ਜਗਰਾਉ 23 ਅਪ੍ਰੈਲ (ਅਮਿਤਖੰਨਾ) ਜੀ.ਐੱਚ. ਜੀ. ਅਕੈਡਮੀ ,ਜਗਰਾਓਂ ਵਿਖੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਦਸਵੀਂ ਜਮਾਤ ਅਜੀਤ ਹਾਊਸ ਦੀ ਵਿਦਿਆਰਥਣ ਹਰਜਿੰਦ ਕੌਰ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਪੰਦਰਾਂ ਅਪ੍ਰੈਲ 1563 ਈਸਵੀ ਨੂੰ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ।ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਇਸ ਦੀ ਨੀਂਹ ਸਾਈਂ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਗਈ।ਗੁਰੂ ਜੀ ਨੇ ਜਾਤ ਪਾਤ ਅਤੇ ਧਰਮਾਂ ਦਾ ਭੇਦਭਾਵ ਮਿਟਾਉਣ ਲਈ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਜੋ ਇਸ ਗੱਲ ਦਾ ਸੰਕੇਤ ਸਨ ਕਿ ਕਿਸੇ ਵੀ ਦਿਸ਼ਾ ਤੋਂ ਕੋਈ ਵੀ ਇਨਸਾਨ ਨਤਮਸਤਕ ਹੋਣ ਲਈ ਆ ਸਕਦਾ ਹੈ ।ਉਨ੍ਹਾਂ ਨੇ ਗੁਰੂ ਜੀ ਬਾਰੇ ਦੱਸਦਿਆਂ ਇਹ ਵੀ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਮੁਗ਼ਲ ਜਹਾਂਗੀਰ ਗੁਰੂ ਜੀ ਦੀ ਵਧ ਰਹੀ ਪ੍ਰਸਿੱਧੀ ਨੂੰ ਦੇਖ ਕੇ ਗੁਰੂ ਜੀ ਨਾਲ ਈਰਖਾ ਖਾਣ ਲੱਗਾ ਅਤੇ ਉਸ ਨੇ ਗੁਰੂ ਜੀ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਪਰ ਗੁਰੂ ਜੀ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ।ਜਿਸ ਕਰਕੇ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਗੲੇ। ਪਰ ਨਿਮਰਤਾ ਦੇ ਪੁੰਜ ਗੁਰੂ ਜੀ ਨੇ ਮੂੰਹੋਂ ਸੀ ਨਾ ਬੋਲੀ ਅਤੇ ਬਾਣੀ ਦਾ ਜਾਪ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।ਗੁਰੂ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਸ਼ਹੀਦੀ ਪ੍ਰਾਪਤ ਕੀਤੀ।ਇਸ ਕਰਕੇ ਇਨ੍ਹਾਂ ਨੂੰ 'ਸ਼ਹੀਦਾਂ ਦੇ ਸਿਰਤਾਜ' ਵੀ ਕਿਹਾ ਜਾਂਦਾ ਹੈ।ਅਖੀਰ ਵਿੱਚ ਜੀ. ਐਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਪਾਏ ਪੂਰਨਿਆਂ ਤੇ ਚੱਲਣ, ਗੁਰਬਾਣੀ ਨੂੰ ਪੜ੍ਹਨ ਅਤੇ ਉਸ ਉੱਪਰ ਅਮਲ ਕਰਨ ਦੀ ਪ੍ਰੇਰਨਾ ਦਿੱਤੀ।