਕਰਕੇ ਕਿਸਾਨਾਂ ਨਾਲ ਵਾਅਦਾਖਿਲਾਫੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਖੰਡ ਮਿੱਲ ਨੂੰ ਚਾਲੂ ਕਰਨ ਦਾ ਫੈਸਲਾ ਵੀ ਵਾਅਦੇ ਅਨੁਸਾਰ 30 ਨਵੰਬਰ ਤੱਕ ਚਾਲੂ ਕਰਨ ਦੀ ਬਜਾਏ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਮਗਰੋਂ ਕੱਲ੍ਹ 1 ਦਸੰਬਰ ਨੂੰ ਸ਼ਾਮ 5 ਵਜੇ ਹੀ ਕੀਤਾ ਗਿਆ ਹੈ। ਅੱਜ ਗ੍ਰਿਫਤਾਰੀਆਂ ਸਮੇਂ ਕਿਸਾਨ ਆਗੂਆਂ ਦੀ ਧੂਹ-ਘੜੀਸ ਦੁਆਰਾ ਪੱਗਾਂ ਪੈਰਾਂ ਥੱਲੇ ਰੋਲਣਾ ਹੋਰ ਵੀ ਬਹੁਤ ਮਾੜੀ ਤੇ ਸ਼ਰਮਨਾਕ ਗੱਲ ਹੈ। ਇਸ ਧੱਕੇਸ਼ਾਹੀ ਤੋਂ ਬਾਅਦ ਵੀ ਕੜਾਕੇ ਦੀ ਠੰਢ ਵਿੱਚ ਧਰਨੇ ਵਿੱਚ ਡਟੇ ਹੋਏ ਕਿਸਾਨਾਂ ਦੇ ਸਿਦਕ ਨੂੰ ਸਿਜਦਾ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਵਿਰੁੱਧ ਭਲਕੇ ਮਾਝਾ ਦੁਆਬਾ ਤੇ ਮਾਲਵਾ ਦੇ ਕਈ ਜਿਲ੍ਹਿਆਂ ਤੋਂ ਕਿਸਾਨ ਕਾਫ਼ਲੇ ਮੁਕੇਰੀਆਂ ਧਰਨੇ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਜਬਰ ਰਾਹੀਂ ਕਿਸਾਨਾਂ ਨੂੰ ਦਬਾਉਣ 'ਤੇ ਤੁਲੀ ਹੋਈ ਮਾਨ ਸਰਕਾਰ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਿਆ ਜਾਵੇ।