ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ ✍️ ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ 

ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ

ਜਦੋਂ ਕੋਈ ਵਿਆਹ ਹੁੰਦਾ ਸੀ ਤਾਂ ਲਾਗੀ ਦੇ ਹੱਥ ਗੱਡੀ ਭੇਜਦੇ ਸੀ। ਉਸ ਗੱਠ ਤੇ ਖੱਮਣੀ ਬੰਨ੍ਹ ਕੇ ਚੌਲ ਦੇ ਦਾਣੇ ਤੇ ਹਲਦੀ ਲਾਈ ਹੁੰਦੀ ਸੀ । ਗੱਠ ਤੋਰਨੀ ਤੇ ਖੋਲ੍ਹਣੀ ਇਕ ਰਸਮ ਹੁੰਦੀ ਸੀ । ਗੱਠ ਤੋਂ ਬਾਅਦ ਵਿਆਹ ਦੇ ਕਾਰਡ ਛਪਦੇ, ਵੰਡੇ ਜਾਂਦੇ । ਸਰਮਾਏਦਾਰੀ ਦੌਰ ਵਿੱਚ ਆਮ ਵਿਅਕਤੀ ਦੇ ਪਹਿਲਾਂ ਪੀਲੇ ਕਾਰਡ ਬਣਦੇ ਸੀ। ਫੇਰ ਨੀਲੇ ਬਨਣ ਲੱਗੇ । ਜਦੋਂ 1984 ਦੇ ਵਿਚ ਸਿੱਖਾਂ ਦਾ ਕਤਲੇਆਮ ਹੋਇਆ ।ਉਦੋਂ ਲਾਲ ਕਾਰਡ ਬਣੇ । ਪਹਿਲਾਂ ਵੀ ਹੁਣ ਵੀ ਨਕਲੀ ਕਾਰਡ ਬਣਾਉਣ ਵਾਲੇ ਨਕਲੀ ਗਰੀਬ,ਸੁਤੰਤਰਤਾ ਸੰਗਰਾਮੀ, ਧਰਮ ਯੁੱਧ ਮੋਰਚਾ, ਨਕਲੀ ਦੰਗਾ ਪੀੜਤ, ਨਕਲੀ  ਨਕਲੀ । ਬੜਾ ਕੁਝ ਹੁੰਦਾ ਹੈ ਤੇ ਹੋ ਰਿਹਾ ਹੈ। ਸਮਾਜ ਵੀ ਨਕਲੀ ਤੇ ਰਿਸ਼ਤੇ ਵੀ ਨਕਲੀ । ਸੌਦੇ ਦੇ ਰਿਸ਼ਤੇ ਨਾਤੇ ਹੁੰਦੇ ਰਹੇ । ਪੰਜਾਬੀਆਂ ਨੇ ਵਿਦੇਸ਼ ਜਾਣ ਲਈ ਰਿਸ਼ਤਿਆਂ ਦਾ ਘਾਣ ਕੀਤਾ । ਨੂੰਹ ਸਹੁਰੇ ਦੀ ਸਾਲੀ। ਕੁੜਮ ਦੀ ਘਰਵਾਲੀ ਬਣਾ ਕੇ ਵਿਦੇਸ਼ਾਂ ਵਿੱਚ ਗਏ । ਹੁਣ ਉਹ ਹਿੱਕ ਥਾਪੜ ਕੇ ਕਹਿ ਰਹੇ ਹਨ ਕਿ ਅਸੀਂ ਕੈਨੇਡੀਅਨ ।

