ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਪਹਿਲੀ ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ 

ਲੁਧਿਆਣਾ, 29 ਅਗਸਤ (ਟੀ. ਕੇ.) ਸੂਬੇ ਦੇ ਮਾਲ ਵਿਭਾਗ ਤਾਇਨਾਤ ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਰੋਸ ਵਜੋਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਅਤੇ  ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਜਥੇਬੰਦੀਆਂ ਵਲੋਂ ਲਏ ਗਏ ਫੈਸਲੇ ਅਨੁਸਾਰ ਪਹਿਲੀ ਸਤੰਬਰ ਤੋਂ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ਼ ‘ਤੇ ਜਾਣਗੇ। ਉਨ੍ਹਾਂ ਦੱਸਿਆ ਕਿ  ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਵਿੱਚ ਪਟਵਾਰੀ ਬਲਕਾਰ ਸਿੰਘ, ਕਾਨੂੰਗੋ ਦਰਸ਼ਨ ਸਿੰਘ (ਮੌਜੂਦਾ ਨਾਇਬ ਤਹਿਸੀਲਦਾਰ, ਬਰੇਟਾ), ਤਹਿਸੀਲਦਾਰ ਵਿਪਨ ਭੰਡਾਰੀ (ਐਸ .ਡੀ. ਐੱਮ.) ਖ਼ਿਲਾਫ਼ ਕੁਰੱਪਸ਼ਨ ਐਕਟ ਦੀ ਧਾਰਾ 17-ਏ ਦੀ ਉਲ਼ੰਘਣਾ ਕਰਦਿਆਂ ਖਾਨਗੀ ਵਸੀਅਤ ਨੂੰ ਲੈ ਕੇ ਕਥਿਤ ਤੌਰ 'ਤੇ ਝੂਠਾ  ਮੁਕੱਦਮਾ ਦਰਜ ਕੀਤਾ ਗਿਆ ਕਿਉਂਕਿ ਇਹ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਸੰਬੰਧਿਤ ਡਿਪਟੀ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ ਮਾਲ ਤੋਂ ਧਾਰਾ 17-ਏ ਦੇ ਮੁਤਾਬਿਕ ਪ੍ਰਵਾਨਗੀ ਨਹੀਂ ਲਈ ਗਈ। ਉਕਤ ਦੋਵੇਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਰਜ ਕੀਤਾ ਗਿਆ ਮੁਕੱਦਮਾ 31 ਅਗਸਤ ਤੱਕ ਰੱਦ ਨਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਜਥੇਬੰਦੀਆਂ ਦੀਆਂ ਚੱਲੀਆਂ ਆ ਰਹੀਆਂ ਬਾਕੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਉਕਤ ਮਿਤੀ ਤੋਂ ਕਲਮ ਛੋੜ ਹੜਤਾਲ਼ 'ਤੇ ਚਲੇ ਜਾਣਗੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।