ਆਲ ਇੰਡੀਆ ਕਿਸਾਨ ਸਭਾ ਪੰਜਾਬ-1936 ਵਲੋਂ 26, 27 ਤੇ 28 ਨਵੰਬਰ ਦੇ ਚੰਡੀਗੜ੍ਹ ਧਰਨੇ ਵਿਚ ਸ਼ਾਮਲ ਹੋਣ ਦਾ ਐਲਾਨ

ਪੰਜਾਬ ਸਰਕਾਰ ਵਲੋਂ ਮੰਡੀਆਂ ਅੰਦਰ ਝੋਨੇ ਦੀ ਖਰੀਦ ਬੰਦ ਕਰਨ ਦੀ ਕੀਤੀ ਨਿਖੇਧੀ 
ਲੁਧਿਆਣਾ, 15 ਨਵੰਬਰ (ਟੀ. ਕੇ. )-
 ਆਲ ਇੰਡੀਆ ਕਿਸਾਨ ਸਭਾ ਪੰਜਾਬ-1936 (ਕੁੱਲ ਹਿੰਦ ਕਿਸਾਨ ਸਭਾ ਪੰਜਾਬ-1936) ਦੀ ਸੂਬਾ ਕਮੇਟੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ (ਬਠਿੰਡਾ) ਦੀ ਪ੍ਰਧਾਨਗੀ ਹੇਠ ਸ਼ਹੀਦ  ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਸਵੀਰ ਝੱਜ ਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਅਨੁਸਾਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ (ਸੰਗਰੂਰ) ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਦਿੱਲੀ ਮੋਰਚੇ ਦੀ ਯਾਦ ਸਬੰਧੀ ਦੇਸ਼ ਭਰ ਦੇ ਰਾਜਾਂ ਦੀਆਂ ਰਾਜਧਾਨੀਆਂ ਵਿਚ 26, 27 ਅਤੇ 28 ਨਵੰਬਰ ਨੂੰ ਤਿੰਨ ਲਗਾਤਾਰ ਧਰਨਾ ਦਿੱਤਾ ਜਾਵੇਗਾ। ਇਸੇ ਅਧਾਰ ‘ਤੇ 26, 27 ਅਤੇ 28 ਨਵੰਬਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਰਾਜ ਭਵਨ ਸਾਹਮਣੇ ਦਿੱਤੇ ਜਾਣ ਵਾਲੇ ਸੂਬਾਈ ਧਰਨੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਰਨੇ ਵਿਚ ਜਥੇਬੰਦੀ ਵੱਲੋਂ ਹਜਾਰਾਂ ਕਿਸਾਨਾਂ ਦੇ ਕਾਫਲੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਪਹੁੰਚਣਗੇ। ਦਿੱਲੀ ਕਿਸਾਨ ਮੋਰਚੇ ਦੀ ਸਮਾਪਤੀ ਸਮੇਂ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਓਹ ਅਜੇ ਤੱਕ ਪੂਰੇ ਨਹੀਂ ਕੀਤੇ। ਖਾਸ ਕਰਕੇ ਐਮ.ਐਸ.ਪੀ. ਰਾਹੀਂ ਖਰੀਦ ਗਰੰਟੀ ਕਨੂੰਨ  ਬਣਾਉਣਾ, ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਇੰਨਸਾਫ ਦੇਣਾ, ਅੰਦੋਲਨ ਦੌਰਾਨ ਨਜ਼ਾਇਜ਼ ਦਰਜ ਕੀਤੇ ਮਕੁੱਦਮੇ ਵਾਪਿਸ ਲੈਣੇ ਅਤੇ ਬਿਜਲੀ ਕਨੂੰਨ ਅੰਦਰੋਂ ਕਿਸਾਨਾਂ ਨੂੰ ਬਾਹਰ ਰੱਖਣਾ ਆਦਿ ਸ਼ਾਮਲ ਹਨ। ਕੇਂਦਰ ਸਰਕਾਰ ਨੇ ਓਦੋਂ ਕਿਸਾਨ ਅੰਦੋਲਨ  ਸਮੇਂ ਨਿਰਪੱਖ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਹੁਣ ਝੂਠੇ ਮਕੁੱਦਮਿਆਂ ਵਿਚ ਗਿ੍ਰਫਤਾਰ ਕਰਨ ਅਤੇ ਨਿਊਜ਼ ਕਲਿੱਕ ਵਰਗੇ ਵੈੱਬ ਚੈਨਲ ਨੂੰ ਨਿਸ਼ਾਨਾ ਬਣਾਉਣਾ ਵੀ ਬੁੱਖਲਾਹਟ ਦਾ ਨਤੀਜਾ ਹੈ। ਕੇਂਦਰ ਸਰਕਾਰ ਨੂੰ ਵਾਰਨਿੰਗ ਦਿੰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੁਨੀਆਂ ਦੇ ਇਤਿਹਾਸ ਅੰਦਰ ਸਭ ਤੋਂ ਵੱਧ ਸ਼ਾਂਤਮਈ ਅਤੇ ਜਾਬਤਾ ਬੱਧ ਅੰਦੋਲਨ ਸੀ। ਜਿਸ ਵਿਚ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦੇ ਬਾਵਜੂਦ, ਇਸ ਨੇ ਲੜਨ ਵਾਲੇ ਲੋਕਾਂ ਅੰਦਰ ਮਿਸਾਲ ਪੈਦਾ ਕੀਤੀ ਹੈ। ਜਿਸ ਕਾਰਨ ਹੀ ਕੇਂਦਰ ਸਰਕਾਰ ਨੂੰ ਕਾਲੇ ਕਨੂੰਨ ਵਾਪਿਸ ਲੈਣੇ ਪਏ ਸਨ। ਹਾਜ਼ਰੀਨ ਨੇ ਇੱਕ ਮਤੇ ਰਾਂਹੀ ਪੰਜਾਬ  ਸਰਕਾਰ ਵਲੋਂ ਕੁੱਝ ਮੰਡੀਆਂ ਅੰਦਰ ਝੋਨੇ ਦੀ ਖਰੀਦ ਬੰਦ ਕਰਨ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਬੰਦ ਕੀਤੀਆਂ ਗਈਆਂ ਮੰਡੀਆਂ ਅੰਦਰ ਖਰੀਦ ਪਹਿਲਾਂ ਦੀ ਤਰਾਂ ਹੀ ਜਾਰੀ ਰੱਖੀ ਜਾਵੇ, ਕਿਉਂਕਿ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਇਲਾਕਿਆਂ ਅੰਦਰ ਦੁਬਾਰਾ ਝੋਨੇ ਦੀ ਫਸਲ ਬੀਜਣ ਕਾਰਣ, ਝੋਨਾ ਮੰਡੀਆਂ ਅੰਦਰ ਅਜੇ ਵੀ ਆ ਰਿਹਾ ਹੈ। ਪ੍ਰਦੂਸ਼ਣ ਦੇ ਨਾਂ ਥੱਲੇ ਕਿਸਾਨਾਂ ਖਿਲਾਫ ਪਰਾਲੀ ਨੂੰ ਅੱਗ ਲਾਉਣ ਉੱਪਰ ਪਰਚੇ ਦਰਜ ਕਰਨ ਦੀ ਨਿਖੇਧੀ ਕੀਤੀ ਗਈ। ਮੀਟਿੰਗ ਨੂੰ ਖੇਤੀ ਵਿਗਿਆਨੀ ਰਾਜਿੰਦਰ ਸਿੰਘ ਔਲਖ, ਕੁਲਵੰਤ ਸਿੰਘ ਪਟਿਆਲਾ, ਲੱਖਬੀਰ ਸਿੰਘ ਨਿਜਾਮਪੁਰ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਹਾਜ਼ਰ ਹੋਏ ਸੂਬਾਈ ਆਗੂ ਬਲਦੇਵ ਸਿੰਘ ਵੇਰਕਾ, ਬਲਕਾਰ ਸਿੰਘ ਵਲਟੋਹਾ (ਤਰਨਤਾਰਨ), ਜੁੱਗਰਾਜ ਸਿੰਘ ਹੀਰਕੇ, ਤਰਲੋਕ ਸਿੰਘ ਕਪੂਰਥਲਾ, ਹਰਦਿਆਲ ਸਿੰਘ ਘਾਲੀ ਮੋਗਾ, ਸੰਦੀਪ ਅਰੋੜਾ (ਜਲੰਧਰ), ਚਮਕੌਰ ਸਿੰਘ, ਜਸਵੀਰ ਸਿੰਘ ਝੱਜ, ਮਨਜੋਤ ਸਿੰਘ ਮਾਨ (ਲੁਧਿਆਣਾ), ਦਵਿੰਦਰ ਨੰਗਲੀ ਰੋਪੜ, ਕਾਕਾ ਸਿੰਘ ਮੋਰਿੰਡਾ, ਮੁਕੰਦ ਸਿੰਘ, ਚਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ, ਸਰਵਣ ਸਿੰਘ, ਸਿੰਘ ਮੋਹਾਤੀ, ਕਰਮਜੀਤ ਸਿੰਘ, ਜਸਵੰਤ  ਸਿੰਘ ਨਵਾਂ ਸ਼ਹਿਰ, ਕਾਬਲ ਸਿੰਘ, ਹਰਜਿੰਦਰ ਬੰਗੜ ਅਤੇ ਗੁਰਮੇਲ ਸ਼ਰਮਾ ਬਰਨਾਲਾ ਆਦਿ ਨੇ ਧਰਨੇ ਨੂੰ ਸਫਲ ਬਣਾਉਣ ਲਈ ਆਪੋ-ਆਪਣੇ ਵਿਚਾਰ ਵਿਸਥਾਰ ਸਹਿਤ ਰੱਖੇ।