ਤਲਵੰਡੀ ਸਾਬੋ ਦੇ ਡਾਕਟਰਾਂ ਅਤੇ ਨਗਰ ਵਾਸੀਆਂ ਨੇ ਕੱਢਿਆ ਰੋਸ ਮਾਰਚ

ਲਗਾਇਆ ਧਰਨਾ , ਮਹਲਾਵਰਾਂ ਨੂੰ ਗ੍ਰਿਫਤਾਰ ਦੀ ਕੀਤੀ ਮੰਗ

ਤਲਵੰਡੀ ਸਾਬੋ, 15 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨਾਮੀ ਡਾਕਟਰ ਦਿਨੇਸ਼ ਬਾਂਸਲ ਨੂੰ ਬੀਤੇ ਦੇਰ ਸ਼ਾਮ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਅੱਜ ਨਗਰ ਦੇ ਡਾਕਟਰਾਂ ਅਤੇ ਕੈਮਿਸਟਾਂ ਨੇ ਦੁਕਾਨਾਂ ਬੰਦ ਕਰਨ ਉਪਰੰਤ ਨਗਰ 'ਚ ਰੋਸ ਮਾਰਚ ਕੱਢਦਿਆਂ ਨਗਰ 'ਚ ਵਧ ਰਹੀ ਗੁੰਡਾਗਰਦੀ, ਲੁੱਟ ਖੋਹ ਅਤੇ ਫ਼ਿਰੌਤੀਆਂ ਖ਼ਿਲਾਫ਼ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ। ਫ਼ਿਲਹਾਲ ਨਗਰ ਵਾਸੀ ਨਿਸ਼ਾਨ-ਏ-ਖ਼ਾਲਸਾ ਚੌਂਕ 'ਚ ਧਰਨੇ 'ਤੇ ਬੈਠ ਗਏ ਹਨ। ਇਸ ਰੋਸ ਧਰਨੇ ਵਿੱਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਪਹੁੰਚੇ। ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਇਸ ਗੰਭੀਰ ਮਾਮਲਿਆਂ ਨੂੰ ਸੂਬੇ ਭਰ ਤੋਂ ਹੱਲ ਕਰਨ ਲਈ ਸੂਬਾ ਸਰਕਾਰ ਅਤੇ ਸਾਡਾ ਸਾਥ ਦਿਓ ਅਤੇ ਜੇਕਰ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਨ੍ਹਾ ਜਿਝਕ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਰਲਕੇ ਅਜਿਹੇ ਅਨਸਰਾਂ ਨੂੰ ਕਾਬੂ ਕਰ ਸਕੀਏ।  ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਨੇ ਵਿਸ਼ਵਾਸ਼ ਦੁਆਇਆ ਹੈ ਕਿ ਕਲ੍ਹ ਨੂੰ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰੰਤੂ ਉਹਨਾਂ ਅਜਿਹੀਆਂ ਵਾਰਦਾਤਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਦੱਸ ਦੇਈਏ ਕਿ ਬੀਤੇ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਨੱਤ ਰੋਡ 'ਤੇ ਰਾਜ ਨਰਸਿੰਗ ਹੋਮ ਵਿਖੇ ਕੁੱਝ ਨੌਜਵਾਨ ਦਵਾਈ ਦੀ ਪਰਚੀ ਕਟਵਾਉਣ ਪਹੁੰਚੇ ਤਾਂ ਪਰਚੀ ਕਟਵਾਉਣ ਤੋਂ ਬਾਅਦ ਡਾਕਟਰ ਦੇ ਸਾਹਮਣੇ ਆਉਂਦਿਆਂ ਹੀ ਨੌਜਵਾਨਾਂ ਨੇ ਕਾਤਲਾਨਾ ਹਮਲੇ ਕਰਦੇ ਹੋਏ ਗੋਲੀ ਚਲਾ ਦਿੱਤੀ ਜਿਸ ਦੌਰਾਨ ਡਾਕਟਰ ਗੰਭੀਰ ਜ਼ਖਮੀ ਹੋਇਆ ਜਿਸਨੂੰ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸੂਬੇ ਵਿਚ ਦਿਨ-ਬ-ਦਿਨ ਫਿਰੌਤੀ, ਲੁਟਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਦੇ ਚਲਦਿਆਂ ਅਤੇ ਬੀਤੇ ਰਾਤ ਹੋਈ ਵਾਰਦਾਤ ਨੂੰ ਲੈ ਕੇ  ਅੱਜ ਸਵੇਰ ਤੋਂ ਡਾਕਟਰਾਂ ਅਤੇ ਕੈਮਿਸਟਾਂ ਵੱਲੋਂ ਖੰਡਾ ਚੌਂਕ ਵਿਖੇ ਧਰਨਾ ਲਗਾ ਦਿੱਤਾ ਹੈ ਪ੍ਰੰਤੂ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਸ਼ਾਸ਼ਨ ਦੇ ਵਿਸ਼ਵਾਸ਼ ਦੁਆਉਣ ਤੇ ਧਰਨਾ ਚੁੱਕ ਲਿਆ ਹੈ।