ਅਗਲੇ 36 ਘੰਟਿਆਂ ਦੌਰਾਨ ਮੀਂਹ ਦੀ ਸੰਭਾਵਨਾ 

ਲੁਧਿਆਣਾ, 29 ਨਵੰਬਰ (ਟੀ. ਕੇ. )- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਜਾ ਵੈਸਟਰਨ ਡਿਸਟਰਬੇੰਸ ਦੇ ਪ੍ਰਭਾਵ ਹੇਠ ਸਮੁੱਚੇ ਪੰਜਾਬ  'ਚ ਆਗਾਮੀ 24 ਤੋਂ 36 ਘੰਟਿਆਂ ਦੌਰਾਨ ਗਰਜ-ਚਮਕ ਨਾਲ ਹਲਕਾ ਮੀਂਹ ਪਵੇਗਾ, ਜਿਸ ਨਾਲ ਦਿਨ ਦਾ ਪਾਰਾ 20 ਡਿਗਰੀ ਤੱਕ ਉੱਤਰ ਆਵੇਗਾ। ਸਿਸਟਮ ਦੇ ਤੇਜੀ ਨਾਲ਼ ਅੱਗੇ ਲੰਘਣ ਉਪਰੰਤ, ਚੜ੍ਹਦੇ ਦਸੰਬਰ, ਸ਼ੁੱਕਰਵਾਰ ਸਵੇਰ ਸੂਬੇ ਦੇ ਕਈ ਇਲਾਕਿਆਂ ਚ ਸੀਜ਼ਨ ਦੀ ਪਹਿਲੀ ਧੁੰਦ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ  ਫਿਰੋਜ਼ਪੁਰ, ਤਰਨਤਾਰਨ, ਮੋਗਾ, ਬਰਨਾਲਾ, ਲੁਧਿਆਣਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਦੇ ਹਿੱਸਿਆਂ ਚ ਦਰਮਿਆਨੀ ਬਰਸਾਤ ਸੰਭਾਵਿਤ ਹੈ, ਇੱਕ ਦੋ ਜਗ੍ਹਾ ਗੜੇ ਪੈਣ ਤੋਂ ਇਨਕਾਰ ਨਹੀਂ।
 ਦਸੰਬਰ ਚੜ੍ਹਨ ਵਾਲ਼ਾ ਹੈ ਤੇ ਮੀਂਹ ਤੋਂ ਬਾਅਦ ਰਾਤਾਂ ਠੰਢੀਆਂ ਹੋਣੀਆਂ ਲਾਜ਼ਮੀ ਹਨ, ਪਰ ਫਿਲਹਾਲ ਪਾਰੇ ਚ ਤੇਜੀ ਨਾਲ਼ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ।