ਗੁਰਦੁਆਰਾ ਪਾਤਸ਼ਾਹੀ ਨੌਵੀਂ ਧਮਤਾਨ ਸਾਹਿਬ ਜੀ

ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ

ਗੁਰਦੁਆਰਾ ਧਮਤਾਨ ਸਾਹਿਬ ਨੂੰ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਹ ਅਸਥਾਨ ਜੀਂਦ ਸੜਕ ਤੇ ਟੋਹਾਣਾ ਤੋਂ 12 ਕਿਲੋਮੀਟਰ ਦੂਰ ਹੈ। ਰੇਲਵੇ ਸਟੇਸ਼ਨ ਧਮਤਾਨ ਤੋਂ ਡੇਢ ਕਿਲੋਮੀਟਰ ਦੱਖਣ ਪੱਛਮ ਵੱਲ ਹੈ। ਇਸ ਅਸਥਾਨ ਦਾ ਨਾਂ ਪਹਿਲਾਂ ‘ਧਮਤੋਨ’ ਸੀ। ਸੂਬਾ ਸਰਕਾਰ ਨੇ ਬਦਲ ਕੇ ਇਸ ਦਾ ਨਾਂ ਧਮਤਾਨ ਸਾਹਿਬ ਰੱਖ ਦਿੱਤਾ।
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਇਸ ਪਿੰਡ ਵਿੱਚ ਦੋ ਵਾਰ ਆਏ। ਪਹਿਲੀ ਵਾਰ 1666 ਈ: ਸੰਮਤ 1723 ਬਿਕਰਮੀ ਵਿੱਚ ਅਤੇ ਦੂਜੀ ਵਾਰ 1675 ਈ: ਸੰਮਤ 1732 ਬਿਕਰਮੀ ਨੂੰ ਆਏ। ਗੁਰੂ ਜੀ ਪਹਿਲੀ ਵਾਰ ਯਾਤਰਾ ਸਮੇਂ ਇੱਥੇ ਤਿੰਨ ਮਹੀਨੇ ਠਹਿਰੇ ਸਨ। ਪੋਠੇਹਾਰ ਦੀ ਸੰਗਤ ਨੇ ਗੁਰੂ ਜੀ ਨੂੰ ਬਹੁਤ ਮਾਇਆ ਭੇਂਟ ਕੀਤੀ। ਇੱਥੋਂ ਦੇ ਵਸਨੀਕ ਚੌਧਰੀ ਦੱਗੋ ਨੇ ਗੁਰੂ ਸਾਹਿਬ ਦੀ ਦੁੱਧ ਆਦਿ ਨਾਲ ਸੇਵਾ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ ਅਤੇ ਉਸ ਨੂੰ ਮਾਇਆ ਦੇ ਕੇ ਹੁਕਮ ਦਿੱਤਾ।
ਹੁਕਮ ਕਰਯੋ ਬਡ ਰੂਪ ਖੁਨਾਵਹੁ।
ਧਨ ਗਨ ਲਾਇ ਨੀਕ ਬਿਨਵਾਵਹੁ।
ਇਸ ਥਲ ਧਰਮਸਾਲ ਚਿਨਵਾਵਹੁ।
ਕੋ ਸਿਖ ਸਾਧ ਬਹੁਰ ਬੈਠਾਵੌਹੁ।
ਬਿ੍ਰੰਦ ਮਹੀਰਹੁ ਸਫਲ ਮਗਾਵਹੁ।
ਧਨ ਕੋ ਖਰਚਹੁ ਬਾਗ਼ ਲਗਾਵਹੁ।

ਭਾਵ ਇਹ ਕਿ ਇਸ ਧਨ ਨਾਲ ਤੁਸੀਂ ਖੂਹ ਲਗਾਉ, ਧਰਮਸਾਲਾ ਬਣਾਓ। ਉਸ ਵਿੱਚ ਕੋਈ ਗੁਣਵਾਨ ਸਿੱਖ ਸਾਧੂ ਬਿਠਾਓ। ਇਸ ਧਰਮਸਾਲ (ਗੁਰਦੁਆਰੇ) ਦੇ ਨਾਲ ਬਾਗ਼ ਲਵਾ ਕੇ ਉਸ ਵਿੱਚ ਫਲਦਾਰ ਦਰਖ਼ਤ ਲਗਾਓ। ਇਹ ਕੰਮ ਸ਼ਰਧਾ ਨਾਲ ਕਰਨਾ ਤੇ ਮਨ ਵਿੱਚ ਲੋਭ-ਲਾਲਚ ਨਹੀਂ ਲਿਆਉਣਾ। ਜੇ ਇਹ ਰੁਪਏ ਕਿਸੇ ਹੋਰ ਥਾਂ ’ਤੇ ਖ਼ਰਚ ਕਰੋਗੇ ਤਾਂ ਵਿਅਰਥ ਜਾਣਗੇ।
