ਕਿਰਤੀ ਕਿਸਾਨ ਯੂਨੀਅਨ ਵਲੋਂ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ

ਜਗਰਾਉਂ 17  ਅਕਤੂਬਰ ( ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ) ਕਿਰਤੀ ਕਿਸਾਨ ਯੂਨੀਅਨ ਵਲੋਂ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਯੂਨੀਅਨ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਪਿੰਡ ਭੰਮੀਪੁਰਾ, ਝੋਰੜਾਂ ਵਿਖੇ ਇਕੱਤਰਤਾ ਕੀਤੀ ਅਤੇ 18 ਤਰੀਕ ਨੂੰ ਐਕਸਈਅਨ ਪਾਵਰਕਾਮ ਰਾਏਕੋਟ ਦਫ਼ਤਰ ਅੱਗੇ ਰੱਖੇ ਐਕਸ਼ਨ ਪ੍ਰੋਗਰਾਮ ਵਿੱਚ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਕੱਤਰ ਸਾਧੂ ਸਿੰਘ ਅੱਚਰਵਾਲ, ਵਿੱਤ ਸਕੱਤਰ ਜਗਰੂਪ ਸਿੰਘ ਤੇ ਯੂਥ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਪਹਿਲੇ ਦਿਨ ਤੋਂ ਹੀ ਚਿੱਪ ਵਾਲੇ ਆਟੋਮੈਟਿੱਕ ਮੀਟਰਾਂ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਇਸ ਨਾਲ ਜਿੱਥੇ ਕਰਮਚਾਰੀਆਂ ਦੀ ਛਾਂਟੀ ਹੋਵੇਗੀ, ਉਥੇ ਗਰੀਬਾਂ ਨੂੰ ਮਿਲ ਰਹੀ ਸਬਸਿਡੀ ਭਾਵ ਮੁਫਤ ਯੂਨਿਟ ਖਤਮ ਹੋਣਗੇ ਅਤੇ ਆਮ ਲੋਕਾਂ ਲਈ ਬਿਜਲੀ ਮਹਿੰਗੀ ਹੋ ਜਾਵੇਗੀ। ਆਗੂਆਂ ਨੇ ਆਮ ਲੋਕਾਂ ਨੂੰ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ 18 ਨੂੰ ਐਕਸੀਅਨ ਰਾਏਕੋਟ ਦਫ਼ਤਰ ਅੱਗੇ ਰੱਖੇ ਪ੍ਰੋਗਰਾਮ ਵਿੱਚ ਪਹੁੰਚਣ ਦੀ ਅਪੀਲ ਕੀਤੀ।