"ਵਿਸ਼ਵ ਦਿਲ ਦਿਵਸ"   ਦੇ ਸੰਦਰਭ ਵਿਚ ਵਾਕਾਥਨ ਕਰਵਾਈ 

ਲੁਧਿਆਣਾ, 24 ਸਤੰਬਰ (ਟੀ. ਕੇ.) ਵਿਸ਼ਵ ਦਿਲ ਦਿਵਸ ਨੂੰ ਮੱਦੇਨਜ਼ਰ  ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਵਾਕਥਨ ਕਰਵਾਈ ਗਈ। ਕਾਰਡੀਓਵੈਸਕੁਲਰ ਕੇਅਰ ਲਈ  "ਹਰ ਦਿਲ ਦੀ ਧੜਕਣ ਲਈ ਦਿਲ ਦੀ ਵਰਤੋਂ ਕਰੋ!" ਥੀਮ ਦੀ ਵਰਤੋਂ ਕਰਦੇ ਹੋਏ ਇੱਕ "ਵਾਕਥਨ" ਕਰਵਾਈ ਗਈ ਜੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਗੁਜਰਦੀ ਹੋਈ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਸੁਨੇਹਾ ਦਿੰਦੀ ਗਈ। ਇਸ ਵਾਕਥਨ ਵਿਚ 
 ਡਾਕਟਰਾਂ, ਨਰਸਾਂ, ਹਸਪਤਾਲ ਸਟਾਫ਼ ਅਤੇ ਕਾਲਜ/ ਹਸਪਤਾਲ ਦੀ ਟੀਮ ਦੇ ਮੈਂਬਰਾਂ ਸਮੇਤ ਡਾ. ਜੈਰਾਜ ਡੀ. ਪਾਂਡੀਅਨ ਪ੍ਰਿੰਸੀਪਲ ਮੈਡੀਕਲ ਕਾਲਜ, ਸ੍ਰੀ ਗਲੈਡਿਸ ਐਸ. ਕੁਮਾਰ ਨਰਸਿੰਗ ਸੁਪਰਡੈਂਟ, ਡੀ.ਵਾਈ.
 ਨਰਸਿੰਗ ਸੁਪਰਡੈਂਟ,  ਸੰਗੀਤਾ ਨਿਕੋਲਸ ਅਤੇ ਸੰਗੀਤਾ ਸੈਮੂਅਲ, ਡਾ: ਸ਼ਿਵਾਨੀ ਸੰਧੂ, ਡਾ: ਹਨੀ ਚੌਧਰੀ, ਡਾ: ਵਿਕਰਮਜੀਤ ਸਿੰਘ, ਡਾ: ਅਦਿਤੀ, ਡਾ: ਗੌਰਵ ਗੁਪਤਾ, ਡਾ: ਜਤਿੰਦਰਾ ਸਿੰਘ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾ ਗੁਰਭੇਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਖਾਸ ਕਰਕੇ ਲੁਧਿਆਣਾ ਵਿੱਚ ਦਿਲ ਦੀਆਂ ਬਿਮਾਰੀਆਂ ਚਿੰਤਾਜਨਕ ਦਰ ਨਾਲ ਵੱਧ ਰਹੀਆਂ ਹਨ। ਗੈਰ-ਸਿਹਤਮੰਦ ਜੀਵਨਸ਼ੈਲੀ ਵਿਕਲਪਾਂ ਨੇ ਭਾਰਤੀ ਆਬਾਦੀ ਵਿੱਚ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਜੋਖਮ ਨੂੰ ਵਧਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਬਣ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖੀਏ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਤੁਰੰਤ ਰੋਕਥਾਮ ਵਾਲੇ ਕਦਮ ਉਠਾਈਏ।ਉਨ੍ਹਾਂ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰਨਾ ਚਾਹੀਦਾ ਹੈ। ਡਾ: ਗੁਰਭੇਜ ਸਿੰਘ ਨੇ ਅੱਗੇ ਕਿਹਾ ਕਿ ਵੱਡੇ ਪੱਧਰ 'ਤੇ ਰੋਕਥਾਮਯੋਗ ਹੋਣ ਦੇ ਬਾਵਜੂਦ, ਕਾਰਡੀਓਵੈਸਕੁਲਰ ਬਿਮਾਰੀ (ਸੀ. ਵੀ. ਡੀ. )ਹਰ ਸਾਲ 20.5 ਮਿਲੀਅਨ ਤੋਂ ਵੱਧ ਮੌਤਾਂ ਦਾ ਕਾਰਨ ਬਣਦੀ ਹੈ। ਅੰਦਾਜ਼ਨ 80 ਫੀਸਦੀ ਕਾਰਡੀਓਵੈਸਕੁਲਰ ਰੋਗ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਸਮੇਤ, ਰੋਕਥਾਮਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਣ ਪੀਣ ਦੀਆਂ ਆਦਤਾਂ ਵਿਚ ਕੰਟਰੋਲ ਕਰਦਿਆਂ ਸਾਨੂੰ ਕਸਰਤ ਕਰਨ ਵਲ ਆਪਣਾ ਮੂੰਹ ਕਰਨਾ ਚਾਹੀਦਾ ਹੈ।