ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਡਾ. ਸਵਾਮੀਨਾਥਨ ਦੇ ਦਿਹਾਂਤ 'ਤੇ ਉਹਨਾਂ ਦੀ ਦੇਣ ਨੂੰ ਯਾਦ ਕੀਤਾ

 

ਲੁਧਿਆਣਾ 29 ਸਤੰਬਰ (ਟੀ. ਕੇ.) ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਦੇਸ਼ ਵਿਚ ਹਰੀ ਕ੍ਰਾਂਤੀ ਦੇ ਪਿਤਾਮਾ ਸਮਝੇ ਜਾਣ ਵਾਲੇ ਡਾ. ਐੱਮ ਐੱਸ ਸਵਾਮੀਨਾਥਨ ਦੇ ਦਿਹਾਂਤ ਤੇ ਉਹਨਾਂ ਦੀਆਂ ਸੇਵਾਵਾਂ ਅਤੇ ਦੇਣ ਨੂੰ ਪੀ.ਏ.ਯੂ. ਵਿਚ ਯਾਦ ਕੀਤਾ ਗਿਆ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉਹਨਾਂ ਨੂੰ ਭਾਰਤ ਵਿਚ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲਾ ਸੁਹਿਰਦ ਖੇਤੀ ਵਿਗਿਆਨੀ ਕਿਹਾ| ਉਹਨਾਂ ਕਿਹਾ ਕਿ ਡਾ. ਸਵਾਮੀਨਾਥਨ ਦੀ ਮੌਤ ਨਾਲ ਖੇਤੀ ਖੇਤਰ ਵਿਚ ਕਦੇ ਨਾ ਪੂਰਿਆ ਜਾ ਸਕਣ ਵਾਲਾ ਖਲਾਅ ਪੈਦਾ ਹੋ ਗਿਆ ਹੈ|

 ਡਾ. ਗੋਸਲ ਨੇ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਅਹਿਮ ਪੜਾਅ ਤੇ ਡਾ. ਸਵਾਮੀਨਾਥਨ ਵੱਲੋਂ ਦਿੱਤੇ ਯੋਗਦਾਨ ਨੂੰ ਯਾਦ ਕੀਤਾ| ਉਹਨਾਂ ਕਿਹਾ ਕਿ ਉਹਨਾਂ ਦੇ ਯਤਨ ਦੇਸ਼ ਦੀ ਬਹੁਗਿਣਤੀ ਅਬਾਦੀ ਲਈ ਕੀਤੇ ਗਏ ਸਨ| ਡਾ. ਸਵਾਮੀਨਾਥਨ ਨੇ ਨੌਰਮਨ ਬੋਰਲਾਗ ਨਾਲ ਮਿਲ ਕੇ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਨਾਲ-ਨਾਲ ਝੋਨੇ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਦਾ ਵਿਕਾਸ ਕੀਤਾ| ਇਸੇ ਸਦਕਾ ਅਨਾਜ ਦੀ ਤੰਗੀ ਨਾਲ ਜੂਝਦੇ ਅਤੇ ਭੁਖਮਰੀ ਹੰਢਾਉਂਦੇ ਭਾਰਤ ਦੀ ਜਨਤਾ ਅੰਨ ਪੱਖੋਂ ਸਵੈ-ਨਿਰਭਰ ਹੋਈ| ਡਾ. ਗੋਸਲ ਨੇ ਯਾਦ ਕੀਤਾ ਕਿ ਡਾ. ਸਵਾਮੀਨਾਥਨ ਦੀਆਂ ਕੋਸ਼ਿਸ਼ਾਂ ਸਦਕਾ ਖੇਤੀ ਵਿਚ ਉਤਪਾਦਨ ਤਕਨੀਕਾਂ ਦੀ ਵੀ ਕ੍ਰਾਂਤੀ ਦੇਖਣ ਨੂੰ ਮਿਲੀ ਅਤੇ ਭਾਰਤ ਵਾਧੂ ਅਨਾਜ ਵਾਲਾ ਦੇਸ਼ ਬਣਨ ਵੱਲ ਤੁਰਿਆ|

