ਪਿਆਰੇ ਰੱਬ ਜੀ ✍️ ਪਰਵੀਨ ਕੌਰ ਸਿੱਧੂ

ਪਿਆਰੇ ਰੱਬ ਜੀ,

ਸਤਿ ਸ੍ਰੀ ਅਕਾਲ।

ਕੀ ਗੱਲ ਹੋ ਗਈ ਹੈ,? ਅਸੀਂ ਏਨੀਆਂ ਅਰਦਾਸਾਂ ਕਰ ਰਹੇ ਹਾਂ,ਪਰ ਤੁਸੀਂ ਫਿਰ ਵੀ ਸਾਡੀ ਸੁਣ‌ ਨਹੀਂ ਰਹੇ ਹੋ। ਇਸ ਬੇਮੌਸਮੀ ਬਰਸਾਤ ਨਾਲ ਮੇਰਾ ਬਹੁਤ ਨੁਕਸਾਨ ਹੋ ਗਿਆ ਹੈ। ਮੇਰੀਆਂ ਰੀਝਾਂ, ਮੇਰੇ ਸੁਪਨੇ ਬਰਸਾਤ ਵਿੱਚ ਰੁੜ ਗਏ ਹਨ। ਗੜ੍ਹਿਆਂ ਦੇ ਹੇਠ ਮੇਰੇ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਖ਼ਵਾਹਿਸ਼ਾ ਦੱਬੀਆਂ ਗਈਆ ਹਨ। 

ਤੁਹਾਨੂੰ ਕੀ ਦੱਸਾਂ... , ਇਸ ਫ਼ਸਲ ਤੋਂ ਮੈਂ ਕਿੰਨੀਆਂ ਆਸਾਂ ਲਗਾਈਆਂ ਹੋਈਆਂ ਹੁੰਦੀਆਂ ਹਨ। ਮੇਰੇ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਮੈਂ ਕਿਥੋਂ ਕਰਨੇ ਹਨ? ਦਿੱਡ ਦੀ ਭੁੱਖ ਤਾਂ ਰੋਜ਼ ਮਾਰਦੀ ਹੈ। ਰੋਜ਼ ਦੀਆਂ ਲੋੜਾਂ ਮੇਰਾ ਲੱਕ ਤੋੜ ਦਿੰਦੀਆਂ ਹਨ। ਜਵਾਨ ਧੀ ਦਾ ਫ਼ਿਕਰ ਸਤਾਉਂਦਾ ਹੈ। ਬੁੱਢੇ ਮਾਂ ਬਾਪ ਦੀ ਦਵਾਈ ਲਈ ਬੇਬੱਸ ਹੋ ਜਾਂਦਾ ਹਾਂ। ਘਰਵਾਲੀ ਦੀਆਂ ਰੀਝਾਂ ਪੂਰੀਆਂ  ਕਰਨ ਦਾ ਤਾਂ ਸਵਾਲ ਹੀ ਪੈਂਦਾ ਨਹੀਂ ਹੁੰਦਾ। ਵਿਚਾਰੀ ਚੁੱਪ-ਚੁਪ ਭਾਣਾ ਮੰਨ ਕੇ‌ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਦੇ ਦਿਨ ਕੱਟੀ ਜਾਂਦੀ ਹੈ। ਰੀਝਾਂ ਦੀ ਪਟਾਰੀ ਪਤਾ ਨਹੀਂ ਕਿਹੜੇ ਸੰਦੂਕ ਵਿੱਚ ਪਾ ਕੇ ਤਾਲਾ ਮਾਰ ਕੇ ਚਾਬੀ ਮਜ਼ਬੂਰੀਆਂ ਦੇ ਗਹਿਰੇ ਸਾਗਰ ਵਿੱਚ ਸੁੱਟ ਦਿੱਤੀ ਹੈ ਉਸ ਨੇ.. 

ਮੇਰੀ ਤਾਂ ਕੋਈ ਮਦਦ ਕਰਕੇ ਵੀ ਖੁਸ਼ ਨਹੀਂ ਹੈ। ਮੈਂ ਜਰਨਲ ਕੈਟਾਗਰੀ ਨਾਲ ਸਬੰਧਤ ਹੋਣ ਕਰਕੇ ਸਭ ਇਹੀ ਕਹਿੰਦੇ ਅਤੇ ਸਮਝਦੇ ਹਨ ਕਿ ਮੈਨੂੰ ਕਿਸੇ ਮਦਦ ਦੀ ਜ਼ਰੂਰਤ ਨਹੀਂ ਹੈ। ਮੇਰੀ ਆਰਥਕ ਹਾਲਤ ਬਹੁਤ ਖਸਤਾ ਹੈ। ਕਾਸ਼! ਇਥੇ ਹਰੇਕ ਦੀ ਆਰਥਿਕ ਸਥਿਤੀ ਵੇਖੀ ਜਾਂਦੀ। ਜਾਤਾਂ ਅਤੇ ਧਰਮਾਂ ਦੇ ਰੌਲਿਆਂ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਮਨੁੱਖ ਸਮਝਦਾ ਅਤੇ ਲੋੜਵੰਦ ਦੀ ਮਦਦ ਕਰਦਾ‌। 

