ਲੁਧਿਆਣਾ , 23 ਜੁਲਾਈ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਖੇ ਅੱਜ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਜੱਥੇਬੰਦੀਆਂ ਅਤੇ ਚਿੰਤਕਾਂ ਦੀ ਹਾਜ਼ਰੀ ਵਿੱਚ ਕਰਨਲ ਜੇ ਐਸ ਬਰਾੜ ਦੀ ਲਿੱਖੀ ਕਿਤਾਬ ਲੋਕ ਅਰਪਣ ਕੀਤੀ ਗਈ। ਅੰਗਰੇਜ਼ੀ ਭਾਸ਼ਾ ਵਿੱਚ ਲਿੱਖੀ ‘ ਦੀ ਸਪਿਰਚੂਅਲ ਲਾਈਫ ਅਕਸਪੀਰੀਐਂਸ’ ਨਾਂ ਦੀ ਇਸ ਕਿਤਾਬ ਦੀ ਸਮੀਖਿਆ ਕਰਦਿਆਂ ਪ੍ਰਿੰਸੀਪਲ ਬਹਾਦਰ ਸਿੰਘ ਨੇ ਕਿਹਾ ਕਿ ਕਿਤਾਬ ਅਨੁਸਾਰ ਈਗੋ (ਹੰਕਾਰ) ਮਨੁੱਖ ਲਈ ਇਕ ਬਿਮਾਰੀ ਦੇ ਬਰਾਬਰ ਹੈ। ਵਿਚਾਰਾਂ ਦੀ ਸ਼ੁਧਤਾ ਤੋਂ ਬਿਨਾ ਮਨੁੱਖ ਦਾ ਧਿਆਨ ਕਦੀ ਵੀ ਇਕਾਗਰ ਨਹੀਂ ਹੋ ਸਕਦਾ। ਮਨੁੱਖੀ ਸੇਵਾ ਹੀ ਸਭ ਤੋਂ ਵੱਡਾ ਕੰਮ ਅਤੇ ਧਰਮ ਹੈ, ਜੋ ਹਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ।ਕੋਈ ਵੀ ਗੁਰੂ ਜਾਂ ਮਹਾਤਮਾਂ ਕਿਸੇ ਰੱਬ ਨੂੰ ਨਹੀਂ ਮਿਲਾ ਸਕਦਾ , ਕਿਉਂਕਿ ਉਹ ਤਾਂ ਹਰ ਮਨੁੱਖ ਦੇ ਅੰਦਰੋਂ ਹੀ ਖੋਜ਼ਣ ਦਾ ਵਿਸ਼ਾ ਹੈ। ਸਮਾਜਿਕ ਮਨੁੱਖੀ ਸਮੱਸਿਆਵਾਂ ਦੇ ਹੱਲ ਲਈ ਧਿਆਨ ਲਾਉਣਾ ਮੈਡੀਟੇਸ਼ਨ ਦਾ ਮੁੱਖ ਪਹਿਲੂ ਹੋਣਾ ਚਾਹੀਦਾ ਹੈ। ਕੁਦਰਤ ਨਾਲ ਖਿਲਵਾੜ ਕਰਨ ਦੇ ਨਤੀਜੇ ਮਨੁੱਖ ਨੂੰ ਭੁਗਤਣੇ ਪੈਣੇ ਹਨ, ਇਸ ਲਈ ਕੁਦਰਤ ਨੂੰ ਪਿਆਰਨਾ ਹੀ ਮਨੁੱਖੀ ਸੁਭਾਅ ਦਾ ਹਿੱਸਾ ਬਣਨਾ ਜ਼ਰੂਰੀ ਹੈ।
ਸਟੇਜ ਸੰਚਾਲਨ ਜਸਵੰਤ ਜੀਰਖ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਮੈਂ ਅਲਾਨੀਆਂ ਤੌਰ ਤੇ ਨਾਸਤਿਕਤਾ ਨੂੰ ਅਪਣਾਇਆ ਹੋਇਆ ਹਾਂ,ਪਰ ਕਰਨਲ ਜੇ ਐਸ ਬਰਾੜ ਨਾਲ ਪਿਛਲੇ 25 ਸਾਲਾਂ ਤੋਂ ਇਕੱਠੇ ਹੀ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਨੂੰ ਬਾਖੂਬੀ ਚਲਾ ਰਹੇ ਹਾਂ ਕਿਉਂਕਿ ਆਸਤਿਕਤਾ ਤੇ ਨਾਸਤਿਕਤਾ ਅਗਾਂਹ ਵਧੂ ਸਮਾਜਿਕ ਕਦਰਾਂ ਕੀਮਤਾਂ ਸਥਾਪਤ ਕਰਨ ਵਿੱਚ ਕੋਈ ਅੜਿੱਕਾ ਨਹੀਂ ਬਣਦੇ। ਉਹਨਾਂ ਕਿਹਾ ਕਿ ਕਰੋਨਾਂ ਦੇ ਸਮੇਂ ਵਿੱਚ ਕਰਨਲ ਬਰਾੜ ਨੇ ਆਪਣੇ ਪਿੰਡ ਬਾਰੇ ਬਹੁਤ ਹੀ ਵਡਮੁੱਲੀ ਇਤਿਹਾਸਿਕ ਕਿਤਾਬ “ ਮੇਰਾ ਪਿੰਡ ਖੋਟੇ” ਲਿੱਖਕੇ ਲੋਕ ਅਰਪਣ ਕੀਤੀ ਅਤੇ ਹੁਣ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝਦਿਆਂ ਇਹ ਕਿਤਾਬ ਲਿੱਖਕੇ ਆਪਣੀਆਂ ਲੋਕ ਪੱਖੀ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਚਰਚਾ ਵਿੱਚ ਭਾਗ ਲੈਂਦਿਆਂ ਕਰਨਲ ਜਸਜੀਤ ਗਿੱਲ, ਰਾਕੇਸ਼ ਆਜ਼ਾਦ, ਕਰਨਲ ਬਲਦੇਵ ਸਿੰਘ ਨੇ ਆਪਣੇ ਨੁਕਤੇ ਸਾਂਝੇ ਕੀਤੇ ਜਿਹਨਾਂ ਬਾਰੇ ਕਰਨਲ ਬਰਾੜ ਵੱਲੋਂ ਸਪਸਟ ਕੀਤਾ ਗਿਆ।ਇਸ ਸਮਾਰੋਹ ਵਿੱਚ ਕਰਨਲ ਬਰਾੜ ਦਾ ਬੇਟਾ ਬਿਕਰਮ ਸਿੰਘ, ਪਤਨੀ ਸੁਰਿੰਦਰ ਕੌਰ , ਨੌਂਹ ਅਤੇ ਪੋਤਿਆਂ ਸਮੇਤ ਬੁੱਕ ਕਲੱਬ ਲੁਧਿਆਣਾ ਵੱਲੋਂ ਇੰਜੀਨੀਅਰ ਔਲ਼ਖ , ਡਾ ਤੂਰ , ਵਾਤਾਵਰਣ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ, ਤਰਕਸ਼ੀਲ ਸੁਸਾਇਟੀ ਦੇ ਬਲਵਿੰਦਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਕਰਤਾਰ ਸਿੰਘ, ਨੌਜਵਾਨ ਸਭਾ ਦੇ ਰਾਕੇਸ਼ ਆਜ਼ਾਦ, ਪ੍ਰਤਾਪ ਸਿੰਘ, ਰਜੀਵ ਕੁਮਾਰ, ਵਿਸ਼ਾਲ, ਅੰਮ੍ਰਿਤਪਾਲ ਸਿੰਘ, ਜਮਹੂਰੀ ਅਧਿਕਾਰ ਸਭਾ ਵੱਲੋਂ ਅਰੁਣ ਕੁਮਾਰ, ਐਡਵੋਕੇਟ ਹਰਪ੍ਰੀਤ ਜੀਰਖ ਸਮੇਤ ਕਈ ਸਮਾਜ ਚਿੰਤਕ ਹਾਜ਼ਰ ਸਨ।