ਗਜ਼ਲ - ਫੇਲੁਨ 8 ✍ ਬਲਜਿੰਦਰ ਬਾਲੀ ਰੇਤਗੜ੍ਹ

ਗਜ਼ਲ (ਫੇਲੁਨ 8)

ਰਿਸ਼ਤੇ ਕੁੱਝ ਮੁਰਦਿਅਾਂ ਵਰਗੇ, ਸਿਰ ਤੋਂ ਲਾਹੁਣ ਦੀ ਸੋਚ ਰਿਹਾਂ 

ਮੈਂ ਕਫ਼ਨ ਜਿਹੇ ਕੋਰੇ ਸੱਜਣ, ਹੁਣ ਗਲ ਲਾਵਣ ਦੀ ਸੋਚ ਰਿਹਾਂ 

ਬੋਝਲ਼ ਸੋਚਾਂ ਦਿਲ ਦੇ ਸਦਮੇ , ਪੀਲ਼ੇ ਪੱਤੇ ਲਾਹ ਲਾਹ ਸੁੱਟਾਂ

ਚਿੱਕੜ੍ਹ ਵਿਚਲੇ ਕਮਲ ਗੁਲਾਬੀ, ਤੋਂ ਦਿਲ ਵਾਰਣ ਦੀ ਸੋਚ ਰਿਹਾਂ 

ਮੁਸ਼ਕ ਗੲੇ ਨੇ ਮੋਢੇ ਉੱਪਰ, ਖੇਸ ਪੁਰਾਣੇ  ਹੰਝੂ ਸਿੱਲ੍ਹੇ

ਮੁਕਤੀ ਚਾਹਾਂ ਹਰ ਰਿਸ਼ਤੇ ਤੋਂ, ਮੈਂ ਤੁਰ ਜਾਵਣ ਦੀ ਸੋਚ ਰਿਹਾਂ 

ਔੜੀਆਂ ਅੱਖੀਆਂ ਰੋਵਣ ਕੀ, ਸੀਰਤ ਰੜਕੇ  ਪਲਕਾਂ ਅੰਦਰ

ਤਸਵੀਰਾਂ ਕੋਲੋਂ ਨਜ਼ਰ ਛੁਪਾ, ਮੁੱਖ ਲੁਕਾਵਣ ਦੀ ਸੋਚ ਰਿਹਾਂ

ਗੁੰਝਲ਼ ਤਾਣਾ ਜੀਵਨ ਹੈ ਬਸ, ਵਾਂਗ ਮਲੰਗਾਂ ਜਿੳੁਣਾ ਚਾਹਾਂ

ਤਾਜ ੳੁਸਾਰਾਂ ਕਿਉਂ ਕਿਸ ਖਾਤਿਰ, ਘਰ ਦਰ ਢ੍ਹਾਵਣ ਦੀ ਸੋਚ ਰਿਹਾਂ 

ਲੰਮਾ ਪੰਧ ਮੁਸਾਫ਼ਿਰ 'ਕੱਲਾ, ਥੱਕ ਗਿਅਾ ਹਾਂ ਤੁਰਦਾ ਤੁਰਦਾ 

ਬਹਿਕੇ ਪਲ ਜੁਲਫ਼ਾਂ ਦੀ ਛਾਂਵੇ, ਮਹਿਕ ਹੰਡਾਵਣ ਦੀ ਸੋਚ ਰਿਹਾਂ 

ਸਬਰ ਪਿਅਾਲ਼ੇ ਤਿੜਕੇ ਭਰ-ਭਰ,ਹੋਰ ਜਰਾਂ ਕੀ ਨਾ ਕਰ ਪਰਖ਼ਾਂ

"ਬਾਲੀ ਰੇਤਗੜ" ਮਰੇ ਪਲ ਪਲ, ਰਿਮ-ਝਿਮ  ਸਾਵਣ ਦੀ ਸੋਚ ਰਿਹਾਂ 

 

       ਬਲਜਿੰਦਰ ਬਾਲੀ ਰੇਤਗੜ੍ਹ

       94651--29168