ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਵਿੱਚ ਦੇਰੀ ਵਿਰੁੱਧ ਰੋਸ ਪ੍ਰਦਰਸ਼ਨ
ਲੁਧਿਆਣਾ, 27 ਅਗਸਤ (ਟੀ. ਕੇ.) ਉੱਘੇ ਸਮਾਜ ਸੇਵਕ ਅਤੇ ਇਨਸਾਫ ਪਸੰਦ ਆਗੂ ਡਾ. ਅਰੁਣ ਮਿੱਤਰਾ ਨੇ ਦੱਸਿਆ ਕਿ 10 ਜੁਲਾਈ ਨੂੰ ਪਾਵਰਕਾਮ ਦਫ਼ਤਰ ਅੱਡਾ ਦਾਖਾ(ਲੁਧਿਆਣਾ ) ਵਿਖੇ ਇੱਕ ਔਰਤ ਕਰਮਚਾਰਣ ਨਾਲ ਪਿੰਡ ਕੈਲਪੁਰ ਦੇ ਇੱਕ ਸ਼ਰਾਰਤੀ ਅਨਸਰ ਦੁਆਰਾ ਦਫ਼ਤਰੀ ਕੰਪਲੈਕਸ ਅੰਦਰ ਦਾਖਿਲ ਹੋ ਕੇ ਔਰਤ ਕਰਮਚਾਰੀ ਨਾਲ ਹੁਲੜਬਾਜੀ ਕਰਦਿਆਂ ਬਦਸਲੂਕੀ ਕੀਤੀ ਗਈ ਸੀ,ਜਿਸ ਸਬੰਧੀ ਪਾਵਰਕਾਮ ਦੇ ਅਧਿਕਾਰੀ ਦੁਆਰਾ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸੂਚਨਾ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਸੀ ਤਾਂ ਜ਼ੋ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ, ਪਰੰਤੂ ਪੁਲਿਸ ਪ੍ਰਸ਼ਾਸਨ ਦੁਆਰਾ ਸਰਕਾਰੀ ਕੰਮ ਵਿੱਚ ਦਖ਼ਲ ਅੰਦਾਜੀ ਕਰਨ ਵਿਰੁੱਧ ਕਾਨੂੰਨਨ ਤੌਰ 'ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਪਤਾ ਨੀ ਕਿਉਂ--? ਪਾਵਰਕਾਮ ਦੇ ਅਧਿਕਾਰੀ ਵੱਲੋਂ ਵੀ ਸੰਬੰਧਿਤ ਮੁੱਖ ਅਫ਼ਸਰ ਨੂੰ ਪੱਤਰ ਲਿਖਣ ਤੋਂ ਕਾਰਵਾਈ ਨਾ ਹੋਣ ਤੇ, ਨਾ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਇੰਨਸਾਫ ਦੀ ਮੰਗ ਕੀਤੀ ਗਈ ਹੈ ਤੇ ਨਾ ਹੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ, ਸ਼ਾਇਦ ਇਹ ਸਾਰੇ ਕਿਸੇ ਹੋਰ ਵੱਡੀ ਕਾਰਵਾਈ ਦੀ ਉਡੀਕ ਵਿੱਚ ਹਨ।ਡਾ ਮਿੱਤਰਾ ਨੇ ਅੱਗੇ ਦੱਸਿਆ ਕਿ 50 ਦਿਨ ਬੀਤ ਜਾਣ 'ਤੇ ਔਰਤ ਕਰਮਚਾਰੀ ਨੂੰ ਇਨਸਾਫ ਦਿਵਾਉਣ ਲਈ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਮੰਡਲ ਯੂਨਿਟ ਅੱਡਾ ਦਾਖਾ ਵੱਲੋਂ ਹੋ ਰਹੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ 28 ਅਗਸਤ ਦਿਨ ਸੋਮਵਾਰ ਨੂੰ ਮੰਡਲ ਦਫ਼ਤਰ ਅੱਡਾ ਦਾਖਾ ਵਿਖੇ ਸਮੂਹ ਸਹਿਯੋਗੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਇਨਸਾਫ ਲਈ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਮੂਹ ਲੋਕ ਭਲਾਈ ਜੱਥੇਬੰਦੀਆਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਬਰਮੀ, ਸੂਬਾਈ ਆਗੂ ਬਲਬੀਰ ਸਿੰਘ ਮਾਨ,ਸਰਕਲ ਪ੍ਰਧਾਨ ਮਨਜੀਤ ਸਿੰਘ ਮਨਸੂਰਾਂ, ਸਕੱਤਰ ਬਲਵਿੰਦਰ ਸਿੰਘ ਇਯਾਲੀ,ਸਹਾਇਕ ਸਕੱਤਰ ਬਲਵਿੰਦਰ ਸਿੰਘ ਤਾਜਪੁਰ, ਨਛੱਤਰ ਸਿੰਘ ਸਰਾਂ,ਹਰਨੇਕ ਸਿੰਘ ਲਲਤੋਂ,ਵਿੱਤ ਸਕੱਤਰ ਦਰਸ਼ਨ ਸਿੰਘ ਦਾਖਾ,ਮੀਤ ਪ੍ਰਧਾਨ ਜਸਮੇਲ ਸਿੰਘ ਮੋਹੀ, ਮੰਡਲ ਯੂਨਿਟ ਅੱਡਾ ਦਾਖਾ ਦੇ ਪ੍ਰਧਾਨ ਹਰਦਿਆਲ ਸਿੰਘ ਘੁਮਾਣ,ਵਿੱਤ ਸਕੱਤਰ ਜਗਮੇਲ ਸਿੰਘ ਸੁਧਾਰ, ਸਹਾਇਕ ਵਿੱਤ ਸਕੱਤਰ ਗੁਰਦੇਵ ਸਿੰਘ ਪੁੜੈਣ, ਪ੍ਰਧਾਨ ਬਲਦੇਵ ਸਿੰਘ ਢੋਲਣ, ਜੁਗਿੰਦਰ ਸਿੰਘ ਜੱਟਪੁਰੀ ਅਤੇ ਨਿਰਮਲ ਸਿੰਘ ਨੇ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਵਿਰੁੱਧ ਅਵਾਜ਼ ਉਠਾਉਣ ਵਾਲੀਆਂ ਸਮੂਹ ਜੱਥੇਬੰਦੀਆਂ, ਸੰਗਠਨਾਂ ਦੇ ਆਗੂਆਂ, ਇਸਤਰੀ ਸਭਾਵਾਂ ਨੂੰ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਔਰਤ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਜੇਕਰ ਫਿਰ ਵੀ ਪਾਵਰਕਾਮ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕਰਕੇ ਇਨਸਾਫ ਨਾ ਦਿੱਤਾ ਗਿਆ ਤਾਂ ਜੱਥੇਬੰਦੀਆਂ ਅਰਥੀ ਫੂਕ ਮੁਜਾਹਰਾ ਕਰਕੇ ਬਜ਼ਾਰ ਅੰਦਰ ਮਾਰਚ ਕਰਕੇ ਤਿੱਖਾ ਸੰਘਰਸ਼ ਕਰਕੇ ਔਰਤ ਕਰਮਚਾਰੀ ਨੂੰ ਇਨਸਾਫ ਦਿਵਾਉਣ ਲਈ ਗੁਹਾਰ ਲਗਾਉਣਗੀਆਂ।