26 ਤੋਂ 28 ਮਾਰਚ ਤੱਕ ਜਨਮ-ਉਤਸਵ ’ਤੇ ਵਿਸ਼ੇਸ਼

ਸਿੱਖ ਰਾਜ ਦੇ ਮੋਢੀ ਤੇ ਸੰਤ ਸਿਪਾਹੀ-ਬਾਬਾ ਸਾਹਿਬ ਸਿੰਘ ਬੇਦੀ
ਬੇਦੀ ਬਾਬੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੇ ਸੰਤਾਨਕ ਘਰਾਣੇ ਵਿੱਚ ਬਾਬਾ ਲਖਮੀ ਚੰਦ ਜੀ, ਬਾਬਾ ਧਰਮ ਚੰਦ ਜੀ, ਬਾਬਾ ਮਾਣਕ ਚੰਦ ਜੀ, ਬਾਬਾ ਦਾਤਾਰ ਚੰਦ ਜੀ, ਬਾਬਾ ਪਹਾੜ ਚੰਦ ਜੀ, ਬਾਬਾ ਹਰਕਰਨ ਚੰਦ ਜੀ, ਬਾਬਾ ਨਿਹਾਲ ਚੰਦ ਜੀ, ਬਾਬਾ ਕਲਾਧਾਰੀ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ, ਬਾਬਾ ਬਿਕਰਮ ਸਿੰਘ ਜੀ, ਬਾਬਾ ਸੁਜਾਨ ਸਿੰਘ ਜੀ, ਬਾਬਾ ਰਾਮਕਿ੍ਰਸ਼ਨ ਸਿੰਘ ਜੀ, ਬਾਬਾ ਦਵਿੰਦਰ ਸਿੰਘ ਜੀ, ਬਾਬਾ ਮਧੁਸੂਦਨ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਬਾਬਾ ਸਰਬਜੋਤ ਸਿੰਘ ਜੀ ਬੇਦੀ ਹਨ। ਬਾਬਾ ਸਾਹਿਬ ਸਿੰਘ ਜੀ ਬੇਦੀ ਸਿੱਖ ਰਾਜ ਦੇ ਮੋਢੀਆਂ ਤੇ ਪੰਜਾਬ ਦੇ ਉਸਰੱਈਆਂ ਵਿੱਚੋਂ 18ਵੀਂ-19ਵੀਂ ਸਦੀ ਦੇ ਮਹਾਨ ਵਿਅਕਤੀ ਸਨ। ਉਹ ਗੁਰੂ ਨਾਨਕ ਦੇਵ ਜੀ ਦੀ ਸੰਤਾਨਕ ਜੋਤ ਹੋਏ ਸਨ। ਬਾਬਾ ਸਾਹਿਬ ਸਿੰਘ ਬੇਦੀ ਗੁਰੂ ਨਾਨਕ ਵੰਸ਼ ਲੜੀ ਦੇ ਨੌਂਵੇਂ ਵੰਸ਼ ਬਾਬਾ ਕਲਾਧਾਰੀ ਜੀ ਦੇ ਪੋਤਰੇ ਅਤੇ ਦਸਵੇਂ ਵੰਸ਼ ਬਾਬਾ ਅਜੀਤ ਸਿੰਘ ਦੇ ਵੱਡੇ ਪੁੱਤਰ ਸਨ।
ਬਾਬਾ ਸਾਹਿਬ ਸਿੰਘ ਜੀ ਦਾ ਜਨਮ 5 ਚੇਤ ਸੰਮਤ 1813 ਬਿਕਰਮੀ ਸੰਨ 1756 ਈ: ਨੂੰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਾਬਾ ਕਲਾਧਾਰੀ ਜੀ ਦੀ ਵੰਸ਼ ਵਿੱਚ ਪਿਤਾ ਬਾਬਾ ਅਜੀਤ ਸਿੰਘ ਬੇਦੀ ਦੇ ਘਰ ਮਾਤਾ ਸਰੂਪੀ ਦੇਵੀ ਜੀ ਦੀ ਕੁੱਖੋਂ ਹੋਇਆ। ਬਾਬਾ ਜੀ ਦੇ ਜਨਮ ਸਮੇਂ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਏ ਹੁਕਮਨਾਮਾ ‘‘ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾਂ ਸਾਈ  ਕਾਰ ਕਰਾਇਸੀ॥’’ ਦੇ ਅਨੁਸਾਰ ‘ਸਾਹਿਬ ਸਿੰਘ’ ਨਾਮ ਰੱਖਿਆ। ਇਸ ਤੋਂ ਪਿੱਛੋਂ ਬਾਬਾ ਅਜੀਤ ਸਿੰਘ ਦੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਮਹਿਬੂਬ ਸਿੰਘ ਰੱਖਿਆ ਗਿਆ। ਬਾਬਾ ਸਾਹਿਬ ਸਿੰਘ ਜੀ ਨੇ ਮੁੱਢਲੀ ਵਿੱਦਿਆ ਤੇ ਸਿੱਖਿਆ-ਦੀਖਿਆ ਘਰ ਵਿੱਚੋਂ ਹੀ ਪ੍ਰਾਪਤ ਕੀਤੀ। ਪਹਿਲਾਂ ਉਹਨਾਂ ਨੇ ਗੁਰਮੁਖੀ ਸਿੱਖੀ, ਗੁਰਬਾਣੀ ਪੜ੍ਹੀ ਅਤੇ ਫਿਰ ਜਨਮ-ਸਾਖੀ ਗੁਰੂ ਨਾਨਕ ਤੇ ਹੋਰ ਸਿੱਖ ਇਤਿਹਾਸ ਸੰਬੰਧੀ ਪੁਸਤਕਾਂ ਦਾ ਅਧਿਐਨ ਕੀਤਾ। ਉਹਨਾਂ ਦਾ ਬਾਣੀ ਪੜ੍ਹਨਾ, ਕੀਰਤਨ ਸੁਣਨਾ, ਗੁਰਬਾਣੀ ਦੀ ਕਥਾ ਕਰਨੀ ਰੋਜ਼ਾਨਾ ਨੇਮ ਸੀ। ਬਾਬਾ ਸਾਹਿਬ ਸਿੰਘ ਜੀ ਨੇ ਮਾਤਾ ਸਰੂਪੀ ਦੇਵੀ ਦੇ ਕਹਿਣ ਤੇ ਹੀ ਖ਼ੁਦ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕੀਤਾ ਤੇ ਗੁਰੂ ਵਾਲੇ ਬਣੇ।
ਬਾਬਾ ਸਾਹਿਬ ਸਿੰਘ ਜੀ ਦੇ ਪਿਤਾ ਬਾਬਾ ਅਜੀਤ ਸਿੰਘ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਲਕੱਤਾ, ਬੰਗਾਲ, ਬਿਹਾਰ ਦੀ ਯਾਤਰਾ ਕਰਦੇ ਹੋਏ ਸੰਮਤ 1830 ਬਿਕਰਮੀ ਸੰਨ 1773 ਈ: ਵਿੱਚ ਸੁਰਗਵਾਸ ਹੋ ਗਏ। ਉਸ ਸਮੇਂ ਬਾਬਾ ਜੀ ਦੀ ਉਮਰ 17 ਸਾਲ ਦੇ ਲਗਭਗ ਸੀ। ਇਸ ਸਮੇਂ ਸਿੱਖਾਂ ਦੀਆਂ 12 ਮਿਸਲਾਂ ਦਾ ਬੋਲ-ਬਾਲਾ ਸੀ ਤੇ ਬੇਦੀ ਖ਼ਾਨਦਾਨ ਦੇ ਮੋਢੀ ਬਾਬਾ ਸਾਹਿਬ ਸਿੰਘ ਜੀ ਬੇਦੀ 12 ਮਿਸਲਾਂ ਦੇ ਸਰਦਾਰਾਂ ਦੀ ਨਿਗ੍ਹਾ ਵਿੱਚ ਬੜਾ ਮਾਣ-ਸਤਿਕਾਰ ਰੱਖਦੇ ਸਨ। ਸਾਰੀਆਂ ਮਿਸਲਾਂ ਦੇ ਸਰਦਾਰ ਬਾਬਾ ਸਾਹਿਬ ਸਿੰਘ ਜੀ ਦੀ ਅਗਵਾਈ ਹੇਠ ਲੜਨ ਨੂੰ ਸੁਭਾਗ ਸਮਝਦੇ ਰਹੇ। ਬਾਬਾ ਸਾਹਿਬ ਸਿੰਘ ਜੀ ਦੇ ਤਿੰਨ ਵਿਆਹ ਹੋਏ। ਪਹਿਲਾ ਭਾਈ ਸਹਾਈ ਰਾਮ ਖੱਤਰੀ ਦੀ ਲੜਕੀ ਨਾਲ, ਦੂਜਾ ਭਾਈ ਜੀਤ ਮੱਲ ਖੱਤਰੀ ਦੀ ਲੜਕੀ ਨਾਲ, ਤੀਜਾ ਸ੍ਰ: ਸਹਾਈ ਸਿੰਘ ਮੁਲਤਾਨ ਦੀ ਲੜਕੀ ਨਾਲ। ਤਿੰਨਾਂ ਹੀ ਸੁਪਤਨੀਆਂ ਤੋਂ ਬਾਬਾ ਸਾਹਿਬ ਸਿੰਘ ਦੇ ਗ੍ਰਹਿ ਤਿੰਨ ਪੁੱਤਰ ਬਾਬਾ ਬਿਸ਼ਨ ਸਿੰਘ, ਬਾਬਾ ਤੇਗਾ ਸਿੰਘ ਤੇ ਬਾਬਾ ਬਿਕਰਮ ਸਿੰਘ ਪੈਦਾ ਹੋਏ।