ਗੁਰੂ ਸਾਹਿਬ ਭਾਈ ਦੱਗੋ ਨੂੰ ਹੁਕਮ ਦੇ ਕੇ ਚਲੇ ਗਏ ਪਰ ਭਾਈ ਦੱਗੋ ਨੇ ਉਹ ਮਾਇਆ ਆਪਣੀ ਜ਼ਮੀਨ ਵਿੱਚ ਨਿੱਜੀ ਮਕਾਨ ਬਣਾਉਣ ਤੇ ਅਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ। ਕੁਝ ਸਮੇਂ ਬਾਅਦ ਦੱਗੋ ਦਿੱਲੀ ਜਾਂਦਾ ਹੋਇਆ ਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਜੀ ਨੇ ਦੱਗੋ ਨੂੰ ਪੁੱਛਿਆ, ‘‘ਭਾਈ! ਉਹ ਮਾਇਆ ਧਰਮਸਾਲਾ  ਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ ਜਾਂ ਨਹੀਂ।’’ ਤਾਂ ਦੱਗੋ ਨੇ ਉੱਤਰ ਦਿੱਤਾ, ‘‘ਮਹਾਰਾਜ! ਮੈਂ ਉਹ ਮਾਇਆ ਆਪਣੇ ਨਿੱਜੀ ਮਕਾਨ ਬਣਾਉਣ ਅਤੇ ਖੁੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ।’’ ਗੁਰੂ ਜੀ ਨੇ ਦੱਗੋ ਦੀ ਭੁੱਲ ਬਖ਼ਸ਼ਦੇ ਹੋਏ ਕਿਹਾ ਕਿ ਖੂਹ ਤੇ ਤੰਬਾਕੂ ਨਾ ਹੀ ਬੀਜਣੀ ਹੈ ਤੇ ਨਾ ਹੀ ਧਰਮਸਾਲਾ ਵਿੱਚ ਤੰਬਾਕੂ ਰੱਖੀ। ਪਿੰਡ ਆ ਕੇ ਦੱਗੋ ਚੌਧਰੀ ਨੇ ਫਿਰ ਦੋਵੇਂ ਗੱਲਾਂ ਭੁਲਾ ਦਿੱਤੀਆਂ। ਗੁਰੂ ਜੀ ਨੂੰ ਜਦ ਇਸ ਹੁਕਮ ਅਦੂਲੀ ਦਾ ਪਤਾ ਲੱਗਾ ਤਾਂ ਸੰਮਤ 1723 ਬਿਕਰਮੀ ਸੰਨ 1675 ਈ: ਵਿੱਚ ਗੁਰੂ ਸਾਹਿਬ ਦੁਬਾਰਾ ਇਸ ਅਸਥਾਨ ਤੇ ਆਏ ਤਾਂ ਸੰਗਤਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਫ਼ਰਮਾਨ ਜਾਰੀ ਕੀਤਾ ਕਿ
ਦੱਗੋ! ਤੇਰੇ ਘਰ ਲਿਟਣਗੇ ਗੱਦੋ।
ਜਿੱਥੇ ਕੂਆ ਨਾ ਚੱਕ,
ਇੱਥੇ ਉੱਗਣਗੇ ਅੱਕ।

ਨਤੀਜਾ ਇਹ ਹੋਇਆ ਕਿ ਦੱਗੋ ਕਿਸਾਨ ਉੱਜੜ-ਪੁੱਜੜ ਗਿਆ। ਗੁਰੂ ਸਾਹਿਬ ਜੀ ਦੇ ਨਾਲ ਇਸ ਸਮੇਂ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਭਾਈ ਰਾਮਦੇਵ ਨਾਂ ਦਾ ਇੱਕ ਸ਼ਰਧਾਲੂ ਵੀ ਮੌਜੂਦ ਸੀ। ਜੋ ਬੜੀ ਸੇਵਾ ਕਰਦਾ ਸੀ। ਇੱਕ ਦਿਨ ਭਾਈ ਰਾਮਦੇਵ ਨੇ ਮਸਤ ਹੋ ਕੇ ਗੁਰੂ ਦਰਬਾਰ ਅੱਗੇ ਅਜਿਹਾ ਜਲ ਦਾ ਛਿੜਕਾ ਕੀਤਾ ਕਿ ਇੱਕ ਤਰ੍ਹਾਂ ਨਾਲ ਮੀਂਹ ਪਾ ਦਿੱਤਾ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਉਸ ਨੂੰ ‘ਭਾਈ ਮੀਹਾਂ’ ਦੀ ਪਦਵੀ ਪ੍ਰਦਾਨ ਕੀਤੀ ਤੇ ਕਿਹਾ, ‘‘ਸਿੱਖਾ! ਤੇਰੀ ਸੇਵਾ ਥਾਂਇ ਪਈ ਹੈ।’’ ਗੁਰੂ ਸਾਹਿਬ ਤੋਂ ਬਖ਼ਸ਼ਿਸ਼ਾਂ ਲੈ ਕੇ ਝੰਡਾ ਹੱਥ ਵਿੱਚ ਫੜਿਆ ਤੇ ਗੁਰੂ ਜੀ ਦੀਆਂ ਖੜਾਵਾਂ ਲੈ ਕੇ ਉਸ ਨਗਰ ਵਿੱਚ ਸਤਿਨਾਮੁ ਵਾਹਿਗੁਰੂ ਦਾ ਸੰਦੇਸ਼ ਦਿੰਦਾ ਹੋਇਆ ਵਿਚਰਨ ਲੱਗਾ। ਭਾਈ ਮੀਹਾਂ ਜੀ ਇਸ ਧਾਰਮਿਕ ਅਸਥਾਨ ਦੇ ਪਹਿਲੇ ਮਹੰਤ ਸਨ। ਜਿਨ੍ਹਾਂ ਨੇ ਤਨ-ਮਨ ਕਰਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਮਾਲਵਾ, ਦੁਆਬਾ, ਮਾਝਾ ਤੇ ਸਿੰਧ ਦੀਆਂ ਸੰਗਤਾਂ ਤੱਕ ਪਹੁੰਚਾਇਆ।
1693 ਵਿੱਚ ਦੱਗੋ ਦੇ ਦਿਹਾਂਤ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਵੀ ਧਮਤਾਨ ਵਿੱਚ ਆਪਣੇ ਚਰਨ ਪਾਏ। ਭਾਈ ਦੱਗੋ ਦੇ ਬੇਟੇ ਭਾਈ ਨਗਾਹੀਆ ਨੇ ਤਨਦੇਹੀ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਭਾਈ ਨਗਾਹੀਆ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ।
ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ ਦਾ ਪਿੰਡ ਸੀ। ਸੰਨ 1798-1845 ਵਿੱਚ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਨੇ ਬੜੀ ਸ਼ਰਧਾ ਨਾਲ ਬਹੁਤ ਸਾਰਾ ਧਨ ਖ਼ਰਚ ਕਰਕੇ ਇਸ ਅਸਥਾਨ ਦੀ ਉਸਾਰੀ ਕਰਵਾਈ। ਇਹ ਇਮਾਰਤ ਇੱਕ ਹਵੇਲੀ ਵਰਗੀ ਹੈ। ਇਸ ਤੇ ਬਹੁਤੀ ਲੱਕੜ ਹੀ ਇਸਤੇਮਾਲ ਕੀਤੀ ਗਈ ਹੈ। ਪ੍ਰਕਾਸ਼ ਅਸਥਾਨ ਉਸ ਥਾਂ ਤੇ ਬਣਿਆ ਹੈ, ਜਿੱਥੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਬਿਰਾਜੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੇ ਥੜ੍ਹੇ ਤੇ ਵਿਚਕਾਰ ਕੀਤਾ ਜਾਂਦਾ ਹੈ। ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰੇ ਦਾ ਨਿਰਮਾਣ ਕਰਾਉਣ ਦੇ ਨਾਲ-ਨਾਲ ਸੇਵਾ ਸੰਭਾਲ ਲਈ 3200 ਰੁਪਏ ਸਾਲਾਨਾ ਤੇ 2200 ਵਿੱਘੇ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾ ਦਿੱਤੀ। ਉਸ ਸਮੇਂ ਗੁਰਦੁਆਰੇ ਦਾ ਪ੍ਰਬੰਧ ਭਾਈ ਅਘੜ ਸਿੰਘ ਮਹੰਤ ਦੇ ਹੱਥ ਵਿੱਚ ਰਿਹਾ ਤੇ 1956 ਤੋਂ ਪੈਪਸੂ ਪੰਜਾਬ ਕਾਇਮ ਹੋਣ ਤੇ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਹੱਥ ਆ ਗਿਆ।
