You are here

ਭਲਕੇ ਲਈ ਵਿਸ਼ੇਸ਼

    ਪਰਉਪਕਾਰੀ ਮਹਾਂਪੁਰਸ਼ : ਸੰਤ ਬਾਬਾ ਸੁੱਚਾ ਸਿੰਘ
     ਸਿੱਖ ਜਗਤ ਵਿੱਚ ਅਨੇਕਾਂ ਸੰਤ ਮਹਾਂਪੁਰਸ਼ ਹਨ ਜੋ ਗੁਰਮਤਿ ਦੇ ਪ੍ਰਚਾਰ ਤੇ ਨਾਮ ਬਾਣੀ ਰਾਹੀਂ ਭੁੱਲੀ ਭਟਕੀ ਨੌਜਵਾਨ ਪੀੜ੍ਹੀ ਨੂੰ ਸੇਧ ਦੇ ਰਹੇ ਹਨ ਪਰ ਕੁਝ ਸੰਤ ਮਹਾਂਪੁਰਸ਼ ਅਜਿਹੇ ਹਨ ਜੋ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਵਜੋਂ ਜੁੜਨ ਦੀ ਸਮਰੱਥਾ ਰੱਖਦੇ ਹਨ ਤੇ ਆਪਣੇ ਖੇਤਰ ਦੀਆਂ ਪ੍ਰਾਪਤੀਆਂ ਸਦਕਾ ਕੌਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਜਾਂਦੇ ਹਨ।ਅਜਿਹੇ ਹੀ ਸਨ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਵਾਲੇ।
      ਸੰਤ ਬਾਬਾ ਸੁੱਚਾ ਸਿੰਘ ਜੀ ਦਾ ਜਨਮ  1 ਅਕਤੂਬਰ 1948 ਈਸਵੀ ਨੂੰ ਪਿੰਡ ਜਮੀਅਤਗੜ੍ਹ ਭੱਲੇ  ਤਹਿਸੀਲ ਬਲਾਚੌਰ ਜ਼ਿਲ੍ਹਾ ਹੁਸ਼ਿਆਰਪੁਰ  ਵਿਖੇ ਪਿਤਾ ਸ੍ਰ: ਨਗੀਨਾ ਸਿੰਘ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ। ਉਨਾਂ ਦੇ ਵਡੇਰਿਆਂ ਨੂੰ ਦਸਮੇਸ਼ ਪਿਤਾ ਦੇ ਹਜ਼ੂਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਉਹਨਾਂ ਦੇ ਪਿਤਾ ਬੱਬਰ ਅਕਾਲੀ ਲਹਿਰ ਦੇ ਮੋਢੀਆਂ ਵਿੱਚੋਂ ਸਨ । ਸੰਤ ਜੀ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਅੱਠਵੀਂ ਜਮਾਤ ਤੱਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ । ਉਹ ਬਚਪਨ ਤੋਂ ਹੀ ਸੰਤ ਸੁਭਾਅ ਦੇ ਮਾਲਕ ਸਨ । ਉਹਨਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਧਾਰਮਿਕ ਜੀਵਨ ਆਰੰਭ ਕੀਤਾ। ਬੜੂ ਸਾਹਿਬ (ਹਿਮਾਚਲ ਪ੍ਰਦੇਸ਼ ), ਹਜੂਰ ਸਾਹਿਬ ਆਦਿ ਥਾਵਾਂ ਤੇ ਤਪੱਸਿਆ ਕਰਨ ਉਪਰੰਤ ਉਹ ਘੁੱਗ ਵੱਸਦੇ ਸ਼ਹਿਰ ਚ ਰੌਲੇ -ਗੌਲੇ ਤੋਂ ਬਾਹਰਵਾਰ ਨਹਿਰ ਦੇ ਪਰਲੇ ਪਾਸੇ 1986 ਈਸਵੀ ਵਿੱਚ ਗੁਰਦੁਆਰਾ ਸਾਹਿਬ ਦੀ ਆਪਣੇ ਹੱਥੀਂ  ਤਾਮੀਰ ਕਰਕੇ ਨਾਂ 'ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ' ਰੱਖਿਆ ।
             ਸੰਤ ਬਾਬਾ ਸੁੱਚਾ ਸਿੰਘ ਮੰਚ ਤੇ ਉਦੋਂ ਉਭਰੇ ਜਦੋਂ 1991 ਵਿੱਚ ਗੁਰਬਾਣੀ ਸੰਗੀਤ ਬੁਰੀ ਤਰ੍ਹਾਂ ਨਾਲ ਫਿਲਮੀ ਤਰਜਾਂ ਵੱਲ ਵਧ ਰਿਹਾ ਸੀ। ਉਹਨਾਂ ਆਪਣੀ ਦ੍ਰਿੜ੍ਹਤਾ , ਦੂਰ ਅੰਦੇਸ਼ੀ ਸੂਝ ਅਤੇ ਆਤਮ ਗਿਆਨ ਨਾਲ ਇਸ ਨੂੰ ਸਹੀ ਦਿਸ਼ਾ ਵੱਲ ਮੋੜਿਆ । ਧਰਮ ਪ੍ਰਚਾਰ ਨੂੰ ਸਹੀ ਅਰਥਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਲਈ ਉਹਨਾਂ 1991 ਵਿੱਚ 'ਵਿਸਮਾਦ ਨਾਦ' ਨਾਂ ਵਾਲੀ ਸੰਸਥਾ ਬਣਾਈ, ਇਸ ਸੰਸਥਾ ਦਾ ਮੁੱਖ ਉਦੇਸ਼ ਸਿੱਖ ਵਿਰਸੇ ਦੀ ਖੋਜ ,ਗੁਰਮਤਿ ਸੰਗੀਤ ਦੀ ਸੰਭਾਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਪਾਸਾਰ ਕਰਨਾ ਸੀ । ਉਹਨਾਂ ਪੂਰੇ ਦੇਸ਼ 'ਚ ਵਿਚਰ ਕੇ ਗੁਰਮਤਿ ਵਿੱਚ ਕੀਰਤਨ ਦੇ ਪ੍ਰਮੁੱਖ ਤੰਤੀ ਸਾਜ ਰਬਾਬ, ਸਰੰਦਾ , ਤਾਊਸ , ਦਿਲਰੁਬਾ , ਤਾਨਪੁਰਾ ਆਦਿ ਲੱਭੇ।                   ਗੁਰਮਤਿ ਸੰਗੀਤ ਦੀ ਅਲੋਪ ਹੋਈ ਪਛਾਣ ਨੂੰ ਪੁਨਰ ਸੁਰਜੀਤ ਕਰਨ ਲਈ ਸੰਨ 1991 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31 ਰਾਗਾਂ ਦੇ ਸਰੂਪ ਨਿਸ਼ਚਿਤ ਕਰਕੇ ਇੱਕ ਮਹਾਨ 'ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ' ਕਰਵਾਇਆ । ਇਹ ਸੰਮੇਲਨ ਆਪਣੇ ਆਪ ਵਿੱਚ ਵਾਕਿਆ ਹੀ ਅਦੁੱਤੀ ਸੀ ਜੋ ਅੱਜ ਤੱਕ ਜਾਰੀ ਹੈ।।
         ਸੰਤ ਬਾਬਾ ਸੁੱਚਾ ਸਿੰਘ ਵੱਲੋਂ 1991 ਤੋਂ 2002 ਈਸਵੀ ਤੱਕ 11 ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਬੜੀ ਸਫਲਤਾ ਪੂਰਵਕ ਕਰਵਾਏ ਗਏ , ਇਹਨਾਂ ਸੰਮੇਲਨਾਂ ਦੀ ਦੇਸ਼ ਵਿਦੇਸ਼ ਚ ਬੜੀ ਸ਼ਲਾਘਾ ਹੋਈ। ਸੰਤ ਬਾਬਾ ਸੁੱਚਾ ਸਿੰਘ ਨੇ ਆਪਣੀ ਰਹਿਨਮਾਈ ਹੇਠ ਅਨੇਕਾਂ ਸੈਮੀਨਾਰ, ਗੋਸ਼ਟੀਆਂ ਕਰਵਾਈਆਂ।  ਉਹਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੇ ਜਨਮ ਸਥਾਨਾਂ ਨੂੰ ਜਗਾਉਣ ਹਿੱਤ ਦੇਸ਼ ਭਰਮਣ ਵਾਲੀ ਸ਼ਬਦ ਯਾਤਰਾ ਕੀਤੀ। ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬਜ਼ਾਰੀ ਵਿਕਰੀ ਬੰਦ ਕਰਵਾਉਣ ਹਿੱਤ ਸੰਤ ਬਾਬਾ ਸੁੱਚਾ ਸਿੰਘ ਜੀ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਨਿਜ ਥਾਉ' ਭਵਨ ਦੀ ਉਸਾਰੀ ਕੀਤੀ ਤਾਂ ਕਿ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਰਨਾ ਸਿਖਾਇਆ ਜਾ ਸਕੇ । ਬਾਬਾ ਸੁੱਚਾ ਸਿੰਘ ਜੀ ਬਚਨ ਕਰਦੇ ਸਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੈ ਤਾਂ ਸਮਝੋ ਬਰਕਤਾਂ ਹੀ ਬਰਕਤਾਂ ਹਨ । ਬਾਬਾ ਜੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਾਲ ਵਿੱਚ ਚਾਰ ਵਾਰੀ ਨਾਮ ਅਭਿਆਸ ਸਮਾਗਮ ਕਰਵਾਇਆ ਜਾਂਦਾ ਸੀ  ਜੋ ਅੱਜ ਵੀ ਜਾਰੀ ਹੈ,ਜਿਸ ਵਿੱਚ ਹਾਜ਼ਰੀ ਭਰ ਕੇ ਅਨੇਕਾਂ ਜੀਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਨੂੰ ਮਾਣਦੇ।
