ਪੰਜਾਬ ਪੁਲਿਸ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ਵਿੱਚ ਵੱਡੀ ਕਾਮਜਾਬੀ

10 ਏ.ਕੇ.-47 ਅਸਾਲਟ ਰਾਈਫਲਾਂ ਅਤੇ ਦਸ .30 ਬੋਰ ਦੇ ਵਿਦੇਸ਼ੀ ਪਿਸਤੌਲ ਬਰਾਮਦ

ਚੰਡੀਗੜ੍ਹ,04 ਦਸੰਬਰ (ਜਨ ਸ਼ਕਤੀ ਨਿਊਜ਼ ਬਿਊਰੋ) ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਜਿੱਥੇ ਨਸ਼ਾ ਤਸਕਰੀ ਮਾਮਲੇ ਵਿੱਚ 13 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਤੁਰੰਤ ਬਾਅਦ, ਪੰਜਾਬ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖੁਲਾਸੇ ’ਤੇ ਪ੍ਰਭਾਵਸ਼ਾਲੀ  ਬਰਾਮਦਗੀ ਕਰਦਿਆਂ 10 ਏ.ਕੇ.-47 ਅਸਾਲਟ ਰਾਈਫਲਾਂ ਅਤੇ ਦਸ .30 ਬੋਰ ਦੇ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ  ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ 21 ਨਵੰਬਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰ ਸੁਖਵੀਰ ਸਿੰਘ ਅਤੇ ਬਿੰਦੂ ਸਿੰਘ ਨੂੰ 13 ਕਿਲੋ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਦੇ ਦੋ ਹੋਰ ਸਾਥੀਆਂ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਬਲਕਾਰ ਸਿੰਘ ਉਰਫ਼ ਲਵਪ੍ਰੀਤ ਸਿੰਘ, ਦੋਵੇਂ ਵਾਸੀ ਫਿਰੋਜ਼ਪੁਰ, ਗੁਰੂਹਰਸਹਾਏ, ਵਜੋਂ ਹੋਈ ਹੈ , ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ, ਤੋਂ ਗ੍ਰਿਫਤਾਰ ਕੀਤਾ ਹੈ।