ਮਾਂ ਦੀ ਮਮਤਾ ✍️ ਸੰਦੀਪ ਦਿਉੜਾ

                         ਇੱਕ ਦਿਨ ਮੈਂ, ਮੇਰੀ ਪਤਨੀ ਅਤੇ ਮੇਰਾ ਇੱਕ ਖਾਸ ਮਿੱਤਰ ਉਸੇ ਦੀ ਹੀ ਕਾਰ ਰਾਹੀਂ ਲੁਧਿਆਣੇ ਇੱਕ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ। 

     ਨਵੀਆਂ ਚੌੜੀਆਂ ਸੜਕਾਂ ਅਤੇ ਉੱਚੇ ਉੱਚੇ ਪੁੱਲਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਬਾਹਰਲੇ ਦੇਸ਼ ਵਿੱਚ ਹੋਈਏ। ਅਣਗਿਣਤ ਕਾਰਾਂ ਸੜਕ ਦੇ ਉੱਤੇ ਇੱਧਰੋ ਉਧਰੋ ਤੇ ਉਧਰੋ ਇੱਧਰੋ ਤੇਜ਼ ਰਫਤਾਰ ਵਿੱਚ ਭੱਜ ਰਹੀਆਂ ਸਨ। ਕਾਰਾਂ ਦੀ ਗਿਣਤੀ ਤੇ ਰਫਤਾਰ ਹੀ ਮੈਨੂੰ ਬਾਹਰਲੇ ਦੇਸ਼ ਦੀ ਤਰ੍ਹਾਂ ਕਹਿਣ ਲਈ ਮਜਬੂਰ ਕਰ ਰਹੀ ਹੈ। ਭਾਵੇਂ ਅਜੇ ਸੜਕਾਂ ਉੱਥੋ ਵਰਗੀਆਂ ਨਹੀਂ ਹਨ ਪਰ ਵਹੀਕਲਾਂ ਦੀ ਗਿਣਤੀ ਉਸੇ ਤਰ੍ਹਾਂ ਹੀ ਭਾਰਤ ਵਿੱਚ ਵੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। 

         ਅਚਾਨਕ ਮੇਰੀ ਨਜ਼ਰ ਥੋੜ੍ਹੀ ਦੂਰੀ ਤੇ ਖੱਬੇ ਪਾਸੇ ਪਈ। ਮੈਂ ਦੇਖਿਆ ਕਿ ਇੱਕ ਛੋਟਾ ਜਿਹਾ ਕਤੂਰਾ ਕਿਸੇ ਵਹੀਕਲ ਦੇ ਨਾਲ ਟੱਕਰ ਖਾਹ ਕੇ ਖੱਬ ਪਾਸੇ ਡਿੱਗਿਆ ਪਿਆ ਸੀ। ਸ਼ਾਇਦ ਕੁਝ ਦੇਰ ਪਹਿਲਾਂ ਹੀ ਉਸਨੂੰ ਇਹ ਟੱਕਰ ਲੱਗੀ ਹੋਣੀ ਹੈ। ਕਤੂਰਾ ਬਿਨਾਂ ਕਿਸੇ ਹਿੱਲਜੁੱਲ ਦੇ ਸੜਕ ਉੱਤੇ ਪਿਆ ਸੀ ਪਰ ਉਸਦੀ ਮਾਂ ਉਸਦੇ ਕੋਲ ਬਿਨਾਂ ਰੁਕੇ ਹੀ ਭੌਕੀ ਜਾ ਰਹੀ ਸੀ। ਜਿਵੇਂ ਆਪਣੇ ਬੱਚੇ ਨੂੰ ਸਮਝਾ ਰਹੀ ਹੋਵੇ ਕਿ ਚੱਲ ਬੱਚੇ ਸੜਕ ਉੱਤੇ ਬਹੁਤ ਭੀੜ ਹੈ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ। 

        ਉਸਦੇ ਦਿਲ ਡਰ ਤਾਂ ਸੜਕ ਉੱਤੇ ਸੱਚ ਹੋਇਆਂ ਪਿਆ ਸੀ। ਉਹ ਕਦੇ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ, ਕਿਤੇ ਮੂੰਹ ਨਾਲ ਖਿੱਚਣ ਦੀ ਅਤੇ ਕਦੇ ਉਸਦੇ ਆਸੇ ਪਾਸੇ ਚੱਕਰ ਕੱਟਣ ਲੱਗ ਜਾਂਦੀ ਤੇ ਫ਼ਿਰ ਭੌਕਣ ਲੱਗ ਜਾਂਦੀ। ਪਰ ਉਹ ਬੇਜਾਨ ਉਸੇ ਤਰ੍ਹਾਂ ਹੀ ਸੜਕ ਉੱਤੇ ਪਿਆ ਹੁੰਦਾ ਹੈ। 

               ਨੇੜਲੇ ਹੀ ਖੇਤਾਂ ਵਿੱਚ ਕੰਮ ਕਰ ਰਹੇ ਕੁਝ ਬੰਦਿਆਂ ਨੇ ਉਸਨੂੰ ਉੱਥੋ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ ਕਿਤੇ ਇਹ ਵੀ ਕਿਸੇ ਵਹੀਕਲ ਦੇ ਥੱਲ੍ਹੇ ਹੀ ਨਾ ਆ ਜਾਵੇ। ਪਰ ਇੱਕ ਉਹ ਸੀ ਜੋ ਜਾਣ ਦੀ ਥਾਂ ਤੇ ਉਹਨਾਂ ਉੱਤੇ ਵੀ ਭੌਕਣ ਲੱਗ ਪਈ। ਉਹਨਾਂ ਨੇ ਦੂਰੋਂ ਪੱਥਰ ਮਾਰਿਆਂ ਤਾਂ ਉਹ ਡਰਦੇ ਮਾਰੇ ਉੱਥੋਂ ਭੱਜ ਗਈ। ਹੁਣ ਉਹ ਪਿੱਛੇ ਮੁੜ ਮੁੜ ਕੇ ਹੀ ਦੇਖਦੀ ਜਾ ਰਹੀ ਸੀ। ਜਿਵੇਂ ਉਹਨਾਂ ਨੂੰ ਆਖ ਰਹੀ ਹੋਵੇ ਕਿ ਮੈਨੂੰ ਮੇਰੇ ਲਾਡਲੇ ਦਾ ਆਖਰੀ ਵਾਰ ਚਿਹਰਾ ਤਾਂ ਦੇਖ ਲੈਣ ਦਿਉ। ਉਸ ਦੇ ਦਿਲ ਦੀਆਂ ਭਾਵਨਾਵਾਂ ਨੂੰ ਕੋਈ ਵੀ ਨਹੀਂ ਸੀ ਸਮਝ ਪਾ ਰਿਹਾ। ਸੜਕ ਉੱਤੇ ਉਸੇ ਹੀ ਤਰ੍ਹਾਂ ਤੇਜ਼ੀ ਰਫਤਾਰ ਨਾਲ ਵਹੀਕਲ ਆ ਤੇ ਜਾ ਰਹੇ ਸਨ। ਉਸ ਦੀਆਂ ਭਾਵਨਾਵਾਂ ਜਾਂ ਮਾਂ ਦੀ ਮਮਤਾ ਨੂੰ ਸਮਝਣ ਵਾਲਾ ਕੋਈ ਵੀ ਨਹੀਂ ਸੀ ਕਿਉਂਕਿ ਅਸੀਂ ਸਾਰੇ ਇਨਸਾਨ ਹਾਂ ਜੋ ਅੱਜਕੱਲ੍ਹ ਤੇਜ਼ ਰਫਤਾਰ ਮਸ਼ੀਨੀ ਯੁੱਗ ਵਿੱਚ ਮਸ਼ੀਨ ਹੀ ਬਣ ਕੇ ਰਹਿ ਗਏ ਹਾਂ।

                        ਸੰਦੀਪ ਦਿਉੜਾ

                     8437556667