ਹਲਕਾ ਧਰਮਕੋਟ ਦੇ ਕਾਂਗਰਸੀਆਂ ਨੇ ਰਾਹੁਲ ਗਾਂਧੀ ਖਿਲਾਫ ਮੋਦੀ ਸਰਕਾਰ ਦੇ ਲਏ ਫ਼ੈਸਲੇ ਦੀ ਕੀਤੀ ਨਿਖੇਧੀ

ਧਰਮਕੋਟ, 02 ਅਪ੍ਰੈਲ ( ਜਸਵਿੰਦਰ  ਸਿੰਘ  ਰੱਖਰਾ)ਕਾਂਗਰਸ ਦੇ ਬਲਾਕ ਪ੍ਰਧਾਨ ਧਰਮਕੋਟ ਗੁਰਬੀਰ ਸਿੰਘ ਗੋਗਾ ਸੰਗਲਾ ਦੀ ਅਗਵਾਈ ਹੇਠ ਸਾਬਕਾ ਨਗਰ ਕੌਂਸ਼ਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੀ ਆੜ੍ਹਤ ਉਪਰ ਰੱਖੀ ਗਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਗੁਰਬੀਰ ਸਿੰਘ ਗੋਗਾ ਨੇ ਕਿਹਾ ਕਿ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ, ਸਾਰੀਆ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜੋ ਕਈ ਵਿਅਕਤੀ ਭਾਜਪਾ ਨੂੰ ਸਵਾਲ ਕਰਦਾ ਹੈ ਭਾਜਪਾ ਉਸਨੂੰ ਸੋਚੀ ਸਮਝੀ ਸਾਜਿਸ਼ ਤਹਿਤ ਵੱਖ-ਵੱਖ ਏਜੰਸੀਆਂ ਦਾ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰਕੇ ਡਰਾ ਧਮਕਾ ਕੇ ਚੁੱਪ ਕਰਾ ਦਿੰਦੀ ਹੈ। ਸ਼੍ਰੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਵਿੱਚ 07 ਫਰਵਰੀ 2023 ਨੂੰ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬੰਧਾਂ ਤੇ ਸਵਾਲ ਉਠਾਉਦੇ ਹੋਏ ਭਾਸ਼ਣ ਦਿੱਤਾ ਅਤੇ ਇੱਕ ਵੱਡਾ ਸਵਾਲ ਮੋਦੀ ਸਰਕਾਰ ਨੂੰ ਕੀਤਾ ਕਿ ਗੌਤਮ ਅਡਾਨੀ ਕੋਲ ਆਇਆ ਵਿਦੇਸ਼ੀ 20 ਹਜ਼ਾਰ ਕਰੋੜ ਰੁਪਇਆ ਕਿਸਦਾ ਹੈ? ਕੀ ਇਹ ਸਿਆਸੀ ਪੈਸਾ ਹੈ। ਰਾਹੁਲ ਗਾਂਧੀ ਦੇ ਉਸ ਸੰਬੋਧਨ ਤੋਂ 9 ਦਿਨਾਂ ਦੇ ਅੰਦਰ ਅੰਦਰ ਹੀ ਇੱਕ ਝੂਠੀ ਸ਼ਿਕਾਇਤ ਜੋ ਕਿ ਬੀ.ਜੇ.ਪੀ. ਦੇ ਇੱਕ ਐਮ.ਐਲ.ਏ. ਪੂਰਨੇਸ ਭੂਤਵਾਲਾ ਨੇ ਸੂਰਤ ਗੁਜਰਾਤ ਦੀ ਇੱਕ ਅਦਾਲਤ ਵਿੱਚ 2019 ਵਿੱਚ ਦਾਇਰ ਕੀਤੀ ਹੋਈ ਸੀ, ਉਹਦੇ ਉਤੇ ਖੁਦ ਹੀ 2022 ਵਿੱਚ ਗੁਜਰਾਤ ਹਾਈ ਕੋਰਟ ਤੋਂ ਸਟੇਅ ਦੀ ਮੰਗ ਕਰਕੇ ਸਟੇਅ ਲਿਆ ਹੋਇਆ ਸੀ। ਉਹ ਸਟੇਅ ਇੱਕ ਸਾਲ ਬਾਅਦ ਰਾਹੁਲ ਗਾਂਧੀ ਦੇ ਸੰਸਦ ਵਿੱਚ ਭਾਸ਼ਣ ਦੇ 9 ਦਿਨ ਦੇ ਵਿੱਚ ਵਿੱਚ ਹੀ ਗੁਜਰਾਤ ਹਾਈ ਕੋਰਟ ਵਿੱਚ ਵਾਪਸ ਲੈ ਲਿਆ। 27 ਫਰਵਰੀ 2023 ਨੂੰ ਉਸ ਝੂਠੀ ਕੰਪਲੇਟ ਤੇ ਸੂਰਤ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਗਈ ਅਤੇ 23 ਮਾਰਚ 2023 ਨੂੰ ਜਾਣੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਨੇ ਸ਼੍ਰੀ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾ ਦਿੱਤਾ। ਅਜ਼ਾਦ ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਨੂੰ ਮਾਣਹਾਨੀ ਦੇ ਕੇਸ ਵਿੱਚ 2 ਸਾਲ ਦੀ ਸਜਾ ਸੁਣਾਈ ਗਈ ਹੋਵੇ। ਉਸਤੋਂ ਬਾਅਦ 24 ਮਾਰਚ 2023 ਨੂੰ 24 ਘੰਟਿਆਂ ਦੇ ਅੰਦਰ-ਅੰਦਰ ਲੋਕ ਸਭਾ ਸਕੱਤਰੇਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਬਤੌਰ ਲੋਕ ਸਭਾ ਸੰਸਦ ਅਯੋਗ ਕਰਾਰ ਦੇ ਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ, ਜਦਕਿ ਭਾਜਪਾ ਦੇ 55 ਪ੍ਰਤੀਸ਼ਤ ਸੰਸਦ ਮੈਂਬਰਾਂ ਤੇ ਸੰਗੀਨ ਜੁਰਮਾਂ ਦੇ ਦੋਸ਼ ਹਨ, ਪਰ ਉਹਨਾਂ ਤੇ ਨਾ ਕਦੇ ਕੋਈ ਕਾਰਵਾਈ ਹੋਵੇ ਅਤੇ ਨਾ ਹੀ ਉਹਨਾਂ ਦੀ ਮੈਂਬਰਸ਼ਿਪ ਕਦੇ ਰੱਦ ਹੋਈ। ਇਹ ਸਭ ਇਹੀ ਦਰਸਾਉਂਦਾ ਹੈ ਕਿ ਕਿਵੇਂ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਸਰਕਾਰ ਸ੍ਰੀ ਰਾਹੁਲ ਗਾਂਧੀ ਤੋਂ ਅਤੇ ਉਹਨਾਂ ਦੇ ਸਵਾਲਾਂ ਤੋਂ ਬੁਰੀ ਤਰ੍ਹਾਂ ਘਬਰਾ ਗਈ ਹੈ, ਉਹਨਾਂ ਦੀ ਅਵਾਜ ਨੂੰ ਬੰਦ ਕਰਨ ਲਈ ਉਹਨਾਂ ਦੀ ਪਹਿਲਾਂ ਸੁਰੱਖਿਆ ਵਾਪਸ ਲਈ, ਫਿਰ ਉਹਨਾਂ ਨੂੰ ਏਜੰਸੀਆ ਰਾਹੀਂ 55 ਘੰਟੇ ਦੀ ਪੁੱਛ-ਗਿੱਛ ਕਰਵਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹਨਾਂ ਦੀ ਅਵਾਜ ਨੂੰ ਬੰਦ ਕਰਨ ਲਈ ਉਹਨਾਂ ਦੀ ਬਤੌਰ ਸੰਸਦ ਮੈਂਬਰ ਮੈਂਬਰਸ਼ਿਪ ਰੱਦ ਕਰ ਦਿੱਤੀ ਅਤੇ ਉਹਨਾਂ ਨੂੰ ਘਰ ਤੇ ਬੇਘਰ ਲਈ ਵੀ ਚਿੱਠੀ ਜਾਰੀ ਕਰ ਦਿੱਤੀ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀਆਂ ਅਤੇ ਬੀ.ਜੇ.ਪੀ. ਦੀਆਂ ਇਹਨਾਂ ਕੋਝੀਆ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ।

ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਨੇ ਇਹ ਸਾਰਾ ਡਰਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਬਚਾਉਣ ਲਈ ਰਚਿਆ ਹੈ। ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕਾਂ ਨੇ ਆਪਣੀਆ ਜਾਨਾਂ ਕੁਰਬਾਨ ਕਰਕੇ ਇਸ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਅਤੇ ਇਸ ਦੇਸ਼ ਨੂੰ ਅਜ਼ਾਦ ਕਰਵਾਇਆ। ਹੁਣ ਵੀ ਕਾਂਗਰਸ ਪਾਰਟੀ ਇਸਦੇ ਵਰਕਰ, ਆਮ ਲੋਕਾਂ ਨੂੰ ਨਾਲ ਲੈ ਕੇ ਅਤੇ ਲਾਮਬੰਦ ਕਰਕੇ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਇੱਕ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਬਰ ਤਿਆਰ ਹਨ ਅਤੇ ਪੂਰੀ ਨਿਡਰਤਾ ਨਾਲ ਇਸ ਸਰਕਾਰੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਧੀਰ ਗੋਇਲ, ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਨਿਰਮਲ ਸਿੰਘ ਸਾਬਕਾ ਕੌਂਸਲਰ, ਸੁਖਦੇਵ ਸਿੰਘ ਸ਼ੇਰਾ, ਮਨਜੀਤ ਸਿੰਘ ਸਭਰਾ ਸਾਬਕਾ ਕੌਂਸਲਰ, ਸਰਪੰਚ ਦਲਬੀਰ ਸਿੰਘ ਚੌਧਰੀਵਾਲਾ ਅਤੇ ਸਚਿਨ ਟੰਡਨ ਸਾਬਕਾ ਕੌਂਸਲਰ ਵੀ ਹਾਜਰ ਸਨ ।