ਫਾਸ਼ੀਵਾਦੀ ਏਜੰਡੇ ਨੂੰ ਭਾਂਜ ਦੇਣ ਲਈ ਲੋਕ ਚੇਤਨਾ ਰਾਹੀਂ ਭਰਾਤਰੀ ਸਾਂਝ ਬਰਕਰਾਰ ਰੱਖਣ ਦਾ ਹੋਕਾ ਦੇਣ ਦਾ ਅਹਿਦ

ਲੁਧਿਆਣਾ , 27 ਅਗਸਤ (  ਟੀ. ਕੇ.  ) ਆਰ. ਐਸ. ਐਸ. ਦੇ ਇਸ਼ਾਰੇ 'ਤੇ ਦੇਸ਼ ਵਿੱਚ ਮਨੁੱਖਤਾ ਨੂੰ ਧਰਮਾਂ, ਜਾਤਾਂ , ਫ਼ਿਰਕਿਆਂ , ਇਲਾਕਿਆਂ ਵਿੱਚ ਵੰਡਕੇ ਇੱਕ ਦੂਜੇ ਖਿਲਾਫ ਨਫ਼ਰਤ ਫੈਲਾਉਣ ਦੀ ਸਿਆਸਤ ਨੂੰ ਭਾਂਜ ਦੇਣ ਲਈ ਅੱਜ ਇਨਸਾਨੀਅਤ ਦੇ ਝੰਡੇ ਹੇਠ ਇਕੱਠੇ ਹੋ ਕੇ ਫਾਸ਼ੀਵਾਦ ਖਿਲਾਫ ਇੱਕ ਜੁੱਟ ਹੋਣ ਦਾ ਅਹਿਦ ਲਿਆ।ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਅੱਜ ਸਰਵ ਸਾਂਝੀ ਜੱਥੇਬੰਦੀ “ਲੋਕ ਏਕਤਾ ਮੰਚ” ਦੀ ਸਥਾਪਨਾ ਕੀਤੀ ਗਈ ਜੋ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆਰ. ਐਸ. ਐਸ. ਵੱਲੋਂ ਬੀ. ਜੇ. ਪੀ. ਸਰਕਾਰਾਂ ਰਾਹੀ ਨਫਰਤ ਫੈਲਾਕੇ ਕਰਵਾਏ ਜਾਂਦੇ ਫਿਰਕੂ ਫ਼ਸਾਦਾਂ ਦਾ ਵਿਰੋਧ ਕਰਗਾ। ਮੰਚ ਸਮਝਦਾ ਹੈ ਕਿ ਆਰ. ਐਸ. ਐਸ. ਦਾ ਉਦੇਸ਼ ਭਾਰਤੀ ਸਮਾਜ ਦੀ ਫਿਰਕੂ ਅਧਾਰ ‘ਤੇ ਮੁੜ ਢਾਂਚਾਬੰਦੀ ਕਰਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਅਤੇ ਮੰਨੂ ਸਿਮਰਤੀ ਵਾਲਾ ਸੰਵਿਧਾਨ ਲਾਗੂ ਕਰਨਾ ਚਾਹੁੰਦੀ ਹੈ। ਭਾਜਪਾ ਇਸ ਦਾ ਰਾਜਨੀਤਕ ਵਿੰਗ ਹੈ ਜਿਸ ਨੇ ਸਮਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਦਰਜਨਾਂ ਸੰਸਥਾਵਾਂ ਬਣਾਈਆਂ ਹੋਈਆਂ ਹਨ। ਸੰਘ ਪਰਿਵਾਰ ਦੀਆਂ ਇਹ  ਵੱਖ ਵੱਖ ਜੱਥੇਬੰਦੀਆਂ ਝੂਠੇ ਬਿਰਤਾਂਤ ਘੜਕੇ , ਭੜਕਾਊ ਪ੍ਰਚਾਰ ਕਰਕੇ ਤੇ ਝੂਠੀਆਂ ਅਫ਼ਵਾਹਾਂ ਫੈਲਾਕੇ ਅਤੇ ਹਿੰਦੂ ਧਾਰਮਿਕ ਦਿਵਸ ਮਨਾਉਣ ਦੇ ਨਾਂ ਹੇਠ ਫ਼ਿਰਕਾਪ੍ਰਸਤੀ ਫੈਲਾਕੇ ਫਿਰਕੂ ਸਫਬੰਦੀ ਕਰ ਰਹੀਆਂ ਹਨ।ਲੋਕਾਂ ਦੇ ਅਸਲ ਮੁੱਦੇ ਬੇਰੋਜਗਾਰੀ, ਮਹਿੰਗਾਈ, ਗਰੀਬੀ, ਗੁੰਡਾਗਰਦੀ ਆਦਿ ਹੱਲ ਕਰਨ ਦੀ ਬਜਾਏ ਫਿਰਕੂ ਅੰਧ ਰਾਸ਼ਟਰਵਾਦ ਨੂੰ ਇਹਨਾਂ ਨੇ ਵੱਡਾ ਹਥਿਆਰ ਬਣਾਇਆ ਹੋਇਆ ਹੈ ਅਤੇ ਸਰਕਾਰ ਨੂੰ ਰਾਸ਼ਟਰ ਦਾ ਦਰਜਾ ਦੇ ਕੇ ਸਰਕਾਰ ਦੀਆਂ ਨੀਤੀਆਂ ਦੀ ਅਲੋਚਕ ਆਵਾਜ਼ ਨੂੰ ਦਬਾਉਣ ਲਈ ਰਾਜ ਧ੍ਰੋਹ ਦਾ ਠੱਪਾ ਲਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਦੀ ਦੇਸ਼ ਪ੍ਰਤੀ ਵਫ਼ਾਦਾਰੀ ਸ਼ੱਕੀ ਕਰਾਰ ਦੇ ਕੇ ਗੋਦੀ ਮੀਡੀਆ ਅਤੇ ਸੰਘ ਦੇ ਹੋਰ ਸਾਧਨਾ ਰਾਹੀਂ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਭੜਕਾਈ ਜਾ ਰਹੀ ਹੈ।