ਮੰਡੀਆਂ ਚੋਂ ਝੋਨੇ ਦੀਆਂ ਧਾਂਕਾਂ ਫੌਰੀ ਚੁਕਵਾਉਣ

ਖਰੀਦ ਬਾਰੇ ਅਤੇ ਸ਼ੈਲਰਾਂ ਸਿਰ ਮੜੀਆਂ ਗੈਰ ਵਾਜਬ ਸ਼ਰਤਾਂ ਵਾਪਸ ਲੈਣ ਦੀ ਚੇਤਾਵਨੀ  

ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ(ਰਜਿ:)ਜ਼ਿਲ੍ਹਾ ਲੁਧਿਆਣਾ ਦੀ ਜਿਲਾ ਕਾਰਜਕਾਰੀ ਕਮੇਟੀ ਦੇ ਪ੍ਰੋਗਰਾਮ ਮੁਤਾਬਿਕ ਅੱਜ ਵੱਡਾ ਕਿਸਾਨ- ਮਜ਼ਦੂਰ ਕਾਫਲਾ ਮੁੱਲਾਂਪੁਰ ਵਿਖੇ ਕਿਸਾਨਾਂ- ਮਜ਼ਦੂਰਾਂ ਸਮੇਤ ਮੰਡੀਆਂ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਵਾਸਤੇ ਜੋਸ਼- ਖਰੋਸ਼ ਨਾਲ ਪੁੱਜਿਆ ਅਤੇ ਭਰਵੇਂ ਇਕੱਠ ਕੀਤੇ ਗਏ।
     ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਨੇ ਵਰਨਣ ਕੀਤਾ ਕਿ ਕੇਂਦਰ ਦੀ ਕਿਸਾਨ ਵਿਰੋਧੀ ਅਤੇ ਸ਼ੈਲਰ ਸਨਅਤ ਵਿਰੋਧੀ ਅਤੇ ਵੱਡੇ ਕਾਰਪੋਰੇਟਾਂ ਪੱਖੀ ਫਾਸ਼ੀ ਹਕੂਮਤ ਵੱਲੋਂ ਐਫ.ਸੀ. ਆਈ. ਰਾਹੀਂ ਮੜੀਆਂ ਫੌਰਟੀਫਾਈਡ ਚੌਲਾਂ ਦੀ ਮਿਕਸਿੰਗ ਸਬੰਧੀ ਬੇਲੋੜੀਆਂ ਤੇ ਗੈਰ ਵਾਜਬ ਸ਼ਰਤਾਂ ਦੇ ਸਿੱਟੇ ਵਜੋਂ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਟੇਢੇ ਢੰਗ ਨਾਲ ਹਮਾਇਤੀ ਪੁਜੀਸ਼ਨ ਲੈਣ ਕਾਰਨ ਹੀ ਮੰਡੀਆਂ ਵਿੱਚ ਅੱਜ ਖਰੀਦੇ ਝੋਨੇ ਦੀਆਂ ਰਿਕਾਰਡ ਤੋੜ ਵੱਡੀਆਂ ਧਾਂਕਾਂ ਲੱਗੀਆਂ ਹੋਈਆਂ ਹਨ ਅਤੇ ਆਉਂਦੇ ਦਿਨਾਂ 'ਚ ਝੋਨੇ ਦੀ ਭਾਰੀ ਆਮਦ ਨੂੰ ਸੁੱਟਣ ਲਈ ਮੰਡੀਆਂ 'ਚ ਜਗ੍ਹਾ ਦੀ ਵੱਡੀ ਦਿੱਕਤ ਸਿਰ ਤੇ ਖੜ੍ਹੀ ਹੈ।
      ਸੋ ਅੱਜ ਦੇ ਕਿਸਾਨ -ਮਜ਼ਦੂਰ ਵੀਰਾਂ ਅਤੇ ਆੜਤੀ ਭਰਾਵਾਂ ਦੇ ਇਕੱਠਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਫੌਰੀ ਮੰਗ ਕੀਤੀ ਕਿ ਸੈਲਰ ਨਵੇਂ ਲੱਗੇ ਅਤੇ ਪੁਰਾਣੇ ਸਥਾਪਿਤ ਸੈਲਰਾਂ ਸਿਰ ਮੜ੍ਹੇ ਨਜਾਇਜ਼ ਤੇ ਭਾਰੇ ਜਜੀਏ ਅਤੇ ਫੌਰਟੀਫਾਈਡ ਚੌਲਾਂ ਦੀ ਮਿਕਸਿੰਗ ਨਾਲ ਸੰਬੰਧਿਤ ਬੇਲੋੜੀਆਂ ਸ਼ਰਤਾਂ ਵਾਪਸ ਲਈਆਂ ਜਾਣ।ਕੇਂਦਰੀ/ ਸੂਬਾਈ ਖਰੀਦ ਏਜੰਸੀਆਂ ਫੌਰੀ ਚੁਕਵਾਈ ਲਈ ਟ੍ਰਾਂਸਪੋਰਟ ਸਾਧਨਾਂ ਦੀ ਤਾਦਾਦ ਘੱਟੋ ਘੱਟ ਦੁਗਣੀ ਕਰਨ। ਬੇਮੌਸਮੀ ਬਾਰਸ਼ਾਂ ਤਾਪਮਾਨ ਦੇ ਡਿੱਗਣ ਕਾਰਨ ਵਧੀ ਨਮੀ ਦੇ ਸਿੱਟੇ ਵਜੋਂ ਨਮੀ ਦੀ ਸ਼ਰਤ 17% ਤੋਂ 20% ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਤਿੰਨ- ਤਿੰਨ ,ਚਾਰ -ਚਾਰ ਦਿਨ ਰੋਲਣਾ ਬੰਦ ਹੋ ਸਕੇ।ਮੰਡੀ - ਮਜ਼ਦੂਰਾਂ ਦੀ ਉਜਰਤ ਵਿੱਚ ਮਹਿੰਗਾਈ ਮੁਤਾਬਕ ਬਣਦਾ ਲਾਗੂ ਕਰਵਾਇਆ ਜਾ ਸਕੇ। ਹੋਰ ਢਿਲ ਮੱਠ ਦੀ ਸੂਰਤ ਵਿੱਚ ਹੱਕੀ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜਿੰਮੇਵਾਰੀ ਦੋਨਾਂ ਸਰਕਾਰਾਂ ਸਿਰ ਹੋਵੇਗੀ।ਉਪਰੋਕਤ ਮੰਗਾਂ ਸਬੰਧੀ ਮੰਗ ਪੱਤਰ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਅਧਿਕਾਰੀਆਂ ਨੂੰ ਸੋਪਿਆਂ ਗਿਆ।
    ਅੱਜ ਦੇ ਇਕੱਠਾਂ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ ,ਅਵਤਾਰ ਸਿੰਘ ਤਾਰ, ਗੁਰਸੇਵਕ ਸਿੰਘ ਸੋਨੀ ਸਵੱਦੀ, ਸੁਰਜੀਤ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ, ਬਲਵੀਰ ਸਿੰਘ ਪੰਡੋਰੀ, ਬਲਤੇਜ ਸਿੰਘ ਸਿੱਧਵਾਂ ਤੇਜਿੰਦਰ ਸਿੰਘ ਬਿਰਕ ,ਗੁਰਦੀਪ ਸਿੰਘ ਮਡਿਆਣੀ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ ,ਦਰਸ਼ਨ ਸਿੰਘ ਗੁੜੇ ਸ਼ਾਮਿਲ ਹੋਏ।