ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ 'ਚ ਅਲੌਕਿਕ ਨਗਰ ਕੀਰਤਨ ਸਜਾਇਆ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ 'ਤੇ ਸਾਲਾਨਾ ਜੋੜ ਮੇਲਾ

ਬਟਾਲਾ,  ਸਤੰਬਰ 2019- (ਸਤਪਾਲ ਸਿੰਘ ਦੇਹੜਕਾ  )-  

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ 'ਤੇ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬਟਾਲਾ 'ਚ ਸਮੁੱਚੀ ਲੋਕਾਈ ਵਲੋਂ ਸ਼ਰਧਾ-ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ | ਵਿਆਹ ਪੁਰਬ ਦੀਆਂ ਖੁਸ਼ੀਆਂ 'ਚ ਅੱਜ ਸਮੁੱਚੇ ਧਾਰਮਿਕ ਅਸਥਾਨਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸ੍ਰੀ ਡੇਹਰਾ ਸਾਹਿਬ, ਸ੍ਰੀ ਸਤਿਕਰਤਾਰੀਆਂ ਸਾਹਿਬ ਤੇ ਅੱਚਲ ਸਾਹਿਬ ਵਿਖੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸਹੁਰਾ ਘਰ ਅਸਥਾਨ ਤੋਂ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਆਰੰਭ ਹੋਇਆ | ਇਸ ਮੌਕੇ ਸਜਾਈ ਪਾਲਕੀ ਨੂੰ ਦਰਸ਼ਨਾਂ ਲਈ ਰਵਾਨਾ ਕਰਨ ਸਮੇਂ ਗਿਆਨੀ ਮਲਕੀਅਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਜਥੇ ਗੁਰਿੰਦਰਪਾਲ ਸਿੰਘ ਗੋਰਾ ਤੇ ਗੁਰਨਾਮ ਸਿੰਘ ਜੱਸਲ ਸ਼ੋ੍ਰਮਣੀ ਕਮੇਟੀ ਮੈਂਬਰ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਗੁਰਜੀਤ ਸਿੰਘ ਬਿਜਲੀਵਾਲ, ਗੁਰਤਿੰਦਰਪਾਲ ਸਿੰਘ ਭਾਟੀਆ, ਪਰਮਵੀਰ ਸਿੰਘ ਲਾਡੀ ਤੇ ਹੋਰ ਸੇਵਾਦਾਰ ਹਾਜ਼ਰ ਸਨ | ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵੀ ਗੁਰੂ ਘਰ ਨਤਮਸਤਕ ਹੋਏ ਅਤੇ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ | ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਦੇਰ ਸ਼ਾਮ ਆਰੰਭਿਕ ਅਸਥਾਨ 'ਤੇ ਨਗਰ ਕੀਰਤਨ ਦੀ ਸੰਪੂਰਨਤਾ ਹੋਈ | ਇਸ ਮੌਕੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ |