ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਦੋ ਟ੍ਰਾਈਸਾਈਕਲ ਅਤੇ ਤਿੰਨ ਵ੍ਹੀਲ ਚੇਅਰਾਂ ਦਿੱਤੀਆਂ

ਸਾਡੇ ਥੋੜ੍ਹੇ ਜਿਹੇ ਉਦਮ ਨਾਲ ਕਿਸੇ ਦੀ ਜਿੰਦਗੀ ਬਦਲ ਸਕਦੀ ਹੈ - ਲੂੰਬਾ
ਮੋਗਾ 23 ਮਈ ( ਜਸਵਿੰਦਰ ਸਿੰਘ ਰੱਖਰਾ )
: ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਲੋੜਵੰਦਾਂ ਲਈ ਸਹਾਇਤਾ ਪ੍ਰੋਜੈਕਟ ਅਧੀਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿੰਨ ਲੋੜਵੰਦਾਂ ਨੂੰ ਵ੍ਹੀਲ ਚੇਅਰਾਂ ਅਤੇ ਦੋ ਲੋੜਵੰਦਾਂ ਨੂੰ ਟ੍ਰਾਈਸਾਈਕਲ ਮੁਹੱਈਆ ਕਰਵਾਏ ਗਏ। ਅੱਜ ਸੰਸਥਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਖੇ ਕੀਤੇ ਗਏ ਸਾਦਾ ਸਮਾਗਮ ਵਿੱਚ ਇਨ੍ਹਾਂ ਲੋੜਵੰਦਾਂ ਨੂੰ ਇਹ ਉਪਕਰਨ ਸੌਂਪੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਨ੍ਹਾਂ ਲੋੜਵੰਦਾਂ ਨੇ ਸੰਸਥਾ ਨੂੰ ਵ੍ਹੀਲ ਚੇਅਰਾਂ ਅਤੇ ਟ੍ਰਾਈਸਾਈਕਲ ਲਈ ਬੇਨਤੀ ਕੀਤੀ ਸੀ, ਜਿਸ ਨੂੰ ਸ਼ੋਸ਼ਲ ਮੀਡੀਆ ਤੇ ਪਾਇਆ ਗਿਆ। ਇਸ ਬੇਨਤੀ ਨੂੰ ਸਵੀਕਾਰ ਕਰਦੇ ਅਗਰਵਾਲ ਸਭਾ ਦੇ ਵੋਮੈਨ ਸੈਲ ਦੇ ਪ੍ਰਧਾਨ ਮੈਡਮ ਲਵਲੀ ਸਿੰਗਲਾ, ਰੂਰਲ ਐੱਨ ਜੀ ਓ ਸ਼ਹਿਰੀ ਵਿੰਗ ਦੇ ਅਹੁਦੇਦਾਰ ਸੋਨੂੰ ਕੜਵਲ, ਪੰਜਾਬ ਪੁਲਿਸ ਦੇ ਮੁਲਾਜਮ ਕਮਲ ਬਹੋਨਾ, ਮੈਡਮ ਭੁਪਿੰਦਰ ਕੌਰ ਅਤੇ ਜੇ ਐਮ ਓਵਰਸੀਜ ਦੇ ਡਾਇਰੈਕਟਰ ਗਗਨ ਬਾਂਸਲ ਜੀ ਇਨ੍ਹਾਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਏ। ਉਨ੍ਹਾਂ ਇਨ੍ਹਾਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਬਿਮਾਰੀਆਂ ਅਤੇ ਸੜਕ ਦੁਰਘਟਨਾਵਾਂ ਕਾਰਨ ਪੈਦਾ ਹੋਈ ਪੱਕੀ ਜਾਂ ਅਸਥਾਈ ਆਯੋਗਤਾ ਕਾਰਨ ਅਨੇਕਾਂ ਲੋਕ ਆਪਣੇ ਰੋਜਾਨਾ ਦੇ ਕੰਮਾਂ ਕਾਰਾਂ ਲਈ ਦੂਸਰਿਆਂ ਤੇ ਨਿਰਭਰ ਹੋ ਜਾਂਦੇ ਹਨ ਤੇ ਸਾਡੇ ਇੱਕ ਨਿੱਕੇ ਜਿਹੇ ਉਦਮ ਨਾਲ ਇਨ੍ਹਾਂ ਦੀ ਜਿੰਦਗੀ ਵਿੱਚ ਇਨਕਲਾਬੀ ਬਦਲਾਵ ਆ ਸਕਦਾ ਹੈ। ਇਸ ਲਈ ਸਾਨੂੰ ਸਭ ਨੂੰ ਇਨ੍ਹਾਂ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਸ਼ਹਿਰੀ ਯੂਨਿਟ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ ਅਤੇ ਚੇਅਰਮੈਨ ਗੁਰਸੇਵਕ ਸਿੰਘ ਸੰਨਿਆਸੀ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਅੱਗੇ ਉਨ੍ਹਾਂ ਦੀ ਨੇਕ ਕਮਾਈ ਵਿੱਚ ਵਾਧਾ ਕਰਨ ਅਤੇ ਹੋਰ ਲੋੜਵੰਦਾਂ ਦੀ ਮਦਦ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਹਨਾਂ ਦੱਸਿਆ ਕਿ ਰੂਰਲ ਐੱਨ ਜੀ ਓ ਮੋਗਾ ਵੱਲੋਂ ਹੁਣ ਤੱਕ 200 ਤੋਂ ਉਪਰ ਲੋੜਵੰਦਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਜਿਹੇ ਉਪਕਰਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਘਰਾਂ ਵਿੱਚ ਅਕਸਰ ਵਰਤੇ ਹੋਏ ਮੈਡੀਕਲ ਉਪਕਰਨ ਜਿਵੇਂ ਵਾਕਰ, ਵ੍ਹੀਲ ਚੇਅਰ, ਟ੍ਰਾਈਸਾਈਕਲ, ਮਰੀਜ ਬੈਡ, ਆਕਸੀਜਨ ਕੰਨਸਨਟ੍ਰੇਟਰ, ਬਾਇਪੈਪ ਮਸ਼ੀਨ ਆਦਿ ਪਏ ਹੁੰਦੇ ਹਨ। ਇਹ ਉਪਕਰਨ ਸਾਡੀ ਸੰਸਥਾ ਨੂੰ ਦੇ ਸਕਦੇ ਹੋ ਤਾਂ ਜੋ ਲੋੜਵੰਦਾਂ ਦੇ ਕੰਮ ਆ ਸਕਣ। ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਸਕੱਤਰ ਕੰਵਲਜੀਤ ਸਿੰਘ ਮਹੇਸਰੀ, ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਮੈਡਮ ਲਵਲੀ ਸਿੰਗਲਾ, ਗਗਨ ਬਾਂਸਲ, ਸੋਨੂੰ ਕੜਵਲ, ਨਰਜੀਤ ਕੌਰ, ਜਸਵੀਰ ਕੌਰ ਅਤੇ ਲੋੜਵੰਦ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਹਾਜਰ ਸਨ।