ਇਸਾਈਆਂ ਅਤੇ ਦਲਿਤਾਂ ਉੱਪਰ ਵੀ ਲਗਾਤਾਰ ਹਿੰਸਕ ਹਮਲੇ ਹੋ ਰਹੇ ਹਨ। ਮਨੀਪੁਰ ਵਿੱਚ ਭਰਾਮਾਰ ਲੜਾਈ ਦੌਰਾਨ 250 ਤੋਂ ਜ਼ਿਆਦਾ  ਚਰਚ ਤੋੜੇ ਗਏ ਹਨ। ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਦੇਸ਼ ਅਤੇ ਕਿਰਤੀ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।
    ਆਰ. ਐਸ. ਐਸ. - ਭਾਜਪਾ ਹਕੂਮਤ ਦੇ ਹਮਲੇ ਦਾ ਦੂਜਾ ਰੂਪ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਆਰਥਿਕਤਾ ਉੱਪਰ ਹਮਲਾ ਹੈ। ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਵਿੱਚ ਜੁਟੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲ਼ੋਂ ਵੀ ਵੱਧ ਤੇਜ਼ੀ ਵਿਖਾ ਰਹੀ ਹੈ।ਇਸ ਲਈ ਦੇਸ਼ ਦੇ ਹਿੱਤ ਵਿੱਚ ਲੋਕਾਂ ਦਾ ਜੱਥੇਬੰਦ ਹੋਣਾ ਬੇਹੱਦ ਜ਼ਰੂਰੀ ਹੈ।
ਲੋਕ ਏਕਤਾ ਮੰਚ ਧਰਮਾਂ, ਜਾਤਾਂ ਅਤੇ ਹੋਰ ਵੰਡੀਆਂ ਤੋਂ ਉੱਪਰ ਉੱਠਦੇ ਭਾਈਚਾਰਕ ਸਾਂਝ ਅਤੇ ਸਮਾਜਿਕ ਸੱਦਭਾਵਨਾ ਦੀ ਰਾਖੀ ਲਈ ਸੰਜੀਦਾ ਨਾਗਰਿਕਾਂ ਅਤੇ ਲੋਕ ਜੱਥੇਬੰਦੀਆਂ ਵੱਲੋਂ ਮਿਲਕੇ ਬਣਾਇਆ ਸਾਂਝਾ ਮੰਚ ਹੈ। ਮੰਚ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਸੰਬੰਧ ਨਹੀਂ ਹੈ।ਮੰਚ ਵਿੱਚ ਸ਼ਾਮਲ ਹੋਣ ਵਾਲੇ ਲੋਕ ਆਪਣਾ ਰਾਜਨੀਤਕ ਸੰਬੰਧ ਅਤੇ ਪਹਿਚਾਣ ਬਾਹਰ ਰੱਖਕੇ ਵਿਅਕਤੀਗੱਤ ਰੂਪ ਵਿੱਚ ਇਸ ਵਿੱਚ ਸ਼ਾਮਲ ਹੋਣਗੇ।ਹਰ ਇਨਸਾਫ਼ ਪਸੰਦ ਵਿਅਕਤੀ ਅਤੇ ਜੱਥੇਬੰਦੀ ਨੂੰ ਇਸ ਵਿੱਚ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਪ੍ਰੋ: ਏ. ਕੇ. ਮਲੇਰੀ, ਜਸਵੰਤ ਜੀਰਖ, ਡਾ: ਹਰਬੰਸ ਗਰੇਵਾਲ, ਕਰਨਲ ਜੇ. ਐਸ. ਬਰਾੜ, ਅਜਮੇਰ ਦਾਖਾ, ਕਾਮਰੇਡ ਸੁਰਿੰਦਰ, ਰਾਕੇਸ਼ ਆਜ਼ਾਦ ਸ਼ਾਮਲ ਸਨ। ਅਗਲੀ ਵੱਡੀ ਮੀਟਿੰਗ ਛੇਤੀ ਹੀ ਹੋਰ ਲੋਕਾਂ ਨਾਲ ਤਾਲ ਮੇਲ ਕਰਕੇ ਕੀਤੀ ਜਾਵੇਗੀ।