ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ
ਫ਼ਤਹਿਗੜ੍ਹ ਸਾਹਿਬ, 25 ਮਈ (ਰਣਜੀਤ ਸਿੱਧਵਾਂ) : ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਇਸ ਲਈ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬੱਚਤ ਭਵਨ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿੱਤੇ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਆਮ ਵੇਖਿਆ ਜਾਂਦਾ ਹੈ ਕਿ ਲੋਕ ਆਪਣੇ ਰੋਜਮਰਾ ਦੇ ਕੰਮਾਂ ਲਈ ਦੂਰ ਦੁਰਾਡਿਓ ਸਰਕਾਰੀ ਦਫ਼ਤਰਾਂ ਵਿੱਚ ਆਉਂਦੇ ਹਨ ਪ੍ਰੰਤੂ ਸਬੰਧਿਤ ਅਧਿਕਾਰੀ ਸੀਟ ਤੋਂ ਗੈਰ ਹਾਜਰ ਹੋਣ ਕਾਰਨ ਉਨ੍ਹਾਂ ਨੂੰ ਮਾਯੂਸ ਹੋ ਕੇ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਧਿਕਾਰੀ/ਕਰਮਚਾਰੀ ਸਮੇਂ ਸਿਰ ਹਾਜਰ ਨਹੀਂ ਹੋਣਗੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਇਹ ਆਦੇਸ਼ ਵੀ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਨੂੰ ਸਰਕਾਰੀ ਕੰਮ ਲਈ ਫੀਲਡ ਵਿੱਚ ਜਾਣਾ ਪੈਂਦਾ ਹੈ ਉਹ ਇਸ ਦਾ ਇੰਦਰਾਜ ਮੂਵਮੈਂਟ ਰਜਿਸਟਰ ਵਿੱਚ ਕਰਕੇ ਹੀ ਫੀਲਡ ਵਿੱਚ ਜਾਣ। ਉਨ੍ਹਾਂ ਕਿਹਾ ਕਿ ਮੂਵਮੈਂਟ ਰਜਿਸਟਰ ਵਿੱਚ ਇੰਦਰਾਜ ਦਰਜ਼ ਕਰਕੇ ਦਫ਼ਤਰਾਂ ਤੋਂ ਬਾਹਰ ਜਾਣ ਵਾਲੇ ਅਧਿਕਾਰੀਆ /ਕਰਮਚਾਰੀਆਂ ਨੂੰ ਡਿਊਟੀ ਤੋਂ ਗੈਰ ਹਾਜਰ ਸਮਝਿਆ ਜਾਵੇਗਾ ਅਤੇ ਸਬੰਧਿਤਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਅਫ਼ਸਰ ਸ਼੍ਰੀਮਤੀ ਪਰਲੀਨ ਕਾਲੇਕਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਗੁਰਵਿੰਦਰ ਸਿੰਘ ਜੌਹਲ ਅਤੇ ਡੀ.ਐਸ.ਪੀ. ਸ਼੍ਰੀ ਧਰਮਪਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।