ਜੇਕਰ ਫ਼ਸਲ ਚੰਗੀ ਹੋ ਜਾਵੇ ਤਾਂ ਮੈਨੂੰ ਰੇਟ ਸਹੀ ਨਹੀਂ ਮਿਲਦਾ। ਮੇਰੀਆਂ ਫ਼ਰਿਆਦਾਂ ਦੀ ਅਵਾਜ਼ ਤੁਹਡੇ ਤੱਕ ਕਿਉਂ ਨਹੀਂ ਪਹੁੰਚਦੀ ਹੈ? ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਮੈਂ ਫ਼ਸਲ ਮੰਡੀ ਵਿੱਚ ਸੁੱਟ ਕੇ ਆਇਆ ਹਾਂ। ਬਹੁਤ ਘੱਟ ਲੋਕ ਹਨ ਜੋ ਕਹਿਣ ਕਿ ਮੰਡੀ ਵਿੱਚ ਫ਼ਸਲ ਵੇਚ ਕੇ ਆਏ ਹਾਂ। ਮੇਰੀ ਤ੍ਰਾਸਦੀ ਹੈ ਕਿ ਮੈਂ ਕਿਸਾਨ ਹਾਂ, ਕਿਰਤੀ ਹਾਂ। ਉਝ ਕਹਿਣ ਨੂੰ ਮੈਂ ਅੰਨ ਦਾਤਾ ਹਾਂ, ਪਰ ਮੇਰੀ ਹਾਲਤ ਫ਼ਕੀਰਾਂ ਵਰਗੀ ਹੈ। ਹਮੇਸ਼ਾ ਲੁਟਾਉਂਦਾ ਹੀ ਰਿਹਾ ਹਾਂ। ਸਬਰ ਕਰਦਾ ਰਿਹਾ ਹਾਂ। ਪਰ ਕਦੀ-ਕਦੀ ਸਬਰ ਦੇ ਬੰਨ੍ਹ ਟੁੱਟ ਜਾਂਦੇ ਹਨ। ਮੈਥੋਂ ਆਪਣੇ ਬੱਚਿਆਂ ਦੀਆਂ ਲੋੜਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਮੈਂ ਖੁਦਕੁਸ਼ੀ ਦਾ ਰਾਹ ਵੀ ਚੁਣਦਾ ਹਾਂ। 

ਮੈਨੂੰ ਪਤਾ ਇਹ ਸਹੀ ਨਹੀਂ ਹੈ, ਪਰ ਮੈਂ ਰੋਜ਼- ਰੋਜ਼ ਮਰਨ ਨਾਲੋਂ ਇਕੋ ਦਿਨ ਹੀ ਮਰ ਜਾਂਦਾ ਹਾਂ। ਮੈਨੂੰ ਪਤਾ ਇਹ ਸਹੀ ਨਹੀਂ ਹੈ, ਪਰ ਮੈਂ ਵੀ ਤਾਂ ਇਨਸਾਨ ਹਾਂ.... ਟੁੱਟ ਹੀ ਜਾਂਦਾ ਹੈ। ਰੱਬ ਜੀ ਤੁਸੀਂ ਹੀ ਮੇਰੇ 'ਤੇ ਤਰਸ ਕਰਿਆ ਕਰੋ। ਬੇਮੌਸਮੀ ਬਰਸਾਤ ਕਰਕੇ ਮੇਰੀ ਫ਼ਸਲ ਬਰਬਾਦ ਨਾ ਕਰਿਆ ਕਰੋ। ਮੇਰੇ ਵੀ ਸੁਪਨੇ ਹਨ, ਮੇਰੀਆਂ ਵੀ ਰੀਝਾਂ ਹਨ। ਮੇਰੀਆਂ ਦੁਆਵਾਂ ਵਿੱਚ ਕੀ ਕਮੀ ਰਹਿ ਜਾਂਦੀ ਹੈ ਕਿ ਤੁਸੀਂ ਮੇਰੀ ਗੱਲ ਮੰਨਦੇ ਨਹੀਂ ਹੋ? ਸਾਫ਼ ਦਿਲ ਕਿਵੇਂ ਦਾ ਹੁੰਦਾ ਹੈ.... ਸਮਝ ਨਹੀਂ ਆਉਂਦੀ। ਰੱਬ ਜੀ ਮੈਂ ਤੁਹਾਡਾ ਆਪਣਾ ਕਿਸਾਨ ਪੁੱਤ ਹਾਂ। ਮੈਂ ਆਪਣਾ ਦਰਦ ਕਿਸ ਨੂੰ ਸੁਣਾਵਾਂ। ਸੋਚਿਆ ਚਿੱਠੀ ਹੀ ਲਿਖ ਦੇਵਾਂ।  ਮੇਰੇ 'ਤੇ ਅਤੇ ਸਾਰੀ ਸ੍ਰਿਸ਼ਟੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਬਹੁਤ ਸਤਿਕਾਰ ਜੀਉ।

      ਪਰਵੀਨ ਕੌਰ ਸਿੱਧੂ 

        814653620