ਗੁਰਦੁਆਰਾ ਸਾਹਿਬ ਵਿੱਚ ਇੱਕ ਇਤਿਹਾਸਿਕ ਯਾਦਗਾਰ ਵਜੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ੍ਰੀ ਸਾਹਿਬ (ਕਿ੍ਰਪਾਨ) ਰੱਖੀ ਹੋਈ ਹੈ। ਇਹ ਸ੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1765 ਬਿਕਰਮੀ ਸੰਨ 1708 ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੱਖਣ ਵਿੱਚ ਉਸ ਦੇ ਪੰਜਾਬ ਨੂੰ ਚਾਲੇ ਪਾਉਣ ਸਮੇਂ ਦਿੱਤੀ ਸੀ। ਇਸ ਸ੍ਰੀ ਸਾਹਿਬ ਦਾ ਫਲ ਦੋ ਫੁੱਟ ਸਾਢੇ ਛੇ ਇੱਚ ਲੰਬਾ, ਵਿਚਕਾਰੋਂ ਸਵਾ ਇੰਚ ਚੌੜਾ ਮੁੱਠ ਧਾਰੀਦਾਰ ਰਹੰਮਾ ਜਮਨਾ ਸੋਨੇ-ਚਾਂਦੀ ਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਇਤਿਹਾਸਿਕ ਅਸਥਾਨ ਨੂੰ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਦੀ ਡਿਓੜੀ ਦਾ ਵਰ ਦਿੱਤਾ ਹੋਇਆ ਹੈ। ਹਜ਼ੂਰ ਸਾਹਿਬ ਦੀ ਯਾਤਰਾ ਨੂੰ ਜਾਣ ਵਾਲੇ ਪਹਿਲਾਂ ਇਸ ਅਸਥਾਨ ਤੇ ਯਾਤਰਾ ਕਰਕੇ ਫਿਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ  ਜਾਂਦੇ ਹਨ।
ਇਸ ਅਸਥਾਨ ਤੇ ਹਰ ਮਹੀਨੇ ਚੌਦਸ ਤੇ ਮੱਸਿਆ ਦੀ ਦਰਮਿਆਨੀ ਰਾਤ ਨੂੰ ਬੜਾ ਭਾਰੀ ਧਾਰਮਿਕ ਦੀਵਾਨ ਸਜਦਾ ਹੈ। ਇਸ ਤੋਂ ਇਲਾਵਾ ਹਰ ਸਾਲ ਦੋ ਮੇਲੇ ਹੋਲਾ-ਮਹੱਲਾ ਅਤੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਧਮਤਾਨ ਸਾਹਿਬ ਵਿੱਚ ਸਿੱਖਾਂ ਦੀ ਵੱਸੋਂ ਘੱਟ ਹੋਣ ਕਾਰਨ, ਆਸ-ਪਾਸ ਦੇ ਪਿੰਡਾਂ ਤੋਂ ਅਤੇ ਦੂਰ-ਦੁਰੇਡੇ ਤੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਨਗਰ ਦੇ ਨਵੇਂ ਵਿਆਹੇ ਜੋੜੇ ਸੱਜ-ਧੱਜ ਕੇ, ਢੋਲ-ਢਮੱਕੇ ਤੇ ਬੈਂਡ ਵਾਜਿਆਂ ਨਾਲ ਗੁਰੂ ਘਰ ਵਿੱਚ ਪੁੱਜ ਕੇ ਨਿਸ਼ਾਨ ਸਾਹਿਬ ਦੀ ਚਾਰ ਵਾਰ ਪਰਕਰਮਾ ਕਰਦੇ ਹਨ। ਯਾਤਰੀਆਂ ਦੀ ਰਿਹਾਇਸ਼ ਲਈ ਸੁਚੱਜਾ ਪ੍ਰਬੰਧ ਹੈ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