22  ਅਕਤੂਬਰ 1892 ਇਤਿਹਾਸ

22  ਅਕਤੂਬਰ 1892 ਇਤਿਹਾਸ

5 ਮਾਰਚ,1892 ਵਾਲੇ ਦਿਨ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। 22  ਅਕਤੂਬਰ 1892 ਨੂੰ ਹਾਈ ਸਕੂਲ ਦੀ ਸ਼ਕਲ ਵਿੱਚ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ ਸੀ।*

*ਇਤਿਹਾਸਿਕ ਸਿਖਿਅਕ ਸੰਸਥਾਨ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ*

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇੱਕ ਇਤਿਹਾਸਿਕ ਸਿਖਿਅਕ ਸੰਸਥਾਨ ਹੈ। ਸ਼ਤਾਬਦੀ ਪੁਰਾਣਾ ਇਹ ਸੰਸਥਾਨ 1892 ਵਿੱਚ ਸਥਾਪਿਤ ਹੋਇਆ ਸੀ।

ਇਹ ਵਿਗਿਆਨ, ਕਲਾ, ਕੌਮਰਸ, ਕੰਪਿਊਟਰ, ਭਾਸ਼ਾਵਾਂ, ਸਿਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ।

ਖ਼ਾਲਸਾ ਕਾਲਜ,ਸ੍ਰੀ ਅੰਮ੍ਰਿਤਸਰ ਸਾਹਿਬ ,  ਸ੍ਰੀ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 120 ਸਾਲਾਂ ਦੇ ਇਤਿਹਾਸ ਨੂੰ ਖ਼ਾਲਸਾ ਕਾਲਜ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਖ਼ਾਲਸਾ ਕਾਲਜ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਬਰਤਾਨਵੀ ਸ਼ਾਸਨ ਦੀ ਧਰਮ ਪਰਿਵਰਤਨ ਦੀ ਚਾਲ ਹੀ ਇਸ ਦੀ ਜਨਮਦਾਤੀ ਹੈ। ਜੇ ਚਾਰ ਬੱਚੇ (ਆਇਆ ਸਿੰਘ, ਸਾਧੂ ਸਿੰਘ, ਅਤਰ ਸਿੰਘ, ਸੰਤੋਖ ਸਿੰਘ) ਧਰਮ ਪਰਿਵਰਤਨ ਨਾ ਕਰਦੇ ਅਤੇ ਭਾਈ ਵੀਰ ਸਿੰਘ, ਜੋ ਇਸ ਸਕੂਲ ਦੇ ਵਿਦਿਆਰਥੀ ਸਨ, ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਨਾ ਕਰਦੇ ਤਾਂ 30 ਜੁਲਾਈ 1875 ਨੂੰ ਸਿੰਘ ਸਭਾ ਲਹਿਰ ਹੋਂਦ ਵਿੱਚ ਨਹੀਂ ਸੀ ਆਉਣੀ ਅਤੇ ਨਾ ਹੀ ਸਿੱਖਾਂ ਨੇ ਵੱਖਰਾ ਅੰਗਰੇਜ਼ੀ ਸਕੂਲ ਤੇ ਕਾਲਜ ਖੋਲ੍ਹਣ ਦਾ ਫ਼ੈਸਲਾ ਕਰਨਾ ਸੀ।

ਇਹ ਸਬੱਬ ਹੀ ਬਣਿਆ ਕਿ ਉਸ ਵੇਲੇ ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ ਦੀ ਪ੍ਰਬਲ ਇੱਛਾ ਨੇ ਜਨਮ ਲਿਆ।

ਸੰਨ 1877 ਨੂੰ ਨਾਮਵਰ ਸਿੱਖਾਂ ਨੇ ਅੰਮ੍ਰਿਤਸਰ ਖ਼ਾਲਸਾ ਕਾਲਜ ਦਾ ਮਤਾ ਪਾਸ ਕੀਤਾ ਤੇ 13 ਸਾਲ ਬਾਅਦ ਚੀਫ਼ ਖਾਲਸਾ ਦੀਵਾਨ ਨੇ ਲਾਹੌਰ ਵਿੱਚ ਬੈਠਕ ਕਰ ਕੇ ਇਸ ਦੀ ਸਥਾਪਨਾ ਲਈ ਖ਼ਾਲਸਾ ਕਾਲਜ ਕਮੇਟੀ ਨਿਯੁਕਤ ਕੀਤੀ। ਡਬਲਿਊ. ਆਰ. ਐਮ. ਹਾਲੀ ਗਾਈਡ ਨੂੰ ਪ੍ਰਧਾਨ ਨਿਯੁਕਤ ਕੀਤਾ। ਗਵਰਨਰ ਨੂੰ 48,694 ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਇਸ ਨੂੰ ਅੰਮ੍ਰਿਤਸਰ ਵਿੱਚ ਖੋਲ੍ਹਣ ਲਈ ਕਿਹਾ ਗਿਆ।

ਸਭ ਤੋਂ ਨੇੜਲੇ ਪਿੰਡ ਕੋਟ ਸਈਦ (ਕੋਟ ਖਾਲਸਾ) ਨੇ ਆਪਣੀ ਜਾਇਦਾਦ ਵਿੱਚੋਂ 364 ਏਕੜ ਜ਼ਮੀਨ ਦਾਨ ਦੇ ਕੇ ਮੁੱਢ ਬੰਨ੍ਹਿਆ ਅਤੇ 5 ਮਾਰਚ 1892 ਨੂੰ ਸਰ. ਜੇਮਜ਼ ਕੋਲੋਂ ਨੀਂਹ ਪੱਥਰ ਰਖਵਾ ਕੇ 1899 ਨੂੰ ਪੂਰਾ ਡਿਗਰੀ ਕਾਲਜ ਬਣ ਕੇ ਸਿੱਖ ਪੰਥ ਦੀ ਵਿਰਾਸਤ ਬਣ ਗਿਆ। ਜਦੋਂ ਕਾਲਜ ਆਪਣੀ ਉਸਾਰੀ ਵੱਲ ਵਧ ਰਿਹਾ ਸੀ ਤਾਂ ਸਿੱਖ ਲੀਡਰਾਂ ਦੀ ਅਪੀਲ ’ਤੇ ਹਰ ਕਿਸਾਨ ਪਰਿਵਾਰ ਨੇ ਦੋ ਆਨੇ ਫ਼ੀ-ਏਕੜ ਸੈੱਸ ਦਿੱਤਾ। ਇਸ ਸੈੱਸ ਦਾ ਕਿਸੇ ਵੀ ਸਿੱਖ ਵੱਲੋਂ ਵਿਰੋਧ ਨਾ ਕੀਤਾ ਗਿਆ। ਗ਼ਰੀਬ ਸਿੱਖਾਂ ਵੱਲ ਵੇਖ ਕੇ ਰਿਆਸਤਾਂ (ਨਾਭਾ, ਪਟਿਆਲਾ, ਕਪੂਰਥਲਾ ਜੀਂਦ ਤੇ ਫ਼ਰੀਦਕੋਟ ਦੇ ਰਾਜੇ ਮਹਾਰਾਜੇ ਤੇ ਧਨਾਢਾਂ) ਅਤੇ ਇੱਥੋਂ ਤੱਕ ਕਿ ਪ੍ਰਿੰਸ ਅਤੇ ਪ੍ਰਿੰਸਸ ਆਫ਼ ਵੇਲਜ਼ ਜਾਰਜ ਪੰਜਵੇਂ ਨੇ ਕਾਲਜ ਆ ਕੇ ਦੋ ਲੱਖ ਰੁਪਏ ਦਾਨ ਵਿੱਚ ਜਮ੍ਹਾਂ ਕਰਵਾਏ।

ਖ਼ਾਲਸਾ ਕਾਲਜ ਦੀ ਵਿਰਾਸਤ ਦਾ ਨੀਂਹ ਪੱਥਰ ਸਰ ਚਾਰਲਸ ਕੇ.ਸੀ.ਐਸ.ਆਈ. ਲੈਫ਼ਟੀਨੈਂਟ ਗਵਰਨਰ ਪੰਜਾਬ ਨੇ 17 ਨਵੰਬਰ 1904 ਨੂੰ ਰੱਖਿਆ।

ਖ਼ਾਲਸਾ ਕਾਲਜ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਆਈ.ਏ.ਐਸ., ਆਈ.ਪੀ.ਐਸ., ਖਿਡਾਰੀ ਅਤੇ ਨਾਮਵਰ ਹਸਤੀਆਂ ਪੈਦਾ ਕੀਤੀਆਂ ਜਿਹਨਾਂ ਵਿੱਚ ਭਾਈ ਜੋਧ ਸਿੰਘ, ਸ੍ਰੀ ਬਿਸ਼ਨ ਸਿੰਘ ਸਮੁੰਦਰੀ, ਮਹਿੰਦਰ ਸਿੰਘ ਰੰਧਾਵਾ, ਮਾਸਟਰ ਹਰੀ ਸਿੰਘ, ਸ੍ਰੀ ਅਮਰੀਕ ਸਿੰਘ, ਸ੍ਰੀ ਸਦਾਨੰਦ ਆਈ.ਏ.ਐਸ., ਡਾ. ਖੇਮ ਸਿੰਘ ਗਿੱਲ, ਸ੍ਰੀ ਮਨੋਹਰ ਸਿੰਘ ਗਿੱਲ, ਪਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ, ਸ੍ਰੀ ਬਿਸ਼ਨ ਸਿੰਘ ਬੇਦੀ, ਪ੍ਰਵੀਨ ਕੁਮਾਰ, ਡਿਫੈਂਸ ਵਿੱਚ ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਰਜਿੰਦਰ ਸਿੰਘ ਸਪੈਰੋ, ਬ੍ਰਿਗੇਡੀਅਰ ਐਨ.ਐਸ. ਸੰਧੂ, ਮੇਜਰ ਜਨਰਲ ਗੁਰਬਖ਼ਸ ਸਿੰਘ ਅਤੇ ਜਨਰਲ ਜਗਜੀਤ ਸਿੰਘ ਅਰੋੜਾ ਸ਼ਾਮਲ ਹਨ।

ਖ਼ਾਲਸਾ ਕਾਲਜ ਦੇ ਅੰਦਰ ਝਾਤੀ ਮਾਰੀ ਜਾਵੇ ਤਾਂ ਪ੍ਰਿੰਸੀਪਲ ਅਤੇ ਆਨਰੇਰੀ ਸਕੱਤਰ ਦੇ ਦਫ਼ਤਰਾਂ ਵਿੱਚ ਲੱਗੀਆਂ ਤਸਵੀਰਾਂ ਆਪ ਮੁਹਾਰੇ ਵਿਰਾਸਤ ਨੂੰ ਉਜਾਗਰ ਕਰਦੀਆਂ ਹਨ। ਹਰ ਮੋਰਚੇ ਵਿੱਚ ਇੱਥੋਂ ਦੇ ਵਿਦਿਆਰਥੀ ਮੋਹਰੀ ਹੁੰਦੇ ਸਨ।

ਸੰਨ 1998 ਵਿੱਚ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਨੇ ਆਪਣੇ ਸੇਵਕ ਬਾਬਾ ਹਰਭਜਨ ਸਿੰਘ ਰਾਹੀਂ ਕਾਲਜ ਦੀ ਇਮਾਰਤ ਉੱਤੇ ਕਰੋੜਾਂ ਰੁਪਏ ਲਗਾ ਕੇ ਸੇਵਾ ਕਰਵਾਈ। ਕਾਲਜ ਦੀ ਤਾਜ਼ਾ ਸਥਿਤੀ ਮੁਤਾਬਕ 85 ਅਧਿਆਪਕ 95 ਫ਼ੀਸਦੀ ਗਰਾਂਟ ਵਾਲੇ, 18 ਅਧਿਆਪਕ ਐਡਹਾਕ, 75 ਮੁਲਾਜ਼ਮ 95 ਫ਼ੀਸਦੀ ਨਾਨ ਟੀਚਿੰਗ, 21 ਮੁਲਾਜ਼ਮ ਨਾਨ ਟੀਚਿੰਗ ਅਨ-ਏਡਿਡ ਤੇ 100 ਦਿਹਾੜੀਦਾਰ ਕਾਮੇ ਹਨ।

1906-07 ਵਿਚ ਖ਼ਾਲਸਾ ਕਾਲਜ ਅੰਮਿ੍ਤਸਰ ਦੀ ਇਮਾਰਤ ਬਣ ਰਹੀ ਸੀ। ਇੰਜੀਨੀਅਰ ਧਰਮ ਸਿੰਘ ਬਿਨਾਂ ਕੋਈ ਤਨਖ਼ਾਹ ਲਏ ਨਿਸ਼ਕਾਮ 'ਸੇਵਾ' ਕਰ ਰਹੇ ਸਨ। ਖ਼ਾਲਸਾ ਕਾਲਜ ਸਬੰਧੀ ਹੋਈ ਇੱਕ ਮੀਟਿੰਗ ਵਿਚ ਅੰਗਰੇਜ਼ ਅਫ਼ਸਰ ਮੇਜਰ ਜਾਹਨ ਹਿੱਲ ਨੇ ਨਿਸ਼ਕਾਮ 'ਸੇਵਾ' ਸਬੰਧੀ ਘਟੀਆ ਲਫ਼ਜ਼ ਵਰਤੇ ਜਿਸ ਦਾ ਸਾਰੇ ਸਿੱਖਾਂ ਨੇ ਬੁਰਾ ਮਨਾਇਆ। ਇਸ 'ਤੇ ਧਰਮ ਸਿੰਘ ਨੇ ਅਪਣੇ ਆਪ ਨੂੰ ਖ਼ਲਾਸਾ ਕਾਲਜ ਤੋਂ ਅਲਹਿਦਾ ਕਰ ਲਿਆ।

10 ਫ਼ਰਵਰੀ, 1907 ਦੇ ਦਿਨ ਜਦ ਨਵਾਂ ਇੰਜੀਨੀਅਰ ਜੋ ਇੱਕ ਅੰਗਰੇਜ਼ ਸੀ ਚਾਰਜ ਲੈਣ ਤਾਂ ਪਾੜਿ੍ਹਆਂ ਨੇ ਹੜਤਾਲ ਕਰ ਦਿਤੀ। ਇਸ ਮਗਰੋਂ ਅੰਗਰੇਜ਼ਾਂ ਨੇ ਖ਼ਾਲਸਾ ਕਾਲਜ ਦਾ ਵਿਧਾਨ ਬਦਲ ਦਿਤਾ ਅਤੇ ਇਸ 'ਤੇ ਕਬਜ਼ਾ ਕਰ ਲਿਆ। ਇਸ ਮਗਰੋਂ ਸਿੱਖ ਰਿਆਸਤਾਂ ਨੇ ਕਾਲਜ ਦੀ ਮਾਲੀ ਮਦਦ ਬੰਦ ਕਰ ਦਿਤੀ। ਅੰਗਰੇਜ਼ਾਂ ਦਾ ਵਿਰੋਧ ਕਰਨ 'ਤੇ ਪ੍ਰੋ. ਜੋਧ ਸਿੰਘ ਤੇ ਹੋਰ ਪ੍ਰੋਫ਼ੈਸਰ ਨੌਕਰੀ ਤੋਂ ਕੱਢ ਦਿਤੇ ਗਏ। ਇਸ ਦੇ ਜਵਾਬੇ-ਅਮਲ ਵਜੋਂ ਸ. ਸੁੰਦਰ ਸਿੰਘ ਰਾਮਗੜ੍ਹੀਆ ਨੇ 1909 ਵਿਚ ਕੀ ਖ਼ਾਲਸਾ ਕਾਲਜ ਸਿੱਖਾਂ ਦਾ ਹੈ? ਪੈਂਫ਼ਲੈੱਟ ਲਿਖ ਕੇ ਖ਼ਾਲਸਾ ਕਾਲਜ ਪੰਥ ਨੂੰ ਮੁੜਵਾਉਣ ਵਾਸਤੇ ਲਹਿਰ ਸ਼ੁਰੂ ਕਰ ਦਿਤੀ।

ਪ੍ਰਿੰਸੀਪਲ

ਕਰਨਲ ਡਬਲਿਊ. ਆਰ. ਐਮ. ਹਾਲੀ ਗਾਈਡ ਮੌਢੀ ਪ੍ਰਧਾਨ ਅਤੇ ਡਾ. ਵਿਲੀਅਮ ਐਚ. ਰੈਟਿੰਗਨ ਬਾਅਦ ਵਿੱਚ ਪ੍ਰਧਾਨ ਰਹੇ।

ਡਾ. ਜੋਹਨ ਚੰਪਬਿਲ(1898 ਤੋਂ 1899),

ਸ. ਕਿਸ਼ਨ ਸਿੰਘ ਕਪੂਰ (1899–1900) ਪਹਿਲਾ ਸਿੱਖ ਪ੍ਰਿੰਸੀਪਲ

ਸ੍ਰੀ. ਐਮ. ਜੀ. ਵੀ. ਕੋਲੇ (1900 ਤੋਂ 1910),

ਸ੍ਰੀ. ਰਿਚਰਡ ਕਾਨੇ (1910 ਤੋਂ 1915),

ਸ੍ਰੀ. ਜੀ. ਏ. ਵਾਥੇਨ (1915 ਤੋਂ 1924),

ਰਾਏ ਬਹਾਦਰ ਮਨਮੋਹਨ(1924 ਤੋਂ 1928),

ਸ੍ਰੀ. ਗੋਪਾਲਾ ਰਾਓ (ਜਨਵਰੀ 1928 ਤੋਂ ਮਈ 1928),

ਸਰਦਾਰ ਬਹਾਦਰ ਬਿਸ਼ਨ ਸਿੰਘ (1928–1936),

ਸਰਦਾਰ ਬਹਾਦਰ ਭਾਈ ਜੋਧ ਸਿੰਘ (1936–1952)

ਸ. ਇੰਦਰ ਸਿੰਘ (1952–1957)

ਡਾ. ਹਰਬੰਤ ਸਿੰਘ (1958–1961)

ਸ. ਬਲਵੰਤ ਸਿੰਘ ਅਜ਼ਾਦ (1962–1963)

ਸ. ਬਿਸ਼ਨ ਸਿੰਘ ਸਮੁੰਦਰੀ (1964–1969)

ਸ. ਸ਼ਾਮ ਸਿੰਘ ਕਪੂਰ (1970–1971)

ਸ. ਹਰਬੰਸ ਸਿੰਘ (1971–1975)

ਸ. ਗੁਰਬਕਸ਼ ਸਿੰਘ ਸ਼ੇਰਗਿਲ (1975–1989)

ਡਾ. ਹਰਭਜਨ ਸਿੰਘ ਸੋਚ (1989–1995)

ਡਾ. ਮਹਿੰਦਰ ਸਿੰਘ ਢਿੱਲੋਂ (1996–2003)

ਡਾ. ਦਲਜੀਤ ਸਿੰਘ (2003–2014)

*ਡਾ ਮਹਿਲ ਸਿੰਘ (2014- ਹੁਣ ਤਕ)*

22 ਅਕਤੂਬਰ 1892 ਨੂੰ ਹਾਈ ਸਕੂਲ ਦੀ ਸ਼ਕਲ ਵਿੱਚ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ ਸੀ।

ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ 

ਭੁਲਾਂ ਦੀ ਖਿਮਾ ਬਖਸ਼ੋ ਜੀ।   (ਜਨ ਸ਼ਕਤੀ ਨਿਊਜ਼ ਬਿਊਰੋ )