You are here

ਲੁਧਿਆਣਾ ਸਮੂਹਿਕ ਜਬਰ ਜਨਾਹ-6 ਦੋਸ਼ੀ ਕਾਬੂ 

60 ਦਿਨਾਂ ਵਿੱਚ ਹੋਵੇਗੀ ਜਾਂਚ ਮੁਕੰਮਲ-ਡੀ. ਜੀ. ਪੀ. ਦਿਨਕਰ ਗੁਪਤਾ

ਆਈ. ਜੀ. ਰੋਪੜ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਦਾਖਾ ਕਰਨਗੇ ਮਾਮਲੇ ਦੀ ਜਾਂਚ

ਲੁਧਿਆਣਾ 14 ਫਰਵਰੀ -( ਮਨਜਿੰਦਰ ਸਿੰਘ ਗਿੱਲ )—ਬੀਤੇ ਦਿਨੀਂ ਸਥਾਨਕ ਈਸੇਵਾਲ ਪਿੰਡ ਦੇ ਨਜ਼ਦੀਕ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੀ ਮਹਿਲਾ ਅਧਿਕਾਰੀ ਦੀ ਨਿਗਰਾਨੀ ਵਿੱਚ ਡੀ. ਐੱਸ. ਪੀ. ਪੱਧਰ ਦੀ ਮਹਿਲਾ ਅਧਿਕਾਰੀ ਵੱਲੋਂ ਅਗਲੇ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਆਈ. ਪੀ. ਐੱਸ. ਨੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਮਿਤੀ 9 ਫਰਵਰੀ ਦੀ ਰਾਤ ਨੂੰ ਪੀੜਤ ਲੜਕੀ ਅਤੇ ਉਸਦਾ ਮਿੱਤਰ ਦੋਸਤ ਪਿੰਡ ਈਸੇਵਾਲ ਨਜ਼ਦੀਕ ਆਪਣੀ ਕਾਰ ਰਾਹੀਂ ਜਾ ਰਹੇ ਸਨ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਜ਼ਬਰੀ ਘੇਰ ਕੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਪੀੜਤਾਂ ਨੂੰ ਛੱਡਣ ਲਈ ਸਾਥੀ ਲੜਕੇ ਦੇ ਮੋਬਾਈਲ ਫੋਨ ਤੋਂ ਫੋਨ ਕਰਕੇ ਉਸ ਦੇ ਦੋਸਤ ਜਸਪ੍ਰੀਤ ਸਿੰਘ ਤੋਂ 1 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਦੌਰਾਨ ਜਸਪ੍ਰੀਤ ਸਿੰਘ ਨੇ ਪੁਲਿਸ ਸਟੇਸ਼ਨ ਦਾਖਾ ਦੇ ਏ. ਐੱਸ. ਆਈ. ਵਿਦਿਆ ਰਤਨ ਨਾਲ ਤਾਲਮੇਲ ਕੀਤਾ ਪਰ ਉਹ ਪੀੜਤਾਂ ਅਤੇ ਦੋਸ਼ੀਆਂ ਨਾਲ ਰਾਬਤਾ ਨਾ ਕਰ ਸਕੇ। ਦੋਸ਼ੀ ਮਿਤੀ 10 ਫਰਵਰੀ ਦੀ ਸਵੇਰ 2 ਵਜੇ ਪੀੜਤ ਲੜਕਾ ਲੜਕੀ ਨੂੰ ਘਟਨਾ ਸਥਾਨ ’ਤੇ ਹੀ ਛੱਡ ਕੇ ਦੌੜ ਗਏ। ਮਿਤੀ 10 ਫਰਵਰੀ ਦੀ ਸ਼ਾਮ ਨੂੰ ਪੀੜਤ ਲੜਕੀ ਅਤੇ ਉਸਦੇ ਦੋਸਤ ਨੇ ਪੁਲਿਸ ਸਟੇਸ਼ਨ ਦਾਖਾ ਵਿਖੇ ਪਹੁੰਚ ਕੇ ਰਿਪੋਰਟ ਦਰਜ ਕਰਵਾਈ ਤਾਂ ਇਸ ਮਾਮਲੇ ਵਿੱਚ ਐੱਫ. ਆਈ. ਆਰ. ਨੰਬਰ 17 ਮਿਤੀ 10-02-19 ਅਧੀਨ ਧਾਰਾ 376-ਡੀ, 384, 342 ਆਈ. ਪੀ. ਸੀ. ਦਰਜ ਕਰ ਲਈ ਗਈ। ਪੀੜਤਾ ਦਾ ਸਿਵਲ ਹਸਪਤਾਲ ਸੁਧਾਰ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਦੀ ਭਾਲ ਲਈ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਧੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵੱਲੋਂ ਦਿਨ ਰਾਤ ਇੱਕ ਕਰਕੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਦੋਸ਼ੀਆਂ ਵਿੱਚ ਸਾਦਿਕ ਅਲੀ ਪੁੱਤਰ ਅਬਦੁੱਲਾ ਪਿੰਡ ਰਹਿਮਪਾ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ, ਸੁਰਮੂ ਪੁੱਤਰ ਰੋਸ਼ਨ ਦੀਨ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ, ਅਜੇ ਪੁੱਤਰ ਲਲਨ ਪਿੰਡ ਟਿੱਬਾ ਜ਼ਿਲ੍ਹਾ ਲੁਧਿਆਣਾ, ਸੈਫ ਅਲੀ ਵਾਸੀ ਟਿੱਬਾ ਜ਼ਿਲ੍ਹਾ ਲੁਧਿਆਣਾ ਅਤੇ ਇੱਕ ਨਾਬਾਲਗ ਦੋਸ਼ੀ ਜੋ ਕਿ ਬਸਤੀ ਚੰਗਰਾਂ ਕਠੂਆ ਦਾ ਰਹਿਣ ਵਾਲਾ ਹੈ, ਸ਼ਾਮਿਲ ਹਨ।  ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਆਈ. ਜੀ. ਰੋਪੜ ਸ੍ਰੀਮਤੀ ਨੀਰਜਾ ਦੀ ਨਿਗਰਾਨੀ ਵਿੱਚ ਦਾਖਾ ਦੀ ਡੀ. ਐੱਸ. ਪੀ. ਸ੍ਰੀਮਤੀ ਹਰਕੰਵਲ ਕੌਰ ਵੱਲੋਂ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਜਲਦ ਮੁਕੰਮਲ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰਨ ਲਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਫਾਸਟ ਟਰੈਕ ਅਦਾਲਤਾਂ ਰਾਹੀਂ ਕਰਾਉਣ ਲਈ ਮੁੱਖ ਮੰਤਰੀ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਚਾਰ ਮਹੀਨੇ ਦੇ ਵਿੱਚ-ਵਿੱਚ ਸਜ਼ਾ ਦਿਵਾਈ ਜਾ ਸਕੇ। ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਤੁਰੰਤ ਹਰਕਤ ਵਿੱਚ ਨਾ ਆਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਸੀ ਜਾਂ ਨਹੀਂ? ਸ੍ਰੀ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਪੰਜਾਬ ਪੁਲਿਸ ਵੱਲੋਂ 181 ਹੈੱਲਪਲਾਈਨ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜੇਕਰ ਜ਼ਰੂਰਤ ਪਵੇਗੀ ਤਾਂ ਅਜਿਹੀਆਂ ਥਾਵਾਂ ’ਤੇ ਨਿਗਰਾਨੀ ਰੱਖਣ ਲਈ ਢੁੱਕਵੇਂ ਪੁਲਿਸ ਸਟੇਸ਼ਨ ਆਦਿ ਵੀ ਖੋਲ੍ਹੇ ਜਾਣਗੇ। ਪੀ. ਸੀ. ਆਰ. ਅਤੇ ਰੂਰਲ ਰੈਪਿੰਡ ਰਿਸਪਾਂਸ ਸੇਵਾਵਾਂ ਨੂੰ ਹੋਰ ਕਾਰਗਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁੰਨੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਏ ਜਾਣਗੇ। ਗੁਪਤਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਅਜਿਹੇ ਅਪਰਾਧਾਂ, ਖਾਸ ਕਰਕੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਹੋਰ ਦੋਸ਼ੀ ਵੀ ਸਾਹਮਣੇ ਆਉਣਗੇ ਤਾਂ ਉਹ ਵੀ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਡੀ. ਆਈ. ਜੀ. ਲੁਧਿਆਣਾ ਰੇਂਜ  ਰਣਧੀਰ ਸਿੰਘ ਖੱਟੜਾ, ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਜ਼ਿਲ੍ਹਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਵਰਿੰਦਰ ਸਿੰਘ ਬਰਾੜ, ਜ਼ਿਲ੍ਹਾ ਪੁਲਿਸ ਮੁੱਖੀ ਖੰਨਾ ਧਰੁਵ ਦਹਿਆ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ।