You are here

ਬਠਿੰਡਾ ਚ ਦਿਨ-ਦਿਹਾੜੇ ਸਰੇ ਬਾਜ਼ਾਰ ਚ ਢਾਬਾ ਮਾਲਕ ਦਾ ਗੌਲੀਆਂ ਮਾਰ ਕੇ ਕਤਲ

ਬਠਿੰਡਾ (ਗੁਰਕੀਰਤ ਸਿੰਘ) : ਬਠਿੰਡਾ ਦੇ ਭੀੜ-ਭੜੱਕੇ ਵਾਲੇ ਮਾਲ ਰੋਡ ਇਲਾਕੇ ਵਿਚ ਸਥਿਤ ਹਰਮਨ ਕੁਲਚਾ ਢਾਬੇ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਨੂੰ ਦਿਨ ਦਿਹਾੜੇ ਸਾਢੇ 5 ਵਜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਦੌਰਾਨ ਜ਼ਖਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਹਨੂੰਮਾਨ ਚੌਕ ਸਥਿਤ ਹਰਮਨ ਕੁਚਲਾ ਢਾਬੇ ਦਾ ਮਾਲਕ ਹਰਜਿੰਦਰ ਉਰਫ਼ ਮੇਲਾ ਕਾਊਂਟਰ ਦੇ ਬਾਹਰ ਕੁਰਸੀ ’ਤੇ ਬੈਠਾ ਸੀ ਤਾਂ ਮੂੰਹ ਢਕੇ ਹੋਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੇਲਾ ਨੂੰ ਚਾਰ ਗੋਲੀਆਂ ਲੱਗੀਆਂ। ਹਮਲਾਵਰਾਂ ਨੇ ਕੁੱਲ 6 ਗੋਲੀਆਂ ਚਲਾਈਆਂ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿੱਥੇ ਉਨ੍ਹਾਂ ਨੇ ਢਾਬੇ ’ਤੇ ਕੰਮ ਕਰਦੇ ਮੁਲਾਜ਼ਮਾਂ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਮੌਕੇ ’ਤੇ ਪਹੁੰਚੇ ਐੱਸ.ਪੀ. ਸਿਟੀ ਨਰਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਕੋਤਵਾਲੀ ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪੁਲਸ ਨੂੰ ਰਿਵਾਲਵਰ ’ਚੋਂ ਚੱਲੀਆਂ ਗੋਲੀਆਂ ਦੇ ਖੋਲ ਮਿਲੇ ਹਨ। ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਕਈ ਚਰਚਾਵਾਂ ਚੱਲ ਰਹੀਆਂ ਹਨ। ਪੁਲਸ ਇਸ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹਰਜਿੰਦਰ ਸਿੰਘ ਜੌਹਲ ਜੋ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਢਾਬਾ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਵੀ ਰਹੇ ਹਨ। ਇਸ ਦੇ ਨਾਲ-ਨਾਲ ਉਹ ਕਈ ਸੰਸਥਾਵਾਂ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸਨ। ਗੁਆਂਢੀ ਦੁਕਾਨਦਾਰ ਨੇ ਦੱਸਿਆ ਕਿ ਮੇਲਾ ਬਾਹਰ ਕੁਰਸੀ ’ਤੇ ਬੈਠਾ ਸੀ ਜਦੋਂ ਦੋ ਨੌਜਵਾਨ ਮੂੰਹ ’ਤੇ ਮਾਸਕ ਪਾਏ ਸਪਲੈਂਡਰ ਮੋਟਰਸਾਈਕਲ ’ਤੇ ਆਏ। ਪਿੱਛੇ ਬੈਠੇ ਵਿਅਕਤੀ ਨੇ ਉਸ 'ਤੇ ਪਿਸਤੌਲ ਦੇ ਕਈ ਰਾਊਂਡ ਫਾਇਰ ਕੀਤੇ ਅਤੇ ਉਹ ਨਾਲ ਵਾਲੀ ਗਲੀ 'ਚ ਵੜ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਸ ਵਲੋਂ ਮੁਲਜ਼ਮਾਂ ਨੂੰ ਫੜਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।