ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਰਾਇਣ ਹਰੀ ਜੀ "22 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ "

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਰਾਇਣ ਹਰੀ ਜੀ
ਪਰਮਾਤਮਾ ਸਮੇਂ-ਸਮੇਂ ਤੇ ਉੱਚ ਪਾਵਨ ਸੱਚ ਸਰੂਪ ਪਵਿੱਤਰ ਆਤਮਾ ਨੂੰ ਆਪਣੀ ਅਲੌਕਿਕ ਦੈਵੀ ਸ਼ਕਤੀਆਂ ਸਹਿਤ ਪੂਰਨ ਪੈਗੰਬਰਾਂ, ਗੁਰੂ ਅਵਤਾਰਾਂ, ਪੀਰਾਂ-ਫ਼ਕੀਰਾਂ ਅਤੇ ਸਾਧੂ-ਸੰਤਾਂ ਦਾ ਸਰੂਪ ਦੇ ਕੇ ਮਾਤ ਲੋਕ ਦੇ ਜੀਵਾਂ ਦਾ ਕਲਿਆਣ ਕਰਨ ਲਈ ਇਸ ਸੰਸਾਰ ’ਚ ਭੇਜਦਾ ਹੈ। ਅਜਿਹੇ ਹੀ ਮਹਾਨ ਤਪੱਸਵੀ, ਪ੍ਰਤਾਪੀ, ਤੇਜੱਸਵੀ, ਕਰਮਯੋਗੀ ਸੰਤ ਨਰਾਇਣ ਹਰੀ ਜੀ ਸਨ।
ਸੰਤ ਨਰਾਇਣ ਹਰੀ ਜੀ ਦਾ ਜਨਮ ਸੰਨ 1909 ਈ: ਵਿੱਚ ਪਿਤਾ ਭਾਈ ਜਵਾਲਾ ਸਹਾਏ ਦੇ ਘਰ ਮਾਤਾ ਲਾਜਵੰਤੀ ਦੀ ਕੁੱਖ ਤੋਂ ਪਿੰਡ ਹਤਾਰ ਤਹਿਸੀਲ ਫਤਿਹਜੰਗ ਜ਼ਿਲ੍ਹਾ ਕੈਮਲਪੁਰ (ਪਾਕਿਸਤਾਨ) ’ਚ ਹੋਇਆ। ਸੰਤ ਜੀ ਬਚਪਨ ਤੋਂ ਹੀ ਤਪੱਸਿਆ ਕਰਨ ਲੱਗ ਪਏ। ਛੋਟੀ ਉਮਰ ਵਿੱਚ ਹੀ ਆਪ ਰਾਤ ਨੂੰ ਸ਼ਮਸ਼ਾਨਘਾਟ ਜਾ ਕੇ ਬੈਠ ਜਾਂਦੇ। ਖਾਣ-ਪੀਣ, ਆਪਣੇ ਮਨ ਅਤੇ ਗਿਆਨ ਇੰਦਰੀਆਂ ਨੂੰ ਇਕਾਗਰ ਕਰਨ ਦਾ ਅਭਿਆਸ ਕੀਤਾ। ਉਹਨਾਂ ਦਾ ਪਾਲਣ-ਪੋਸ਼ਣ ਚਾਚਾ ਭਾਈ ਦੀਵਾਨ ਚੰਦ, ਚਾਚੀ ਸੋਮਾਵਤੀ ਅਤੇ ਭੂਆ ਦੇ ਪਿਆਰ-ਦੁਲਾਰ ਤੇ ਮੋਹ-ਪਿਆਰ ਨੇ ਕੀਤਾ।
12 ਸਾਲ ਦੀ ਉਮਰ ਵਿੱਚ ਬਾਬਾ ਜੀ ਦਾ ਵਿਆਹ ਸੰਤ ਨਿਹਾਲ ਸਿੰਘ ਰਾਵਲਪਿੰਡੀ ਨਿਵਾਸੀ ਦੀ ਪੁੱਤਰੀ ਬਸੰਤ ਕੌਰ ਨਾਲ ਹੋਇਆ। ਸੰਤ ਨਰਾਇਣ ਹਰੀ ਜੀ ਨੂੰ ਪਰਮਾਤਮਾ ਦੀ ਅਜਿਹੀ ਲਗਨ ਲੱਗੀ ਕਿ ਉਹਨਾਂ ਨੂੰ ਘਰ-ਪਰਿਵਾਰ ਦਾ ਮਿੱਠਾ ਮੋਹ ਵੀ ਬੰਨ੍ਹ ਕੇ ਨਾ ਰੱਖ ਸਕਿਆ। ਆਪ ਸਭ ਕੁਝ ਤਿਆਗ ਕੇ ਸੱਚ ਦੀ ਖੋਜ ਲਈ ਚੱਲ ਪਏ। ਉਹਨਾਂ ਇੱਕ ਲੋਈ ਲੈ ਕੇ ਤੀਰਥਾਂ ਦੀ ਪੈਦਲ ਯਾਤਰਾ ਕਰਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾ ’ਚ ਬੈਠ ਕੇ ਇੱਥੋਂ ਹੀ ਗੁਰਦੁਆਰਿਆਂ ਦੀ ਸੇਵਾ ਆਰੰਭ ਕੀਤੀ। ਸੰਤ ਨਰਾਇਣ ਹਰੀ ਜੀ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਉਹਨਾਂ ਆਪਣੀ ਪਤਨੀ ਬਸੰਤ ਕੌਰ ਨਾਲ ਗੁਰੂ ਕਾ ਲਾਹੌਰ ਵਿੱਚ ਕਾਫ਼ੀ ਲੰਮੇ ਸਮੇਂ ਤੱਕ ਸੰਗਤਾਂ ਦੀ ਲੰਗਰ ਅਤੇ ਕੀਰਤਨ ਦੁਆਰਾ ਸੇਵਾ ਕੀਤੀ।
ਕੁਝ ਸਮੇਂ ਬਾਅਦ ਆਪ ਪਤਨੀ (ਸੰਤ-ਮਾਤਾ) ਸਮੇਤ ਗੁਰੂ ਕਾ ਲਾਹੌਰ ਤੋਂ ਪੈਦਲ ਭੂੰਤਰ ਲਈ ਚੱਲ ਪਏ। ਭੂੰਤਰ ਆ ਕੇ ਉਹਨਾਂ ਕਈ ਚਲੀਹੇ ਕੁੱਟੇ, ਯੱਗ-ਭੰਡਾਰੇ ਲਾਏ ਤੇ ਸੇਵਾ-ਤਿਆਗ ਦੇ ਅਥਾਹ ਚਮਤਕਾਰੀ ਕੌਤਕ ਦਿਖਾਏ। ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਦੋਵੇਂ ਸੰਨਿਆਸੀ ਜੀਵ ਪਾਰਵਤੀ ਨਦੀ ਦੇ ਕਿਨਾਰੇ ਚੱਲ ਕੇ ਅਖੀਰ ਗੰਗਾ ਦੇ ਬਰਫ਼ਾਨੀ ਪਹਾੜਾਂ ਦੀ ਚੋਟੀ ’ਤੇ ਪਹੁੰਚੇ। ਸੰਤ ਨਰਾਇਣ ਹਰੀ ਜੀ ਨੇ ਅੱਧੀ ਸਦੀ ਤੱਕ ਆਪਣਾ ਜੀਵਨ ਇੱਥੇ ਹੀ ਬਿਤਾਇਆ। ਬਾਬਾ ਜੀ ਨੇ ਸੇਵਾ ਸਾਧਨਾ ਕਰਕੇ ਮਹਾਨ ਤੀਰਥ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਧਰਮ ਦੀ ਸਥਾਪਨਾ ਕੀਤੀ। ਆਪ ਗੁਰਮਤਿ, ਮਾਨਵ ਏਕਤਾ, ਅਹਿੰਸਾ, ਸਮਾਨਤਾ, ਗ਼ਰੀਬੀ, ਮਨੁੱਖਤਾ ਦੀ ਰੱਖਿਆ, ਸੇਵਾ ਦਾ ਸਮੁੱਚਾ ਰੂਪ ਸਨ। ਆਪ ਆਏ ਯਾਤਰੂਆਂ ਦੀ ਤਨ-ਮਨ-ਧਨ ਨਾਲ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ।
ਸੰਤ ਨਰਾਇਣ ਹਰੀ ਜੀ ਨੂੰ ਇੱਥੇ ਹੀ ਅਕਾਸ਼ਵਾਣੀ ਹੋਈ, ਪਰਮਾਤਮਾ ਵੱਲੋਂ ਹੁਕਮ ਹੋਣ ਤੇ ਉਹਨਾਂ ਨੇ ਭਗਵਾਨ ਸ਼ਿਵ ਦੇ ਸੌ ਸਾਲ ਪੁਰਾਣੇ ਤਪ-ਸਥਾਨ ਤੇ ਕਾਰ-ਸੇਵਾ ਕਰਕੇ ਸ਼ਿਵ ਜੀ ਮੰਦਰ ਦੀ ਸਥਾਪਨਾ ਕੀਤੀ। ਸੰਤ ਨਰਾਇਣ ਹਰੀ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਪੱਥਰ 1940 ਈ: ’ਚ ਪ੍ਰਗਟ ਕੀਤਾ ਅਤੇ ਈਸ਼ਵਰ ਰੂਪ ਗੁਰੂ ਨਾਨਕ ਦੇਵ ਜੀ ਦੀ ਇਤਿਹਸਿਕ ਯਾਦ ਦੇ ਰੂਪ ’ਚ ਗੁਰਦੁਆਰਾ ਸਾਹਿਬ ਦੀ ਨੀਂਹ ਰੱਖ ਕੇ ਹੌਲੀ-ਹੌਲੀ ਨਿਰਮਾਣ ਕਰਕੇ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ।
ਇਸ ਸਮੇਂ ਕਈ ਮੰਜ਼ਲਾ ਆਲੀਸ਼ਾਨ ਗੁਰਦੁਆਰਾ, ਇਸ਼ਨਾਨ ਕਰਨ ਲਈ ਗਰਮ ਪਾਣੀ, ਸਰੋਵਰ, ਝੀਲਾਂ, ਲੰਗਰ ਦਾ ਰਮਣੀਕ ਹਾਲ, ਸ਼ਾਂਤਮਈ ਹਜ਼ਾਰਾਂ ਯਾਤਰੂਆਂ ਦੇ ਰਹਿਣ ਲਈ ਵਿਸ਼ਰਾਮ ਘਰ ਦੇ ਕਮਰੇ, ਸਾਧੂ ਕੁਟੀਆ ਅਤੇ ਨਰਾਇਣਪੁਰੀ ਦੀ ਰਚਨਾ ਦੇਖ ਕੇ ਮਨੁੱਖ ਦੀਆਂ ਅੱਖਾਂ ਅਦਭੁੱਤ ਪ੍ਰਕਿਰਤੀ ਦੀ ਸੁੰਦਰਤਾ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੀ ਹੈ। ਸੰਤ ਜੀ ਦਾ ਦਰਸ਼ਨ ਬਹੁਤ ਅਨੰਦਮਈ ਸੀ।
ਸੰਤ ਨਰਾਇਣ ਹਰੀ ਨੇ ਕਥਾ-ਕੀਰਤਨ, ਸਤਿਸੰਗ ਵਿਚਾਰ ਬੈਕੁੰਠ ਦੇ ਦਰਵਾਜ਼ੇ ਖੋਲ੍ਹੇ ਹੋਏ ਸਨ। ਉਹਨਾਂ ਦਾ ਸਾਰਾ ਜੀਵਨ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ   ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥’ ਅਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਰੇ ਮਨ ਐਸੋ ਕਰਿ ਸੰਨਿਆਸਾ’ ਦੇ ਦਰਸ਼ਨ ਦਾ ਤਾਰਿਆਂ ਵਾਂਗ ਚਹਿਕਦਾ ਅਨੰਦਮਈ ਰੂਪ ਸੀ। ਸੇਵਾ ਦੇ ਪੁੰਜ ਸੰਤ ਨਰਾਇਣ ਹਰੀ ਜੀ ਨੇ ਅਤੁੱਟ ਲੰਗਰ ਦੇ ਪ੍ਰਵਾਹ ਆਰੰਭ ਕੀਤੇ। ਸੁੰਦਰ ਸਮਾਗਮ ਕੀਤੇ। ਦੋਨੋਂ ਸਮੇਂ ਕੀਰਤਨ ਦੀ ਅੰਮ੍ਰਿਤ ਵਰਖਾ ਕੀਤੀ। ਸੰਤ ਜੀ ਦੀ ਮੌਜ਼ੂਦਗੀ ’ਚ ਜਦੋਂ ਸਤਿਸੰਗ ਜਾਂ ਕੀਰਤਨ ਕਈ ਘੰਟੇ ਲਗਾਤਾਰ ਚੱਲਦਾ ਤਾਂ ਦੂਰ-ਦੂਰ ਤੱਕ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸ਼ਾਂਤੀ ਤੇ ਸੱਚ, ਵੈਰਾਗ ਦੀ ਸੁਗੰਧੀ ਫੈਲ ਕੇ ਮਨੁੱਖੀ ਮਨਾਂ ਨੂੰ ਪਰਮਾਤਮਾ ਦੇ ਨਾਮ ਦੀ ਏਕਤਾ ’ਚ ਪਰੋ ਦਿੰਦੀ ਸੀ। ਆਪ ਜਦੋਂ ਮਿੱਠੀ ਆਵਾਜ਼ ’ਚ ਗਾਉਂਦੇ ਤਾਂ ਸਾਰਾ ਵਾਤਾਵਰਣ ਪ੍ਰੇਮ ਅਤੇ ਏਕਤਾ ਦੀ ਨਿਰਮਲਤਾ ਨਾਲ ਭਰ ਕੇ ਗੂੰਜ ਉੱਠਦਾ।
ਸੰਤ ਨਰਾਇਣ ਹਰੀ ਜੀ ਦੀ ਗੁਰਦੁਆਰੇ ਤੋਂ ਥੋੜ੍ਹੀ ਦੂਰ ਟਿੱਲੇ ਤੇ ਗੁਫਾ ਬਣਾਈ ਹੋਈ ਹੈ। ਸੰਤ ਜੀ ਸਾਲ ਵਿੱਚ 40 ਦਿਨ ਗੁਫਾ ਦੇ ਵਿੱਚ ਤਪ ਤੇ ਪਾਠ ਕਰਦੇ ਸਨ। ਉਹਨਾਂ ਨੇ ਸਿਰਫ਼ ਪਾਰਵਤੀ ਗੰਗਾ ਦੇ ਦੋਨੋਂ ਤੱਟਾਂ ਨੂੰ ਮਿਲਾਉਣ ਲਈ ਹੀ ਪੁੱਲ ਨਹੀਂ ਬਣਾਇਆ ਸਗੋਂ ਉਹਨਾਂ ਨੇ ਮਨੁੱਖੀ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਕਰਨ ਲਈ ਧਰਮ ਸਥਾਨ ਦਾ ਪੁੱਲ ਬਣਾਇਆ। ਸੰਤ ਨਰਾਇਣ ਹਰੀ ਜੀ ਨੇ ਮਨੁੱਖ ਜਾਤੀ ਤੇ ਪਰ-ਉਪਕਾਰ ਕਰਦੇ ਹੋਏ ਜੀਵਨ ’ਚ ਅਣਗਿਣਤ ਸੱਚੇ ਸੌਦੇ ਕੀਤੇ। ਸੇਵਾ ਦੇ ਪੁੰਜ, ਪਰਉਪਕਾਰੀ ਸੰਤ ਨਰਾਇਣ ਹਰੀ ਜੀ ਪਰਮੇਸ਼ਰ ਦੀ ਦਰਗਾਹ ਦੇ ਧੁਰੋਂ ਸੱਦਾ ਆਉਣ ’ਤੇ 22 ਫ਼ਰਵਰੀ 1989 ਈ: ਨੂੰ 80 ਸਾਲ ਦੀ ਉਮਰ ਭੋਗ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ।
ਸੇਵਾ ਤੇ ਸਿਮਰਨ ਦੇ ਪੁੰਜ, ਮਹਾਨ ਪ੍ਰਤਾਪੀ, ਤੇਜੱਸਵੀ , ਪਰ-ਉਪਕਾਰੀ, ਬ੍ਰਹਮ-ਗਿਆਨੀ ਸੰਤ ਨਰਾਇਣ ਹਰੀ ਜੀ ਦੀ 34ਵੀਂ ਬਰਸੀ 22 ਫ਼ਰਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਹਰੀ ਹਰ ਘਾਟ ਮਨੀਕਰਨ ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਵਿਖੇ ਪੂਜਯ ਦੇਵਾ ਜੀ ਤੇ ਬਾਬਾ ਸ਼੍ਰੀ ਰਾਮ ਜੀ ਦੀ ਸਰਪ੍ਰਸਤੀ ਹੇਠ ਮਨਾਈ ਜਾ ਰਹੀ ਹੈ। ਇਸ ਮੌਕੇ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਪੰਥ ਦੇ ਸਨਮਾਨਿਤ ਸੰਤ-ਮਹਾਤਮਾਂ, ਕੀਰਤਨੀਏ, ਵਿਦਵਾਨ, ਕਥਾ-ਵਾਚਕ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ
ਲੁਧਿਆਣਾ
5-mail:-karnailsinghma0gmail.com.