ਦਲਜੀਤ ਤੇ ਮੀਤ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ ਬੀਤੇ ਸਨ ਕਿ ਦੋਨਾਂ ਦੇ ਵੱਖਰੇ ਸੁਭਾਅ ਤੇ ਦੋਨਾਂ ਪਰਿਵਾਰਾਂ ਦੀ ਉਹਨ੍ਹਾਂ ਦੀ ਜਿੰਦਗੀ ਵਿੱਚ ਲੋੜ ਤੋਂ ਵੱਧ ਦਖ਼ਲਅੰਦਾਜੀ ਕਾਰਨ ਉਨ੍ਹਾਂ 'ਚ ਕਾਂਟੋਂ -ਕਲੇਸ਼ ਸ਼ੁਰੂ ਹੋ ਗਿਆ l ਹੌਲੀ -ਹੌਲੀ ਕਲੇਸ ਤੇ ਨਫਰਤ ਏਨੀ ਜਿਆਦਾ ਵੱਧ ਗਈ ਕੇ ਮੀਤ ਪੇਕੇ ਘਰ ਆ ਗਈ l ਹੁਣ ਹਾਲਾਤ ਇਹ ਸੀ ਕੇ ਨਾ ਹੀ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਅਤੇ ਨਾ ਹੀ ਉਸ ਦਾ ਪੇਕਾ ਪਰਿਵਾਰ ਉਸ ਨੂੰ ਭੇਜਣਾ ਚਾਹੁੰਦਾ ਸੀ l
ਗੱਲ ਵਧਦੀ-ਵਧਦੀ ਵੱਧ ਗਈ ਅਤੇ ਕੋਰਟ ਕਚਹਿਰੀ ਤੱਕ ਪੁੱਜ ਗਈ l ਤਲਾਕ ਦਾ ਕੇਸ ਚੱਲ ਪਿਆ l ਦੋਵੇਂ ਧਿਰਾਂ ਹਰ ਤਰੀਕ ਤੇ ਕਹਚਿਰੀ ਆਉਂਦੀਆ ਤੇ ਇੱਕ ਦੂਜੇ ਨੂੰ ਵੱਢ -ਖਾਣ ਵਾਲੀਆਂ ਨਜਰਾਂ ਨਾਲ ਤੱਕਦੀਆਂ l ਵਕਤ ਗੁਜ਼ਰਦਾ ਗਿਆ l ਤਾਰੀਕ ਤੇ ਤਾਰੀਕ ਪੈਂਦੀ ਗਈ l ਖ਼ੱਜਲ - ਖ਼ੁਆਰ ਹੁੰਦਿਆਂ ਉਹਨਾਂ ਨੂੰ ਚਾਰ ਵਰ੍ਹੇ ਲੰਘ ਗਏ, ਪਰ ਹੱਥ ਪੱਲੇ ਕੁੱਝ ਨਹੀਂ ਪਿਆ। ਅੱਜ ਵੀ ਉਨ੍ਹਾਂ ਦੀ ਤਾਰੀਕ ਸੀ ਤੇ ਅੱਜ ਦੋਹਾਂ ਧਿਰਾਂ ਨੂੰ ਇਨਸਾਫ਼ ਦੀ ਉਮੀਦ ਸੀ l ਉਹ ਸਾਰੇ ਸਵੇਰੇ ਦਸ ਵਜੇ ਈ ਕਹਚਿਰੀ ਪਹੁੰਚ ਗਏ । ਵਾਰੀ ਦੀ ਉਡੀਕ ਕਰਦਿਆਂ ਦੁਪਹਿਰ ਪੈ ਗਈ ਤੇ ਲੰਚ ਟਾਈਮ ਹੋ ਗਿਆ l
ਦਲਜੀਤ ਨੂੰ ਖਿੱਝ ਚੜੀ ਜਾ ਰਹੀ ਸੀ l ਭੁੱਖਣ- ਭਾਣਾ ਸਵੇਰ ਦਾ ਉਹ ਵਾਰੀ ਦੀ ਉਡੀਕ ਕਰੀ ਜਾ ਰਿਹਾ ਸੀ। ਪਿਛਲੇ ਚਾਰ ਸਾਲਾ ਦੀ ਜਿੰਦਗੀ ਉਸ ਦੀਆਂ ਅੱਖਾਂ ਅੱਗੇ ਘੁੰਮ ਰਹੀ ਸੀ l
ਹਰ ਵਾਰ ਖ਼ੱਜਲ -ਖ਼ੁਆਰੀ, ਪੂਰੀ ਦਿਹਾੜੀ ਦੀ ਬਰਬਾਦੀ l ਕੀ ਖੱਟਿਆ ਉਸ ਨੇ ਵਿਆਹ ਕਰਵਾ ਕੇ l ਅਜਿਹੀ ਜਿੰਦਗੀ ਨਾਲੋਂ ਤਾਂ ਉਹ ਕੁਵਾਰਾ ਹੀ ਚੰਗਾ ਸੀ l ਹੁਣ ਤਾਂ ਸਗੋਂ ਕਲੇਜੇ ਧੂਹ ਪੈਂਦੀ ਆ l ਰਾਤ ਨੂੰ ਇੱਕਲਾਪਣ ਵੱਢ ਖਾਣ ਨੂੰ ਆਉਂਦਾ ਐ ਤੇ ਲੋਕਾਂ ਦੀਆਂ ਗੱਲਾਂ ਵਖਰੀਆਂ l ਉਸ ਨੂੰ ਯਾਦ ਆਇਆ ਜਦ ਉਸਦਾ ਨਵਾਂ ਵਿਆਹ ਹੋਇਆ ਸੀ ਤਾਂ ਮੀਤ ਉਸ ਨੂੰ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗਦੀ l ਸ਼ੁਰੂਆਤੀ ਵਿਆਹੁਤਾ ਜਿੰਦਗੀ ਸਵਰਗ ਵਾਂਗ ਬੀਤ ਰਹੀ ਸੀ l ਗੱਲ ਬਾਤ ਤਾਂ ਉਨ੍ਹਾਂ ਦੀ ਠਾਕੇ ਤੋਂ ਬਾਅਦ ਈ ਫ਼ੋਨਾਂ 'ਤੇ ਸ਼ੁਰੂ ਹੋ ਗਈ ਸੀ l ਦਿਹਾੜੀ ਵਿੱਚ ਉਹ ਇੱਕ -ਦੂਜੇ ਨੂੰ ਚਾਰ -ਪੰਜ ਵਾਰ ਤਾਂ ਫੋਨ ਕਰ ਈ ਲੈਂਦੇ l ਵਿਆਹ ਹੋਇਆ ਤਾਂ ਪਹਿਲੀ ਰਾਤ ਨੂੰ ਉਹ ਇੰਜ ਮਿਲੇ ਜਿਵੇੰ ਚਿਰਾਂ ਦੇ ਵਿੱਛੜੇ ਪ੍ਰੇਮੀ ਮਿਲੇ ਹੋਣ l
ਅੰਤਾਂ ਦਾ ਮੋਹ - ਮੁਹੱਬਤ ਸੀ ਉਨ੍ਹਾਂ ਦਰਮਿਆਨ l ਫੇਰ ਹੌਲੇ -ਹੌਲੇ ਵਕਤ ਬੀਤਦਾ ਗਿਆ l ਮੀਤ ਦੀਆਂ ਕੁੱਝ ਗੱਲਾਂ ਉਸਨੂੰ ਖਲਨ ਲੱਗੀਆਂ ਤੇ ਮੀਤ ਨੂੰ ਉਸਦੀਆਂ l ਉਹ ਇੱਕ -ਦੂਜੇ ਨਾਲ ਰੁੱਸੇ -ਰੁੱਸੇ ਰਹਿਣ ਲੱਗੇ l ਪਹਿਲਾਂ ਤਾਂ ਘੰਟੇ ਦੋ ਘੰਟੇ ਲਈ ਉਹ ਰੁਸਦੇ l ਫਿਰ ਇਹ ਰੋਸਾ ਦਿਨਾਂ ਵਿੱਚ ਬਦਲਣ ਲੱਗਾ l ਉਨ੍ਹਾਂ ਦੀ ਐਸੀ ਖਿਟ -ਪਿਟ ਸ਼ੁਰੂ ਹੋਈ ਕਿ ਜਿਸ ਦਾ ਅੰਤ ਹੋਣ ਦਾ ਨਾਮ ਈ ਨਹੀਂ ਸੀ ਲੈ ਰਿਹਾ l ਉਸ ਦੀ ਮਾਂ ਹਮੇਸ਼ਾਂ ਹੀ ਉਸ ਦਾ ਪੱਖ ਲੈਂਦੀ ਤਾਂ ਮੀਤ ਦਾ ਗੁੱਸਾ ਹੋਰ ਵੱਧ ਜਾਂਦਾ l ਉਸ ਦੇ ਸਹੁਰੇ ਵੀ ਵਾਰ -ਵਾਰ ਉਸ ਨੂੰ ਫੋਨ ਕਰਦੇ ਤੇ ਮੀਤ ਨੂੰ ਕੁੱਝ ਕਹਿਣ ਦੀ ਬਜਾਏ ਉਸ ਨੂੰ ਹੀ ਮੀਤ ਨਾਲ ਚੰਗੀ ਤਰ੍ਹਾਂ ਰਹਿਣ ਲਈ ਕਹਿੰਦੇ ਤੇ ਸਮਝਾਉਦੇ l ਇਸ ਤੇ ਉਹ ਬਹੁਤ ਹੀ ਖਿਝ ਜਾਂਦਾ l ਵਿਗਾੜ ਪੈਂਦਾ -ਪੈਂਦਾ ਏਨਾ ਪੈ ਗਿਆ ਕਿ ਇੱਕ ਦਿਨ ਮਮੂਲੀ ਝਗੜੇ ਤੋਂ ਬਾਅਦ ਉਸਦਾ ਹੱਥ ਮੀਤ 'ਤੇ ਉੱਠ ਗਿਆ l ਉਸਦੀ ਮਾਂ ਨੇ ਉਸਦਾ ਸਾਥ ਦਿਤਾ l ਬੱਸ ਫਿਰ ਕੀ ਸੀ ਬਾਤ ਦਾ ਬਤੰਗੜ ਬਣ ਗਿਆ l ਪੜੀ -ਲਿਖੀ ਮੀਤ ਇਹ ਅਪਮਾਨ ਕਿਵੇਂ ਸਹਿੰਦੀ। ਉਹ ਸ਼ੇਰਨੀ ਦਾ ਰੂਪ ਧਾਰੀ ਸਮਾਨ ਲੈ ਕੇ ਪੈਕੇ ਚਲੀ ਗਈl ਕਿਸੇ ਨੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਦਿਨ ਤੋਂ ਹੀ ਐਸਾ ਕਲੇਸ਼ ਸ਼ੁਰੂ ਹੋਇਆ ਕਿ ਉਹ ਅੱਜ ਤੱਕ ਕਹਿਚਿਰੀਆਂ ਵਿੱਚ ਰੁਲਦੇ ਫਿਰਦੇ ਨੇ।
"ਚਲ ਦਲਜੀਤ ਤੂੰ ਵੀ ਕੁੱਝ ਖਾ-ਪੀ ਲੈ"l ਦਲਜੀਤ ਦੇ ਡੈਡੀ ਨੇ ਆ ਕੇ ਉਸ ਦਾ ਮੋਢਾ ਹਲੂਣਿਆ ਤਾਂ ਦਲਜੀਤ ਇੱਕ ਦਮ ਵਰਤਮਾਨ ਵਿੱਚ ਪਰਤ ਆਇਆ l ਦਲਜੀਤ ਮੱਥੇ ਤੋਂ ਪਸੀਨਾ ਪੂੰਝਦਾ ਬੋਲਿਆ, "ਨਹੀਂ ਡੈਡੀ ਮੇਰਾ ਜ਼ਰਾ ਮਨ ਨਹੀਂ, ਵੈਸੇ ਵੀ ਗ਼ਰਮੀ ਕਾਰਨ ਘਬਰਾਹਟ ਜਿਹੀ ਹੋ ਰਹੀ ਹੈ l" ਤੇ ਉਸ ਨੇ ਡੈਡੀ ਦੇ ਹੱਥ 'ਚੋਂ ਪਾਣੀ ਦੀ ਬੋਤਲ ਫੜ ਕੇ ਮੂੰਹ ਨਾਲ ਲਾ ਲਈ l "ਕੋਈ ਨੀ ਪੁੱਤ, ਆ ਜਾ ਬਾਹਰ...... ਕੁੱਝ ਤਾਂ ਖਾ l" ਪਰ ਦਲਜੀਤ ਦੇ ਮਨਾਂ ਕਰਨ 'ਤੇ ਉਹ ਬਾਹਰ ਚਲੇ ਗਏ l ਦਲਜੀਤ ਨੇ ਦੇਖਿਆ ਹੁਣ ਲੋਕ ਇੱਧਰ- ਉੱਧਰ ਬਿਖ਼ਰ ਗਏ ਸੀ l ਅੰਤਾਂ ਦੀ ਗ਼ਰਮੀ ਨੇ ਵੀ ਵੱਟ ਕੱਢੇ ਹੋਏ ਸੀ l ਕਚਹਿਰੀ ਦੇ ਪੱਖੇ ਵੀ ਨਾ-ਮਾਤਰ ਜਿਹੀ ਹਵਾ ਦੇ ਰਹੇ ਸਨ l ਲੋਕਾਂ ਦੀ ਭੀੜ ਤੇ ਉਪਰੋਂ ਕਹਿਰ ਦੀ ਗ਼ਰਮੀ...... l ਅਚਾਨਕ ਹੀ ਮੀਤ ਬੈਠੀ -ਬੈਠੀ ਚੱਕਰ ਖਾ ਖਾ ਕੇ ਥੱਲੇ ਡਿੱਗ ਪਈ l "ਕੀ ਹੋ ਗਿਆ ਇਸਨੂੰ...?" ਆਲੇ ਦੁਵਾਲਿਓਂ ਕੁੱਝ ਅਵਾਜ਼ਾਂ ਉਭਰੀਆਂ ਤੇ ਲੋਕ ਉਸ ਦੇ ਆਲੇ - ਦਵਾਲੇ ਇਕੱਠੇ ਹੋ ਗਏ l ਲੋਕਾਂ ਨੇ ਉਸਦੇ ਮੂੰਹ ਤੇ ਪਾਣੀ ਪਾਇਆ l ਉਸ ਦੇ ਪਰਿਵਾਰ ਵਾਲੇ ਜਲਦੀ ਨਾਲ ਉਸ ਨੂੰ ਚੁੱਕ ਕੇ ਜ਼ਰਾ ਹਟਵੀਂ ਥਾਂ 'ਤੇ ਲੈ ਗਏ l ਉਸਦੇ ਪਰਿਵਾਰ ਵਾਲਿਆ ਵਿੱਚ ਭਾਜੜ ਜਿਹੀ ਪੈ ਗਈ ਸੀ ਦਲਜੀਤ ਦੇ ਮਨ ਵਿੱਚ ਆਇਆ, ਮਨਾਂ ਦੇਖ ਜਾ ਕੇ ਕੀ ਹੋਇਆ ਇਹਨੂੰ। ਫੇਰ ਦੂਜੇ ਹੀ ਪਲ ਖਿਆਲ ਆਇਆ, "ਦਫ਼ਾ ਕਰ, ਇਸੇ ਜਨਾਨੀ ਕਰ ਕੇ ਤਾਂ ਇੰਨੀ ਖ਼ੱਜਲ- ਖ਼ੁਆਰੀ ਪੱਲੇ ਪਈ l ਜੁਵਾਨੀ ਕਚਹਿਰੀਆਂ ਵਿੱਚ ਹੀ ਬਰਬਾਦ ਹੋਈ ਜਾ ਰਹੀ ਆ, ਦਫ਼ਾ ਕਰ l" ਨਫਰਤ ਉਸ ਦੇ ਜਹਿਨ ਵਿੱਚ ਘੁੰਮੀ ਤੇ ਉਸ ਨੇ ਖ਼ੁਦ ਨੂੰ ਰੋਕ ਲਿਆ l ਉਹ ਇੱਧਰ -ਉੱਧਰ ਟਹਿਲਦਾ ਰਿਹਾ ਤੇ ਲੰਚ - ਬਰੇਕ ਖ਼ਤਮ ਹੋਣ ਦਾ ਇੰਤਜ਼ਾਰ ਕਰਦਾ ਰਿਹਾ ।
ਪਰ ਕੁੱਝ ਦੇਰ ਮਗਰੋਂ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਈ? ਉਹ ਉੱਧਰ ਨੂੰ ਹੋ ਤੁਰਿਆ, ਜਿੱਧਰ ਮੀਤ ਨੂੰ ਲੈ ਕੇ ਗਏ ਸੀ l ਉਸ ਨੇ ਦੇਖਿਆ ਕੇ ਇੱਕ ਬੈਂਚ 'ਤੇ ਪੱਖੇ ਹੇਠਾਂ ਮੀਤ ਅੱਖਾਂ ਬੰਦ ਕਰੀ ਲੇਟੀ ਪਈ ਸੀ,ਉਸ ਦੀ ਮਾਂ ਕੋਲ ਬੈਠੀ ਸੀ lਪਰ ਥੋੜੀ ਦੇਰ ਮਗਰੋਂ ਜਿਵੇੰ ਹੀ ਉਹ ਉੱਠ ਕੇ ਪਰਾਂ ਗਈ ਦਲਜੀਤ ਝੱਟ ਹੀ ਮੀਤ ਦੇ ਸਿਰ ਵਾਲੇ ਪਾਸੇ ਜਾ ਕੇ ਬੈਠ ਗਿਆ l ਅੰਦਰ ਹੀ ਅੰਦਰ ਉਹ ਡਰ ਵੀ ਰਿਹਾ ਸੀ, ਕੇ ਜੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ 'ਚੋਂ ਕੋਈ ਵੀ ਖ਼ਾਸ ਕਰਕੇ ਉਸ ਦੇ ਸਾਲੇ ਆ ਗਏ ਤਾਂ ਇੱਥੇ ਤਮਾਸ਼ਾ ਬਣ ਜਾਣਾ ਏ l ਪਰ ਉਹ ਫਿਰ ਵੀ ਬੈਠਾ ਰਿਹਾ l
ਅਚਾਨਕ ਮੀਤ ਨੇ ਅੱਖਾਂ ਖੋਲੀਆਂ ਕੋਲ ਦਲਜੀਤ ਨੂੰ ਬੈਠਾ ਦੇਖ ਕੇ ਉਹ ਇੱਕ ਦਮ ਤ੍ਰਬਕ ਕੇ ਉੱਠ ਬੈਠੀ ਅਤੇ ਹੈਰਾਨੀ ਨਾਲ ਅੱਖਾਂ ਅੱਡੀ ਉਸ ਵੱਲ ਤੱਕਣ ਲੱਗੀ l "ਤੁਸ਼ੀਂ.....? ਤੁਸ਼ੀਂ ਇੱਥੇ ਕਿਵੇਂ?" ਉਹ ਹੈਰਾਨੀ 'ਚੋਂ ਬੋਲੀ l
"ਕੀ ਹੋਇਆ ਸੀ? ਬੈਠੀ -ਬੈਠੀ ਡਿੱਗ ਪਈ? ਕਿਵੇਂ ਆ ਹੁਣ?" ਦਲਜੀਤ ਬੋਲਿਆ। .