         ਸੰਤ ਬਾਬਾ ਸੁੱਚਾ ਸਿੰਘ ਜੀ ਨੇ ਗੁਰ ਸ਼ਬਦ ਸੰਗੀਤ ਅਕੈਡਮੀ ਦੀ ਸਥਾਪਨਾ ਕੀਤੀ ਜਿਸ ਵਿੱਚ ਵਰਤਮਾਨ ਸਮੇਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸਰਪ੍ਰਸਤੀ ਹੇਠ 200 ਦੇ ਕਰੀਬ ਵਿਦਿਆਰਥੀਆਂ ਨੂੰ ਉੱਚ ਕੋਟੀ ਦੇ ਨਾਮਵਰ ਉਸਤਾਦਾਂ ਤੋਂ ਗੁਰਬਾਣੀ ਸੰਥਿਆ, ਸ਼ਬਦ ਕੀਰਤਨ ,ਕਥਾ ਵਿਚਾਰ ਅਤੇ ਤਬਲਾ ਹਾਰਮੋਨੀਅਮ ਦੇ ਤੰਤੀ ਸਾਜਾਂ ਵਿੱਚ ਵਿੱਦਿਆ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਬਾਬਾ ਜੀ ਸੰਗਤਾਂ ਨੂੰ ਆਪਣੇ ਨਾਲ ਨਾ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਸਨ। ਬਾਬਾ ਜੀ ਆਪਣੀ ਬੁੱਧੀ ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਆਪਣੀ ਜ਼ਿੰਦਗੀ ਦੇ ਮੀਲ ਪੱਥਰ ਆਪ ਨਿਸ਼ਚਿਤ ਕਰਦੇ ਤੇ ਪੂਰੀ ਦ੍ਰਿੜ੍ਹਤਾ ਤੇ ਆਤਮ ਵਿਸ਼ਵਾਸ ਨਾਲ ਪੜਾਅ ਦਰ ਪੜਾਅ ਪਾਰ ਕਰਦੇ ਜਾਂਦੇ। ਗੁਰੂ ਪੰਥ ਦੀ ਉੱਨਤੀ ਤੇ ਚੜ੍ਹਦੀ ਕਲਾ ਲਈ ਵੱਡੇ- ਵੱਡੇ  ਕਾਰਜ ਕਰਨੇ ਹਰ ਸਮੇਂ ਉਹਨਾਂ ਦੀ ਉਮੰਗ ਸੀ।
     ਵਿਸ਼ਵ ਸਿੱਖ ਸੰਮੇਲਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾਇਆ ਇਹ ਸੁਪਨਾ ਵੀ ਬਾਬਾ ਜੀ ਦਾ ਹੀ ਸੀ। ਬਾਬਾ ਜੀ ਨੂੰ ਪੰਥ ਦੀਆਂ ਮਹਾਨ ਸੇਵਾਵਾਂ ਬਦਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 'ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ' ਦੀ ਉਪਾਧੀ ਨਾਲ ਨਿਵਾਜਿਆ ਗਿਆ । ਤਖਤ ਸ਼੍ਰੀ ਹਜੂਰ ਸਾਹਿਬ ਤੋਂ ਆਪ ਜੀ ਨੂੰ 'ਪੰਜ ਸ਼ਸਤਰਾਂ' ਨਾਲ ਸਨਮਾਨਿਤ ਕੀਤਾ ਗਿਆ। ਤਖਤ ਸੱਚਖੰਡ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ 'ਸ਼੍ਰੋਮਣੀ ਸੇਵਾ ਰਤਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
            ਸੇਵਾ ਸਿਮਰਨ ਦੇ ਪੁੰਜ, ਪਰਉਪਕਾਰੀ, ਬ੍ਰਹਮ- ਗਿਆਨੀ ਸੰਤ ਬਾਬਾ ਸੁੱਚਾ ਸਿੰਘ ਜੀ 27 ਅਗਸਤ  2002 ਈਸਵੀ ਨੂੰ 54 ਸਾਲ ਦੀ ਉਮਰ ਬਤੀਤ ਕਰਕੇ ਸੱਚ -ਖੰਡ ਜਾ ਬਿਰਾਜੇ। ਸੰਤ ਬਾਬਾ ਸੁੱਚਾ ਸਿੰਘ ਜੀ ਦੀ ਖੂਬਸੂਰਤ ਵੱਡ ਆਕਾਰੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ ।
       ‌      ‌‌        ‌   ਕਰਨੈਲ ਸਿੰਘ ਐੱਮ ਏ ਲੁਧਿਆਣਾ
               1138/63-ਏ, ਗੁਰੂ ਤੇਗ ਬਹਾਦਰ ਨਗਰ,          ਗਲੀ ਨੰਬਰ 1, ਚੰਡੀਗੜ੍ਹ ਰੋਡ ,ਜਮਾਲਪੁਰ, ਲੁਧਿਆਣਾ 
Email: karnailsinghma@gmail.com