ਬਾਬਾ ਸਾਹਿਬ ਸਿੰਘ ਬੇਦੀ ਸਿੱਖ ਇਤਿਹਾਸ ਦੀ ਆਦਰਯੋਗ ਹਸਤੀ ਸਨ। ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਸ੍ਰ: ਮਹਾਂ ਸਿੰਘ ਬਾਬਾ ਸਾਹਿਬ ਸਿੰਘ ਦਾ ਬੜਾ ਸ਼ਰਧਾਲੂ ਸੀ। ਬਾਬਾ ਸਾਹਿਬ ਸਿੰਘ ਪ੍ਰਤੀ ਸੇਵਾਪੰਥੀ ਸਾਧੂਆਂ ਦੇ ਮਨ ਵਿੱਚ ਅਥਾਹ ਸ਼ਰਧਾ ਸੀ। ਬਾਬਾ ਸਾਹਿਬ ਸਿੰਘ ਹੋਲੇ-ਮਹੱਲੇ ਦਾ ਉਤਸਵ ਬੜੀ ਧੂਮਧਾਮ ਨਾਲ ਮਨਾਉਂਦੇ ਸਨ। ਬਾਬਾ ਸਾਹਿਬ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜ ਸਿਖਿਆਵਾਂ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਇਹਨਾਂ ਤੇ ਅਮਲ ਕਰੋਗੇ ਤਾਂ ਖ਼ਾਲਸਾ ਰਾਜ ਦਾ ਸੂਰਜ ਕਦੇ ਡੁੱਬੇਗਾ ਨਹੀਂ ਤੇ ਸਫਲਤਾ ਤੁਹਾਡੇ ਪੈਰ ਚੁੰਮੇਗੀ।
1. ਹਰ ਰੋਜ਼ ਸਵੇਰੇ ਉੱਠ ਕੇ ਨਿੱਤਨੇਮ ਕਰਨਾ, ਮੁਸੀਬਤ ਵੇਲੇ ਅਕਾਲ ਪੁਰਖ ਨੂੰ ਯਾਦ ਕਰਨਾ ਅਤੇ ਉਸ ਦਾ ਡਰ ਮੰਨਣਾ,  2. ਦਰਬਾਰ ਵਿੱਚ ਕਦੇ ਤਖ਼ਤ ਤੇ ਨਾ ਬੈਠਣਾ ਅਤੇ ਆਪਣੇ ਆਪ ਨੂੰ ਮਹਾਰਾਜਾ ਨਾ ਅਖਵਾ ਕੇ ਪੰਥ ਦਾ ਦਾਸ ਬਣੇ ਰਹਿਣਾ, 3. ਆਪਣੀ ਜਨਤਾ ਨੂੰ ਇੱਕ ਸਮਾਨ (ਬਰਾਬਰ) ਸਮਝਣਾ, 4. ਨਸ਼ਿਆਂ ਦਾ ਸੇਵਨ ਤੇ ਪਰਾਈ ਇਸਤਰੀ ਦਾ ਸੰਗ ਨਾ ਕਰਨਾ, 5. ਮੌਕਾਪ੍ਰਸਤ ਲੋਕਾਂ ਤੋਂ ਕਿਨਾਰਾ ਕਰਨਾ।
ਬਾਬਾ ਸਾਹਿਬ ਸਿੰਘ ਜੀ ਬੇਦੀ ਦੀਆਂ ਸਿਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਿੱਕਾ ਚਲਾਉਣ ਦਾ ਫ਼ਰਮਾਨ ਜਾਰੀ ਕੀਤਾ ਸੀ। ਇਸ ਸਿੱਕੇ ਨੂੰ ‘ਨਾਨਕਸ਼ਾਹੀ ਸਿੱਕਾ’ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਖੰਡੇ ਦੀ ਪਾਹੁਲ ਬਾਬਾ ਸਾਹਿਬ ਸਿੰਘ ਦੀ ਜਥੇਦਾਰੀ ਹੇਠ ਪੰਜ ਪਿਆਰਿਆਂ ਨੇ ਬਖ਼ਸ਼ੀ ਸੀ।
ਬਾਬਾ ਸਾਹਿਬ ਸਿੰਘ ਬੇਦੀ ਨੇ ਪਖੰਡੀ ਸਾਧੂਆਂ ਦੇ ਪਾਜ ਉਘਾੜੇ, ਸ਼ਰਧਾਲੂਆਂ ਨੂੰ ਨਾਮ-ਸਿਮਰਨ ਦਾ ਉਪਦੇਸ਼ ਦਿੱਤਾ। ਚੋਰਾਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਨੂੰ ਹਮੇਸ਼ਾਂ ਲਈ ਚੋਰੀ ਦਾ ਤਿਆਗ ਕਰਨ ਲਈ ਪ੍ਰੇਰਿਆ। ਬਾਬਾ ਸਾਹਿਬ ਸਿੰਘ ਬੇਦੀ ਨੇ ਮਾਝੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਬਹੁਤ ਕੀਤਾ। ਬਾਬਾ ਸਾਹਿਬ ਸਿੰਘ ਜੀ ਨੇ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਤੇ ਗੁਰੂ ਦੇ ਲੜ ਲਾਇਆ।
