ਦਿੱਲੀ ਕਮੇਟੀ ਦੇ ਮੌਜੂਦਾ ਹਾਲਾਤ ਇੰਨੇ ਖਰਾਬ ਕਿ ਓਹ ਗਰੀਬ ਲੋਕਾਂ ਨੂੰ ਦਿੱਤੀ ਗਈ ਮਦਦ ਮੰਗ ਰਹੀ ਵਾਪਿਸ : ਬੀਬੀ ਰਣਜੀਤ ਕੌਰ

ਕਾਰਜਕਾਰਨੀ ਚੋਣਾਂ ਦੇ ਮੱਦੇਨਜ਼ਰ ਦਬਾਅ ਬਣਾਉਣ ਦੀ ਕੀਤੀ ਜਾ ਰਹੀ ਹੈ ਅਸਫਲ ਕੋਸ਼ਿਸ਼

ਨਵੀਂ ਦਿੱਲੀ, 3 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਕਾਰਜਕਾਰਨੀ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੀ 2017 ਤੋਂ 2021 ਦੀ ਮਿਆਦ ਲਈ ਨੁਮਾਇੰਦਗੀ ਰੱਦ ਕਰਨ ਦੇ ਸਬੰਧ ਵਿੱਚ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਕਰੀਬ 88 ਲੱਖ ਰੁਪਏ ਵਾਪਸ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਬੀਬੀ ਰਣਜੀਤ ਕੌਰ ਨੇ ਸਵਾਲ ਕਰਦਿਆਂ ਕਿਹਾ ਕਿ ਜਨਰਲ ਮੈਨੇਜਰ ਵੱਲੋਂ ਕਾਰਜਕਾਰਨੀ ਕਮੇਟੀ ਦੇ ਮੈਂਬਰ ਨੂੰ ਨੋਟਿਸ ਕਿਸ ਨਿਯਮ ਅਤੇ ਕਾਨੂੰਨ ਤਹਿਤ ਜਾਰੀ ਕੀਤਾ ਗਿਆ ਹੈ..? ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੇਕਰ ਉਹ ਖੁਦ ਨੋਟਿਸ ਜਾਰੀ ਕਰਦੇ ਹਨ ਤਾਂ ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਦਿੱਤੇ ਫੰਡਾਂ ਦੀ ਪੂਰੀ ਸੂਚੀ ਵੀ ਨੋਟਿਸ ਨਾਲ ਨੱਥੀ ਕਰਨ ਤਾਂ ਜੋ ਉਹ ਉਨ੍ਹਾਂ ਲੋਕਾਂ ਕੋਲ ਜਾ ਕੇ ਮਦਦ ਵਾਪਸ ਮੰਗ ਸਕਣ।
ਉਨ੍ਹਾਂ ਕਿਹਾ ਕਿ ਇਸ ਨੋਟਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਲੋਕਾਂ ਨੂੰ ਦਿੱਤੀ ਗਈ ਮਦਦ ਹੁਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਾਪਸ ਮੰਗੀ ਜਾ ਰਹੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਹੋਰਨਾਂ ਮੈਂਬਰਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਹੈ।  ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਰਜਕਾਰਨੀ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ 'ਤੇ ਦਬਾਅ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਉਹ ਨਾ ਤਾਂ ਅਜਿਹੇ ਲੋਕਾਂ ਤੋਂ ਡਰਦੀ ਹੈ ਅਤੇ ਨਾ ਹੀ ਕਿਸੇ ਮਨਸੂਬੇ ਨੂੰ ਕਾਮਯਾਬ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀਂ ਦਸਿਆ ਕਿ ਅਦਾਲਤ ਵਲੋਂ ਜੋ ਉਨ੍ਹਾਂ ਨੂੰ ਫ਼ੰਡ ਜਮਾ ਕਰਵਾਉਣ ਲਈ ਕਿਹਾ ਗਿਆ ਸੀ ਓਸਦਾ ਡਰਾਫਟ ਉਨ੍ਹਾਂ ਜਮਾ ਕਰਵਾ ਦਿੱਤਾ ਹੈ ।