ਡਾਕਟਰਾਂ ਅਤੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਲੋੜਵੰਦਾਂ ਦੇ ਇਲਾਜ ਲਈ ਅੱਗੇ ਆਉਣਾ ਚਾਹੀਦੈ-ਰੁਚੀ ਬਾਵਾ

 ਰਾਣਾ ਹਸਪਤਾਲ ਵਲੋਂ ਢੋਲੇਵਾਲ ਸਕੂਲ 'ਚ ਅੱਖ ਜਾਂਚ ਕੈਂਪ
ਲੁਧਿਆਣਾ, 24 ਨਵੰਬਰ (ਟੀ. ਕੇ.)
ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਢੁੱਕਵੀਂਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਸਾਰੇ ਲੋਕਾਂ ਤੱਕ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਪਹੁੰਚਾਉਣ ਲਈ ਕੋਈ ਘਾਟ ਰਹਿ ਜਾਂਦੀ ਹੈ। ਇਹ ਵਿਚਾਰ ਉੱਘੀ ਸਮਾਜ ਸੇਵਿਕਾ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਸੂਬਾਈ ਆਗੂ ਰੁਚੀ ਬਾਵਾ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ /ਢੋਲੇਵਾਲ ਲੁਧਿਆਣਾ ਵਿਚ ਰਾਣਾ ਹਸਪਤਾਲ ਪੱਖੋਵਾਲ ਰੋਡ ਵਲੋਂ ਲਗਾਏ ਗਏ ਅੱਖ ਜਾਂਚ ਕੈਂਪ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਲਗਾਏ ਗਏ ਅੱਖ ਜਾਂਚ ਕੈਂਪ ਦੌਰਾਨ ਸ੍ਰੀਮਤੀ ਬਾਵਾ ਨੇ ਅੱਗੇ ਕਿਹਾ ਕਿ  ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਡਾਕਟਰੀ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਇਸ ਲਈ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੇ ਡਾਕਟਰਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਥੋੜ੍ਹਾ ਜਿਹਾ ਸਮਾਂ ਜਰੂਰ ਕੱਢਣ ਅਤੇ ਇਸੇ ਤਰ੍ਹਾਂ ਹੀ ਨਿੱਜੀ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਫਰਜ ਬਣਦਾ ਹੈ ਕਿ ਉਹ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੇ ਅਦਾਰਿਆਂ ਵਿੱਚ ਰਾਖਵੀਆਂ ਸੀਟਾਂ ਜਰੂਰ ਰੱਖਣ। ਇਸ ਮੌਕੇ ਉਨ੍ਹਾਂ ਆਪਣੀ ਐਨ ਜੀ ਓ ਆਸ-ਅਹਿਸਾਸ ਵਲੋਂ ਸਕੂਲ ਦੀ ਬਿਹਤਰੀ ਲਈ ਬਹੁਤ ਸਾਰੀ ਮਾਇਆ ਦਾ ਚੈੱਕ ਪ੍ਰਿੰਸੀਪਲ ਹਰਦੀਪ ਕੌਰ ਨੂੰ ਭੇਟ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਕੌਮਾਂਤਰੀ ਪੱਧਰ ਦੀ ਖਿਡਾਰਨ ਅਮਨਦੀਪ ਕੌਰ ਐੱਸ. ਪੀ. ਪੰਜਾਬ ਪੁਲਿਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਲੱਗਣ ਵਾਲੀਆਂ ਆਮ ਬਿਮਾਰੀਆਂ ਤੋਂ ਬਚਾਅ ਲਈ ਵੀ ਕਸਰਤ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਇਸ ਮੌਕੇ ਕੌਮੀ ਪੱਧਰ ਦੀ ਉੱਘੀ ਖਿਡਾਰਨ ਬਲਵਿੰਦਰ ਕੌਰ ਸੁਪਰਡੈਂਟ ਕਸਟਮ ਵਿਭਾਗ ਹਵਾਈ ਅੱਡਾ ਸਾਹਨੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਦੀ ਜਿੰਦਗੀ ਵਿੱਚ ਖੇਡਾਂ ਦੀ ਬਹੁਤ ਮਹੱਤਤਾ ਹੈ, ਕਿਉਂਕਿ ਖੇਡਾਂ ਜਿਥੇ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਦੀਆਂ ਹਨ, ਉਥੇ ਹੀ ਸਾਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦੀਆਂ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਸਮਾਜ ਵਿਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ। ਇਸ ਮੌਕੇ ਅੱਖ ਰੋਗਾਂ ਦੇ ਮਾਹਿਰ ਅਤੇ ਰਾਣਾ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ ਬਰਿਜਿੰਦਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅਤੇ ਕੋਮਲ ਅੰਗ ਹਨ, ਇਸ ਲਈ ਇਨ੍ਹਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਕਦੇ ਵੀ ਅੱਖ ਵਿਚ ਕੋਈ ਦਵਾਈ ਵਗੈਰਾ ਨਹੀਂ ਪਾਉਣੀ ਚਾਹੀਦੀ। ਇਸ ਮੌਕੇ ਉਨ੍ਹਾਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਰੀਰਕ ਕਸਰਤ ਨੂੰ ਅਪਣਾਉਣ ਲਈ ਜੋਰ ਦਿੱਤਾ। ਇਸ ਮੌਕੇ ਉਨ੍ਹਾਂ ਸਮੇਂ-ਸਮੇਂ 'ਤੇ ਅੱਖਾਂ ਦੀ ਡਾਕਟਰੀ ਜਾਂਚ ਕਰਵਾਉਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਡਾਕਟਰੀ ਟੀਮ ਵਲੋਂ ਲਗਭਗ 200 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀਆਂ ਅੱਖਾਂ ਵਿਚ ਨੁਕਸ ਪਾਇਆ ਗਿਆ। ਇਸ ਮੌਕੇ ਸੀਨੀਅਰ ਅਧਿਆਪਕ ਸ਼ਾਲੂ ਬਾਂਸਲ, ਰਜਵਿੰਦਰ ਕੌਰ, ਰਜਨੀ ਮਲਹੋਤਰਾ, ਮਨੀਸ਼ ਕੁਮਾਰ, ਰੁਪਿੰਦਰ ਸਿੰਘ, ਪ੍ਰਭਜੋਤ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਹਰਪਿੰਦਰ ਸਿੰਘ ਅਤੇ ਜੋਤੀ ਨਾਹਰ ਸਮੇਤ ਸਮੂਹ ਸਟਾਫ ਵੱਲੋਂ ਕੈਂਪ ਨੂੰ ਸਫਲ ਬਣਾਉਣ ਲਈ ਵੱਡਾ ਸਹਿਯੋਗ ਦਿੱਤਾ ਗਿਆ।