 ਡਾ. ਗੋਸਲ ਨੇ ਪੂਰੀ ਦੁਨੀਆਂ ਲਈ ਸ਼੍ਰੀ ਸਵਾਮੀਨਾਥਨ ਦੀ ਦੇਣ ਨੂੰ ਯਾਦ ਕਰਦਿਆਂ ਉਹਨਾਂ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਵੱਲੋਂ ਫਾਦਰ ਆਫ ਇਕਨੋਮਿਕ ਇਕਾਲਜੀ ਵਜੋਂ ਜਾਣੇ ਜਾਣ ਦੀ ਗੱਲ ਕੀਤੀ| ਉਹਨਾਂ ਨੇ ਕਿਹਾ ਹਰੀ ਕ੍ਰਾਂਤੀ ਜੇਕਰ ਆਪਣੇ ਸਾਰਥਕ ਰੂਪ ਵਿਚ ਕਿਸਾਨੀ ਦੇ ਨਾਲ-ਨਾਲ ਦੇਸ਼ ਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕੀ ਤਾਂ ਇਸਦਾ ਸਿਹਰਾ ਡਾ. ਸਵਾਮੀਨਾਥਨ ਦੀ ਦੂਰ-ਅੰਦੇਸ਼ੀ ਨੂੰ ਜਾਂਦਾ ਹੈ| ਉਹਨਾਂ ਨੇ ਦਿਖਾਇਆ ਕਿ ਵਿਗਿਆਨਕ ਖੋਜਾਂ ਦੀ ਵਰਤੋਂ ਕਰਕੇ ਕਿਵੇਂ ਲੋਕ ਭਲਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ|
ਵਾਈਸ ਚਾਂਸਲਰ ਨੇ ਭਾਵਪੂਰਤ ਸ਼ਬਦਾਂ ਨਾਲ ਯਾਦ ਕੀਤਾ ਕਿ ਉਹਨਾਂ ਨੂੰ 1987 ਵਿਚ ਵਿਸ਼ਵ ਭੋਜਨ ਪੁਰਸਕਾਰ ਨਾਲ ਨਿਵਾਜਿਆ ਗਿਆ| ਇਸ ਤੋਂ ਪਹਿਲਾਂ 1986 ਵਿਚ ਅਲਬਰਡ ਆਇਨਸਟਾਈਨ ਵਿਸ਼ਵ ਵਿਗਿਆਨ ਪੁਰਕਸਾਰ ਨਾਲ ਅਤੇ 1971 ਵਿਚ ਰੇਮਾਨ ਮੈਗਸਾਸੇ ਪੁਰਸਕਾਰ ਨਾਲ ਡਾ. ਸਵਾਮੀਨਾਥਨ ਦਾ ਸਨਮਾਨ ਹੋਇਆ| ਵਿਸ਼ਵ ਦੀਆਂ ਚੋਟੀਆਂ ਦੀਆਂ ਸੰਸਥਾਵਾਂ ਵੱਲੋਂ ਇਹ ਪੁਰਸਕਾਰ ਦਿੱਤੇ ਜਾਣਾ ਸਾਬਤ ਕਰਦਾ ਹੈ ਕਿ ਡਾ. ਸਵਾਮੀਨਾਥਨ ਦੁਨੀਆਂ ਭਰ ਵਿਚ ਆਪਣੀ ਵਿਗਿਆਨਕ ਦੇਣ ਲਈ ਕਿੰਨੇ ਸਤਕਾਰੇ ਜਾਣ ਵਾਲੇ ਮਾਹਿਰ ਸਨ ਜਿਨ•ਾਂ ਨੇ ਅੰਤਰਰਾਸ਼ਟਰੀ ਖੇਤੀ ਅਤੇ ਜਲਵਾਯੂ ਨੂੰ ਨਵੀਆਂ ਸਿਖਰਾਂ ਤੱਕ ਪਹੁੰਚਾਇਆ|

 ਡਾ. ਗੋਸਲ ਨੇ ਇਹ ਵੀ ਯਾਦ ਦਿਵਾਇਆ ਕਿ ਡਾ. ਸਵਾਮੀਨਾਥਨ ਸਥਿਰ ਖੇਤੀ ਤਰੀਕਿਆਂ ਨੂੰ ਪ੍ਰਵਾਨ ਕਰਾਉਣ ਲਈ ਨਵੀਆਂ ਖੇਤੀ ਵਿਧੀਆਂ ਬਾਰੇ ਸਮਰਪਿਤ ਮਾਹਿਰ ਸਨ| ਇਸੇ ਲਈ ਚੇਨਈ ਵਿਚ ਐੱਮ ਐੱਸ ਸਵਾਮੀਨਾਥਨ ਖੋਜ ਫਾਊਂਡੇਸ਼ਨ ਦੀ ਸਥਾਪਤੀ ਕੀਤੀ ਗਈ ਅਤੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਉਹਨਾਂ ਨੂੰ ਪ੍ਰਦਾਨ ਕੀਤੇ ਗਏ|

ਡਾ. ਗੋਸਲ ਨੇ ਡਾ. ਸਵਾਮੀਨਾਥਨ ਨਾਲ ਆਪਣੇ ਨਿੱਜੀ ਸੰਬੰਧਾਂ ਦੀ ਗੱਲ ਕਰਦਿਆਂ ਜ਼ਾਹਿਰ ਕੀਤਾ ਕਿ ਉਹ ਉਹਨਾਂ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਹਮੇਸ਼ਾਂ ਪ੍ਰਭਾਵਿਤ ਰਹੇ| ਉਹਨਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਖੇਤੀ ਖੋਜਾਂ ਰਾਹੀਂ ਲੋਕ ਭਲਾਈ ਦੀ ਭਾਵਨਾ ਖੇਤੀ ਖੇਤਰ ਦੇ ਸਾਰੇ ਖੋਜੀਆਂ ਨੂੰ ਮੋਹਦੀ ਰਹੀ ਹੈ| ਡਾ. ਸਵਾਮੀਨਾਥਨ ਨੇ ਇਹ ਸਮਰਪਣ, ਲਗਨ ਅਤੇ ਸਿਦਕ ਆਪਣੀ ਵਿਰਾਸਤ ਦੇ ਤੌਰ ਤੇ ਆਉਣ ਵਾਲੇ ਮਾਹਿਰਾਂ ਲਈ ਛੱਡਿਆ ਹੈ|

 ਭਰੇ ਮਨ ਨਾਲ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸਵਾਮੀਨਾਥਨ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਆਸ ਪ੍ਰਗਟਾਈ ਕਿ ਉਹਨਾਂ ਦੀ ਸ਼ਖਸੀਅਤ ਯੁੱਗਾਂ-ਯੁੱਗਾਂ ਤੱਕ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਕਾਰਜ ਨਾਲ ਪੂਰੀ ਤਨਦੇਹੀ ਨਾਲ ਜੁੜਨ ਰਹਿਣ ਲਈ ਪ੍ਰੇਰਿਤ ਕਰਦੀ ਰਹੇਗੀ|