"ਥੋਨੂੰ ਕੀ? ਮਰਾਂ ਭਾਂਵੇ ਜੀਵਾਂ? ਜਦ ਕੋਈ ਰਿਸ਼ਤਾ ਈ ਨਹੀਂ ਰਿਹਾ ਤਾਂ....l" ਮੀਤ ਗੁੱਸੇ 'ਚ ਬੋਲੀ l
"ਅਜੇ ਤੱਕ ਗੁੱਸਾ ਠੰਡਾ ਨਹੀਂ ਹੋਇਆ? ਏਨੇ ਸਾਲ ਬੀਤ ਗਏ ਫੇਰ ਵੀ?" ਦਲਜੀਤ ਜ਼ਰਾ ਸਹਿਜ ਹੋ ਕੇ ਬੋਲਿਆ l "ਗੁੱਸਾ ਕਿਵੇਂ ਠੰਡਾ ਹੋਵੇ? ਤੁਹਾਨੂੰ ਕਿਹੜਾ ਪ੍ਰਵਾਹ ਏ l ਇੱਕ ਵਾਰ ਵੀ ਮੁੜ ਕੇ ਵੇਖਿਆ? ਜਿਉਂਦੀ ਆਂ ਕੇ ਮਰ ਗਈ?" "ਮੁੜ ਕੇ ਦੇਖਣ ਜੋਗਾ ਛੱਡਿਆ ਕਿੱਥੇ ਤੁਸਾਂ? ਝੱਟ ਤਾਂ ਕੇਸ ਠੋਕ ਤਾਂ l" ਦਲਜੀਤ ਬੋਲਿਆ
"ਤੁਹਾਡੇ ਪਰਿਵਾਰ ਵਾਲਿਆਂ ਨੇ ਵੀ ਘੱਟ ਨਹੀਂ ਕੀਤੀ ਇਸ ਮਾਮਲੇ 'ਚ ।"
"ਛੱਡ ਮੀਤ.... ਤੂੰ ਕਿਹੜਾ ਮੁੜ ਕੇ ਦੇਖ ਲਿਆ ਮੇਰੇ ਵੱਲ l ਅੱਜ ਤੱਕ ਕਦੀ ਇੱਕ ਵਾਰ ਵੀ ਫੋਨ ਕੀਤਾ ਈ....?" "......ਤੇ ਤੁਸੀਂ...? ਤੁਸੀਂ ਕਿੰਨੇ ਕੁ ਫੋਨ ਕਰਕੇ ਥੱਕ ਗਏ l" ਮੀਤ ਗੁੱਸੇ 'ਵਿੱਚ ਬੋਲੀ ਤਾਂ ਦਲਜੀਤ ਨੇ ਮੀਤ ਵੱਲ ਦੇਖਿਆ ਤੇ ਮੀਤ ਨੇ ਦਲਜੀਤ ਵੱਲ l ਉਹ ਕੁੱਝ ਦੇਰ ਇਵੇਂ ਹੀ ਇੱਕ ਦੂਜੇ ਨੂੰ ਵੇਖਦੇ ਰਹੇ l "ਥੋਡਾ ਕੀ ਹਾਲ ਐ?" ਮੀਤ ਨਜਰਾਂ ਝੁਕਾਏ ਜ਼ਰਾ ਗੁੱਸੇ 'ਚ ਬੋਲੀ l
"ਹਾਲ ਕੀ ਹੋਣੈ ,ਇਸ ਖ਼ੱਜਲ- ਖ਼ੁਆਰੀ 'ਚ ।ਹਰ ਮਹੀਨੇ ਤਰੀਕਾ ਭੁਗਤ- ਭੁਗਤ ਥੱਕ ਗਿਆਂ । ਲੱਗਦੈ ਇੱਥੇ ਹੀ ਖ਼ੁਆਰ ਹੋ ਜਾਂਵਾਗਾ ਤੇ ਜਿੰਦਗੀ ਇੱਥੇ ਹੀ ਬਰਬਾਦ ਹੋ ਜਾਵੇਗੀ l ਦਿਲ ਤਾਂ ਕਰਦਾ ਇਸ ਜਿੰਦਗੀ ਨਾਲੋਂ ਤਾਂ ਕੁੱਝ ਖਾ ਕੇ ