You are here

200 ਏਕੜ 'ਚ ਉਸਾਰੀ ਜਾਵੇਗੀ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ-ਸਰਵਰ

ਲਾਹੌਰ 'ਚ 'ਬਾਬਾ ਗੁਰੂ ਨਾਨਕ ਤੇ ਉਨ੍ਹਾਂ ਦਾ ਯੁੱਗ' ਵਿਸ਼ੇ 'ਤੇ ਕੌਮਾਂਤਰੀ ਸਿੱਖ ਕਨਵੈਨਸ਼ਨ ਸ਼ੁਰੂ

ਲਾਹੌਰ,ਸਤੰਬਰ 2019 - ਪਾਕਿਸਤਾਨ ਦੀ ਧਾਰਮਿਕ ਸੈਰ-ਸਪਾਟਾ ਅਤੇ ਵਿਰਾਸਤੀ ਕਮੇਟੀ ਵਲੋਂ ਲਾਹੌਰ 'ਚ ਗਵਰਨਰ ਹਾਊਸ ਵਿਖੇ 'ਬਾਬਾ ਗੁਰੂ ਨਾਨਕ ਅਤੇ ਉਨ੍ਹਾਂ ਦਾ ਯੁੱਗ' ਤਿੰਨ ਰੋਜ਼ਾ ਕੌਮਾਂਤਰੀ ਸਿੱਖ ਕਨਵੈਨਸ਼ਨ ਦੀ ਅੱਜ ਕੀਤੀ ਸ਼ੁਰੂਆਤ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਗਵਰਨਰ ਹਾਊਸ 'ਚ ਕੌਮਾਂਤਰੀ ਸਿੱਖ ਕਨਵੈਨਸ਼ਨ ਤੇ ਗੁਰਬਾਣੀ ਕੀਰਤਨ ਹੋਇਆ ਹੈ | ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਨਨਕਾਣਾ ਸਾਹਿਬ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਜ਼ਿਲ੍ਹਾ ਨਾਰੋਵਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਲਾਂਘੇ 

ਦੀ ਉਸਾਰੀ ਦਾ 85 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦਾ ਕੰਮ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖ ਸੰਸਥਾਵਾਂ ਵਲੋਂ ਪਾਕਿ ਸਰਕਾਰ ਪਾਸ ਅਪੀਲ ਕੀਤੀ ਗਈ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਚਲੀ ਗੁਰੂ ਸਾਹਿਬ ਨਾਲ ਸਬੰਧਿਤ 104 ਏਕੜ ਭੂਮੀ ਨੂੰ ਕਿਸੇ ਵੀ ਵਪਾਰਕ ਕਾਰਵਾਈ ਲਈ ਨਾ ਇਸਤੇਮਾਲ ਕੀਤਾ ਜਾਵੇ | ਜਿਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦਾ ਚੌਗਿਰਦਾ ਵਧਾ ਕੇ 42 ਏਕੜ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀ ਭੂਮੀ ਵੀ 26 ਏਕੜ ਤੋਂ ਵਧਾ ਕੇ 62 ਏਕੜ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ 'ਬਾਬਾ ਗੁਰੂ ਨਾਨਕ ਮਾਰਗ' ਲਿੰਕ ਰੋਡ ਬਣਾਈ ਜਾ ਰਹੀ ਹੈ, ਜਿਸ ਨਾਲ ਸਿੱਖ ਸ਼ਰਧਾਲੂਆਂ ਨੂੰ ਆਵਾਜਾਈ ਦੌਰਾਨ ਭੀੜ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਸ੍ਰੀ ਨਨਕਾਣਾ ਸਾਹਿਬ 'ਚ ਉਸਾਰੀ ਜਾਣ ਵਾਲੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਲਈ ਵਿਦੇਸ਼ੀ ਸਿੱਖਾਂ ਨੂੰ ਆਰਥਿਕ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਕਤ 60 ਏਕੜ 'ਚ ਉਸਾਰੀ ਜਾਣ ਵਾਲੀ ਯੂਨੀਵਰਸਿਟੀ ਹੁਣ 200 ਏਕੜ 'ਚ ਉਸਾਰੀ ਜਾਵੇਗੀ | ਜਿਸ 'ਚ ਦੁਨੀਆ ਭਰ ਤੋਂ ਹਰ ਮਜ਼ਹਬ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਣਗੇ | ਉਨ੍ਹਾਂ ਕਨਵੈੱਨਸ਼ਨ ਦੌਰਾਨ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਵੀਕਾਰ ਕੀਤਾ ਕਿ ਪਾਕਿਸਤਾਨ 'ਚ ਜ਼ਿਆਦਾਤਰ ਇਤਿਹਾਸਕ ਗੁਰਦੁਆਰਿਆਂ ਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਭੂਮੀ ਮਾਫ਼ੀਆ ਦਾ ਕਬਜ਼ਾ ਕਾਇਮ ਹੈ | ਗਵਰਨਰ ਸਰਵਰ ਨੇ ਇਹ ਵੀ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੜ੍ਹਾ ਕੀਤਾ ਕਸ਼ਮੀਰ ਦਾ ਮਸਲਾ ਪਾਕਿ ਲਈ ਮਹੱਤਵਪੂਰਨ ਮਾਮਲਾ ਹੈ, ਇਸ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੀ ਉਸਾਰੀ ਜਾਰੀ ਰਹੇਗੀ ਤੇ ਇਮਰਾਨ ਖ਼ਾਨ ਲਾਂਘੇ ਦਾ ਉਦਘਾਟਨ ਕਰਨਗੇ |
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਸ਼ੇਸ਼ ਸੂਚਨਾ ਸਹਾਇਕ ਡਾ: ਫਿਰਦੌਸ ਆਸ਼ਕ ਅਵਾਣ ਨੇ ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਇਕ ਕਦਮ ਵੀ ਪਿੱਛੇ ਨਹੀਂ ਹਟੇਗਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਸ਼ਵ ਭਰ ਦਾ ਸਿੱਖ ਭਾਈਚਾਰਾ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਟਾਕਰਾ ਕਰੇਗਾ | ਧਾਰਮਿਕ ਤੇ ਆਪਸੀ ਸਦਭਾਵਨਾ ਮਾਮਲਿਆਂ ਦੇ ਮੰਤਰੀ ਡਾ: ਨੂਰ-ਉਲ-ਹੱਕ-ਕਾਦਰੀ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਤਾਰੀਖ਼ੀ ਦੱਸਦਿਆਂ ਕਿਹਾ ਕਿ ਲਾਂਘੇ ਦਾ ਕੰਮ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਦੇ ਉੱਦਮਾਂ ਸਦਕਾ ਸੰਭਵ ਹੋ ਸਕਿਆ ਹੈ | ਜਿਸ ਕਾਰਨ ਵਿਸ਼ਵ ਭਰ ਦੇ ਸਿੱਖ ਤੇ ਪਾਕਿਸਤਾਨੀ ਨਾਗਰਿਕ ਸ: ਸਿੱਧੂ ਦਾ ਹਮੇਸ਼ਾ ਇਕ 'ਅਮਨ ਦੇ ਸਫ਼ੀਰ' ਵਜੋਂ ਸਤਿਕਾਰ ਕਰਦੇ ਰਹਿਣਗੇ | ਇਸ ਮੌਕੇ ਘੱਟ ਗਿਣਤੀ ਮੰਤਰੀ ਇਜਾਜ਼ ਆਲਮ, ਐਮ.ਪੀ.ਏ. ਤੇ ਸੰਸਦੀ ਸਕੱਤਰ ਮਹਿੰਦਰਪਾਲ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਗੋਪਾਲ ਸਿੰਘ ਚਾਵਲਾ, ਸਰਬਤ ਸਿੰਘ, ਵਿਕਾਸ ਸਿੰਘ, ਰਾਦੇਸ਼ ਸਿੰਘ ਟੋਨੀ, ਪੀ.ਆਰ.ਓ. ਪਵਨ ਸਿੰਘ ਅਰੋੜਾ, ਈ.ਟੀ.ਪੀ.ਬੀ. ਦੇ ਡਿਪਟੀ ਸਕੱਤਰ ਇਮਰਾਨ ਗੌਾਦਲ ਸਮੇਤ ਭਾਰਤ, ਕੈਨੇਡਾ, ਅਮਰੀਕਾ, ਫਰਾਂਸ, ਬਿ੍ਟੇਨ ਸਮੇਤ ਵੱਖ-ਵੱਖ ਮੁਲਕਾਂ ਤੋਂ ਕਨਵੈੱਨਸ਼ਨ 'ਚ ਹਿੱਸਾ ਲੈਣ ਲਈ ਪਹੁੰਚੇ 30 ਦੇ ਲਗਪਗ ਸਿੱਖ ਚਿੰਤਕ, ਲੇਖਕ ਤੇ ਵਿਦਵਾਨ ਹਾਜ਼ਰ ਸਨ |
ਕਨਵੈੱਨਸ਼ਨ ਦੀ ਸ਼ੁਰੂਆਤ ਅੱਜ ਸਵੇਰੇ ਪਵਿੱਤਰ ਕੁਰਾਨ ਦੇ ਉਪਦੇਸ਼ਾਂ ਨਾਲ ਕੀਤੀ ਗਈ | ਇਸ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਭਾਈ ਸੰਤੋਖ ਸਿੰਘ, ਭਾਈ ਅਮਰੀਕ ਸਿੰਘ, ਭਾਈ ਇੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਸਮਾਰੋਹ 'ਚ ਸਟੇਜ ਸਕੱਤਰ ਦੀ ਭੂਮਿਕਾ ਕਨਵੈੱਨਸ਼ਨ ਦੇ ਕੋਆਰਡੀਨੇਟਰ ਤੇ ਦਿਆਲ ਸਿੰਘ ਰਿਸਰਚ ਤੇ ਕਲਚਰਲ ਫੋਰਮ ਲਾਹੌਰ ਦੇ ਡਾਇਰੈਕਟਰ ਅਹਿਸਾਨ ਐੱਚ. ਨਦੀਮ ਵਲੋਂ ਨਿਭਾਈ ਗਈ | ਕਨਵੈੱਨਸ਼ਨ ਦੀ ਸ਼ੁਰੂਆਤ 'ਚ ਕਰਤਾਰਪੁਰ ਲਾਂਘੇ ਤੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਬਾਰੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਤਿਆਰ ਕੀਤੀ ਗਈ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਪੇਸ਼ ਕੀਤੀ ਗਈ | ਇਸ ਉਪਰੰਤ ਤਿੰਨ ਸੈਸ਼ਨਾਂ 'ਚ 6 ਬੁਲਾਰਿਆਂ ਵਲੋਂ ਆਪਣੇ ਪਰਚੇ ਪੜ੍ਹੇ ਗਏ ਤੇ ਕ੍ਰਮਵਾਰ ਇਨ੍ਹਾਂ ਸੈਸ਼ਨਾਂ 'ਚ ਡਾ: ਨਾਦਰਾ ਸ਼ਾਹਬਾਜ਼, ਫ਼ਕੀਰ ਸੈਫੂਦੀਨ ਤੇ ਡਾ: ਮੁਜਾਹਿਦਾ ਭੱਟ ਬਤੌਰ ਸੈਸ਼ਨ ਸਕੱਤਰ ਰਹੇ | ਕੱਲ੍ਹ ਇਕ ਸਤੰਬਰ ਨੂੰ ਮਹਿਮਾਨਾਂ ਨੂੰ ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣ ਉਪਰੰਤ ਲਾਹੌਰ ਦੇ ਫ਼ਕੀਰ ਖ਼ਾਨਾ ਮਿਊਜ਼ੀਅਮ 'ਚ ਵੀ ਲਿਜਾਇਆ ਜਾਵੇਗਾ | ਇਸ ਦੇ ਬਾਅਦ 2 ਸਤੰਬਰ ਨੂੰ ਦੇਸ਼-ਵਿਦੇਸ਼ ਤੋਂ ਲਾਹੌਰ ਪਹੁੰਚੇ ਸਿੱਖ ਵਿਦਵਾਨ ਗਵਰਨਰ ਹਾਊਸ 'ਚ ਸਿੱਖ ਵਿਰਸੇ ਨਾਲ ਸਬੰਧਿਤ ਪ੍ਰਦਰਸ਼ਨੀ ਵੇਖਣਗੇ ਅਤੇ ਲਾਹੌਰ ਕਿਲ੍ਹੇ ਦੀ ਸਿੱਖ ਗੈਲਰੀ ਦਾ ਵੀ ਦੌਰਾ ਕਰਨਗੇ |