ਬਾਬਾ ਸਾਹਿਬ ਸਿੰਘ ਜੀ ਆਪਣੇ ਯੁੱਗ ਦੇ ਇੱਕ ਮਹੱਤਵਪੂਰਨ ਸੰਤ-ਸਿਪਾਹੀ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਸਥਾਪਿਤ ਕਰਨ ਵਿੱਚ ਉਹਨਾਂ ਨੇ ਬਹੁਤ ਮੱਦਦ ਕੀਤੀ। ਬਾਬਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ’ਤੇ ਕੇਸਰੀ ਤਿਲਕ ਲਾ ਕੇ ਪੰਜਾਬ ਦਾ ਮਹਾਰਾਜਾ ਬਣਾਇਆ। ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜਨੀਤਿਕ ਕਾਰਜਾਂ ਵਿੱਚ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਸਲਾਹ ਲੈਂਦੇ ਰਹੇ, ਓਨਾ ਚਿਰ ਉਹ ਚੜ੍ਹਦੀਆਂ ਕਲਾਂ ਵਿੱਚ ਰਹੇ ਤੇ ਖ਼ਾਲਸਾ ਰਾਜ ਦੀਆਂ ਹੱਦਾਂ ਨੂੰ ਵਧਾਉਂਦੇ ਰਹੇ। ਬਾਬਾ ਸਾਹਿਬ ਸਿੰਘ ਜੀ ਦੀ ਰਾਏ ਧਾਰਮਿਕ ਅਤੇ ਰਾਜਸੀ ਮਾਮਲਿਆਂ ਵਿੱਚ ਅਟੱਲ ਮੰਨੀ ਜਾਂਦੀ ਸੀ। ਉਹਨਾਂ ਦੇ ਮੁੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਪ ਦੇ ਅਸਥਾਨ ਨਾਲ ਜੁੜੀਆਂ ਰਹਿੰਦੀਆਂ ਸਨ। ਬਾਬਾ ਸਾਹਿਬ ਸਿੰਘ ਜੀ ਦੇ ਸਤਿਸੰਗ ਦਾ ਅਨੇਕਾਂ ਸਾਧੂ-ਮਹਾਤਮਾਂ, ਭਜਨ-ਬੰਦਗੀ ਵਾਲੇ ਪੁਰਸ਼, ਵਿਦਵਾਨ, ਕਵੀ, ਲਿਖਾਰੀ ਵੀ ਲਾਭ ਉਠਾਉਂਦੇ ਸਨ। ਕਵੀ ਸੰਤੋਖ ਸਿੰਘ ਜੀ, ਕਵੀ ਕਾਲੀ ਦਾਸ ਜੀ, ਭਾਈ ਸੋਭਾ ਰਾਮ ਜੀ ਉਹਨਾਂ ਦੇ ਖ਼ਾਸ ਸਨੇਹੀਆਂ ਵਿੱਚੋਂ ਸਨ ਜੋ ਅਕਸਰ ਉਹਨਾਂ ਨੂੰ ਮਿਲਦੇ ਰਹਿੰਦੇ ਸਨ।
ਬਾਬਾ ਸਾਹਿਬ ਸਿੰਘ ਇੱਕ ਮਹਾਨ ਹਸਤੀ ਸਨ। ਉਹ ਜਿੰਨੇ ਭਗਤੀ ਅਤੇ ਤਪੱਸਿਆ ਵਿੱਚ ਅਦੁੱਤੀ ਸਨ, ਓਨੇ ਯੁੱਧ-ਭੂਮੀ ਵਿੱਚ ਕਰਤੱਵ ਦਿਖਾਉਣ ਦੇ ਸਮਰੱਥ ਸਨ। ਬਾਬਾ ਜੀ ਨੇ ਜਿੱਥੇ ਦੇਗ਼ ਚਲਾਈ, ਤੇਗ ਵਾਹੀ, ਉੱਥੇ ਸਿੱਖੀ ਦਾ ਪ੍ਰਚਾਰ ਵੀ ਬਹੁਤ ਉੱਦਮ ਨਾਲ ਕੀਤਾ। ਬਾਬਾ ਸਾਹਿਬ ਸਿੰਘ ਜੀ ਨੂੰ ਗੁਰੂ ਪੰਥ ਵਿੱਚ ਜੋ ਰੁਤਬਾ ਪ੍ਰਾਪਤ ਸੀ, ਉਹ ਖ਼ਾਲਸਾ ਜੀ ਦੇ ਸ਼ੋਭਾ ਵਾਲਾ ਸੀ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਸਾਹਿਬ ਸਿੰਘ ਵੱਡੇ ਕਰਨੀ ਵਾਲੇ ਅਤੇ ਗੁਰਮਤਿ ਦੇ ਪ੍ਰਚਾਰਕ ਹੋਏ ਹਨ। ਇਹਨਾਂ ਨੇ ਬਹੁਤ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ ਅਰ ਰਾਜਧਾਨੀ ਉੂਨਾਂ ਥਾਪੀ। ਉੂਨੇ ਦੇ ਪਾਸ ਹੀ ਦੱਖਣ ਪੂਰਬ ਵੱਲ ਇੱਕ ਬਾਗ਼ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪਵਿੱਤਰ ਅਸਥਾਨ ‘ਦਮਦਮਾ ਸਾਹਿਬ’ ਹੈ। ਗੁਰਦੁਆਰੇ ਨਾਲ ਛੇ ਘੁਮਾਉਂ ਦੇ ਬਾਗ਼ ਤੋਂ ਛੁੱਟ ਹੋਰ ਕੋਈ ਜਾਗੀਰ ਨਹੀਂ। ਇਸ ਦਾ ਇੰਤਜ਼ਾਮ ਉੂਨੇ ਦੇ ਰਈਸ ਬੇਦੀ ਸਾਹਿਬ ਦੇ ਹੱਥ ਹੈ। ਉੂਨੇ ਲਈ ਰੇਲਵੇ ਦਾ ਸਟੇਸ਼ਨ ‘ਜੈਜੋਂ ਦੁਆਬਾ’ ਹੈ। ਜਿਸ ਤੋਂ 12 ਮੀਲ ਦੀ ਵਿੱਥ ਤੇ ਉੂਨਾਂ ਹੈ।
ਬਾਬਾ ਸਾਹਿਬ ਸਿੰਘ ਜੀ ਨੇ 17 ਸਾਲ ਦੀ ਉਮਰ ਵਿੱਚ ਹੀ ਧਰਮ-ਪ੍ਰਚਾਰ ਦਾ ਕਾਰਜ ਆਰੰਭ ਕਰਕੇ 78 ਸਾਲ ਦੀ ਉਮਰ ਤੱਕ ਲਗਾਤਾਰ ਜਾਰੀ ਰੱਖਿਆ। ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜੂਝਦੇ ਹੋਏ ਬਾਬਾ ਸਾਹਿਬ ਸਿੰਘ ਜੀ ਬੇਦੀ 1834 ਈ: ਹਾੜ ਸੁਦੀ 13 ਸੰਮਤ 1891 ਬਿਕਰਮੀ ਨੂੰ ਉੂਨਾਂ ਵਿਖੇ ਸੱਚ-ਖੰਡ ਜਾ ਬਿਰਾਜੇ।
ਸ੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਦੀ ਸਰਪ੍ਰਸਤੀ ਹੇਠ ਬਾਬਾ ਸਾਹਿਬ ਸਿੰਘ ਜੀ ਬੇਦੀ ਦਾ 267ਵਾਂ ਜਨਮ-ਉਤਸਵ ਰੰਗੀਨ ਮਹਿਲ, ਗੁਰੂ ਨਾਨਕ ਦਰ ਘਰ ਕਿਲ੍ਹਾ ਬੇਦੀ ਸਾਹਿਬ, ਉੂਨਾਂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ 26, 27 ਤੇ 28 ਮਾਰਚ ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਸੰਤ ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰ:1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