ਕੈਨੇਡਾ ਦੀ ਗੱਲ ਯਾਦ ਆਈ ਹੈ ।ਇਥੇ ਅਗਲੇ ਸਮਿਆਂ ਵਿਚ ਪੰਜਾਬੀ ਵਰਲਡ ਕਾਨਫਰੰਸ ਹੋਣੀ ਹੈ ਪੰਜਾਬ ਭਵਨ ਕੈਨੇਡਾ । ਇਸ ਦਾ ਮੁੱਖ ਪ੍ਰਬੰਧਕ ਪੰਜਾਬੀ ਭਾਸ਼ਾ ਤੇ ਪੰਜਾਬੀਆਂ ਦਾ ਫਿਕਰਮੰਦ ਸੁੱਖੀ । ਜਿਹੜਾ ਬੰਦਾ ਸੁਖੀ  ਹੋਵੇ ਉਹ ਹੀ ਸਮਾਜ ਸੇਵਾ ਕਰ ਸਕਦਾ ਹੈ । ਸੇਵਾ ਕਰਨੀ ਤੇ ਕਰਵਾਉਣੀ ਔਖਾ ਕੰਮ ਹੈ । ਇਹਨਾਂ ਨੇ ਪੰਜਾਬ ਸਮੇਤ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਨੀਲੇ ਪੱਤਰ ਭੇਜੇ ਹਨ। ਇਹ ਨੀਲੇ ਪੱਤਰ ਫੇਸ ਬੁੱਕ ਤੇ ਸੋਸ਼ਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ।ਅਖਬਾਰਾਂ ਵਿਚ ਖਬਰਾਂ ਲਗਵਾ ਰਹੇ ਹਨ। ਇਹ ਪੱਤਰ  ਨਾ ਸਪੌਸਰ ਸ਼ਿਪ ਐ ਤੇ ਨਾ ਹੀ ਕੈਨੇਡਾ ਦੀ ਜਹਾਜ਼ ਦੀ ਟਿਕਟ ਹੈ। ਇਹ ਸਿਰਫ  ਚਿੱਠੀ ਐ । ਖੈਰ ਆਪਾਂ ਬਚ ਗਏ ।ਆਪਾਂ ਨੂੰ ਇਹ ਨੀਲੇ ਰੰਗ ਦਾ ਪੱਤਰ ਨਹੀਂ ਮਿਲਿਆ । ਉਂਝ ਮੈਂ ਨੀਲਾ ਕਾਰਡ ਵੀ ਬਣਾਇਆ । ਸਾਡੇ ਆਲੇ ਦੁਆਲੇ ਖਾਂਦੇ ਪੀਂਦੇ ਲੋਕਾਂ ਨੇ ਬਣਾਇਆ ਹੋਇਆ ਹੈ ।ਉਹ ਗੱਡੀ ਜਾਂ ਟਰੈਕਟਰ ਉਤੇ ਮੁਫਤ ਦੀ ਕਣਕ ਲੈਣ ਜਾਂਦੇ ਹਨ । ਮਾਨ ਸਰਕਾਰ ਦੀ ਇੱਛਾ ਹੈ ਕਿ ਇਸ ਦੇ ਨਾਲ ਸਾਡੀਆਂ ਵੋਟਾਂ ਦੀ ਬੇਇਜ਼ਤੀ ਹੁੰਦੀ ਹੈ । ਹੁਣ ਇਹ ਕਣਕ ਘਰ ਘਰ ਪੁੱਜਦੀ ਕਰਨ ਯੋਜਨਾ ਐ। ਖੈਰ ਨੀਲੇ ਕਾਰਡ ਵਾਲੇ ਕੈਨੇਡਾ ਦੇ ਸਫਾਰਤਖਾਨੇ ਗੇੜੇ ਮਾਰਨ ਲੱਗ ਪਏ ਹਨ ।ਪਰ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਨਵੀਂ ਭਸ਼ੂੜੀ ਪਾ ਦਿੱਤੀ । ਆਣ ਜਾਣ ਵਾਲਿਆਂ ਨੂੰ ਵੀਜਾ ਨਹੀਂ ਮਿਲਣਾ ।

ਹਾਲਤ ਇਹ ਹੈ ਕਿ ਸਾਨ੍ਹਾਂ ਦੇ ਭੇੜ ਵਿਚ ਗੁਆਰੇ ਦਾ ਗਾਹ । ਲੜਾਈ ਆਗੂਆਂ ਦੀ ਹੋਈ ਹੈ, ਨੁਕਸਾਨ ਆਮ ਲੋਕਾਂ ਦਾ ਹੋਇਆ ਹੈ । ਖੈਰ ਆਪਾਂ ਕੀ ਲੈਣਾ ਹੈ ਸਾਡੇ ਤਾਂ ਮੂੰਹ ਵਿੱਚ ਕੋਹੜਕਿਰਲੀ ਆ ਗਈ ਹੈ । ਹੁਣ ਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਨਾ ਭਾਰਤ ਸਰਕਾਰ ਦੇ ਵਿਰੁੱਧ ਬੋਲ ਸਕਦੇ ਹਾਂ । 

ਬੁੱਧ ਸਿੰਘ ਨੀਲੋਂ 

9464370823