ਹਲਕੇ ਦੇ ਦੌਰੇ ਦੌਰਾਨ ਗੁਰਬਾਜ਼ ਸਿੰਘ ਸਿੱਧੂ ਨੇ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ਚ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਹਲਕੇ 'ਚ ਪਿਛਲੇ ਕਾਫੀ ਸਮੇਂ ਤੋਂ ਰਾਜਸੀ ਤੌਰ 'ਤੇ ਸਰਗਰਮ ਨੌਜਵਾਨ ਆਗੂ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਦੌਰੇ ਦੌਰਾਨ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ਚ ਸ਼ਮੂਲੀਅਤ ਕੀਤੀ।ਜਦੋਂਕਿ ਬਾਅਦ ਵਿੱਚ ਗੱਲਬਾਤ ਕਰਦਿਆਂ ਸਿੱਧੂ ਨੇ ਪਿੰਡਾਂ ਸ਼ਹਿਰਾਂ ਦੇ ਵਿਕਾਸ ਕਾਰਜਾਂ 'ਚ ਆਈ ਖੜੋਤ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਸਭ ਤੋਂ ਪਹਿਲਾਂ ਗੁਰਬਾਜ਼ ਸਿੰਘ ਸਿੱਧੂ ਨੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਸਾਬਕਾ ਸਰਪੰਚ ਸੰਗਤ ਖੁਰਦ ਜੋ ਬੀਤੇ ਦਿਨ ਅਕਾਲ ਚਲਾਣੇ ਕਰ ਗਏ ਹਨ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਦਿਆਂ ਉਨਾਂ ਦੇ ਅਕਾਲ ਚਲਾਣੇ ਨੂੰ ਪਾਰਟੀ ਅਤੇ ਇਲਾਕੇ ਲਈ ਵੱਡਾ ਘਾਟਾ ਕਰਾਰ ਦਿੱਤਾ। ਉਪਰੰਤ ਉਹ ਸੀ. ਅਕਾਲੀ ਆਗੂ ਲਖਵੀਰ ਸਿੰਘ ਲੱਕੀ ਸੰਗਤ ਦੇ ਪਿਤਾ ਦੇ ਅਕਾਲ ਚਲਾਣੇ ਅਤੇ ਸ਼ੇਖਪੁਰਾ ਵਿਖੇ ਅਜੈਬ ਸਿੰਘ ਔਲਖ ਦੇ ਦੇਹਾਂਤ 'ਤੇ ਅਫਸੋਸ ਪ੍ਰਗਟ ਕਰਨ ਲਈ ਉਨਾਂ ਦੇ ਘਰ ਪੁੱਜੇ। ਸਿੱਧੂ ਨੇ ਪਿਂਡ ਜਗਾ ਰਾਮ ਤੀਰਥ ਪੁੱਜਦਿਆਂ ਡਾ. ਰੇਸ਼ਮ ਸਿੰਘ ਜਗਾ ਦੀ ਮਾਤਾ ਦੀ ਅੰਤਿਮ ਅਰਦਾਸ ਸਮਾਗਮ 'ਚ ਵੀ ਹਾਜ਼ਰੀ ਭਰੀ। ਦੌਰੇ ਉਪਰੰਤ ਗੱਲਬਾਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੇ ਉਲਟ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਪਹਿਲਾਂ ਤੋਂ ਹੀ ਪੰਚਾਇਤਾਂ ਕੋਲ ਪਏ ਫੰਡਾਂ ਨੂੰ ਵਾਪਸ ਮੰਗਵਾ ਲਿਆ ਅਤੇ ਬਹੁਤੇ ਪਿੰਡਾਂ ਚ ਵਿਕਾਸ ਕਾਰਜ ਅੱਧਵਾਟੇ ਪਏ ਹਨ। ਉਨਾਂ ਕਿਹਾ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਸੀਵਰੇਜ ਦੇ ਹੱਲ ਦਾ ਨੀਂਹ ਪੱਥਰ ਪਿਛਲੇ ਸਮੇਂ ਚ ਰੱਖਦਿਆਂ ਦਾਅਵਾ ਕੀਤਾ ਸੀ ਕਿ ਵਿਸਾਖੀ ਤੋਂ ਪਹਿਲਾਂ ਸੀਵਰੇਜ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਉਹ ਦਾਅਵੇ ਫੋਕੇ ਸਾਬਤ ਹੋਏ। ਸਿੱਧੂ ਨੇ ਕਿਹਾ ਕਿ ਇੱਕ ਸਾਲ ਦੇ ਕਾਰਜਕਾਲ 'ਚ ਸਰਕਾਰ ਦੇ ਆਗੂ ਹਲਕੇ ਦੇ ਵਿਕਾਸ ਲਈ ਇੱਕ ਮੋਰੀ ਵਾਲਾ ਪੈਸਾ ਵੀ ਨਹੀ ਲਿਆ ਸਕੇ। ਇਸ ਮੌਕੇ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ, ਐੱਸ.ਓ.ਆਈ ਸੂਬਾ ਆਗੂ ਰਣਦੀਪ ਸਿੰਘ ਚੱਠਾ, ਸੀ.ਆਗੂ ਸੁਰਜੀਤ ਸ਼ਿੰਦੀ ਜਗਾ, ਆਈ.ਟੀ ਵਿੰਗ ਸਰਕਲ ਪ੍ਰਧਾਨ ਮਨਪ੍ਰੀਤ ਸ਼ੇਖਪੁਰਾ, ਕਿਸਾਨ ਵਿੰਗ ਸਰਕਲ ਪ੍ਰਧਾਨ ਜੀਤ ਸਿੰਘ ਔਲਖ, ਕੁਲਦੀਪ ਜਿੰਦਲ ਆਦਿ ਆਗੂ ਮੌਜੂਦ ਸਨ।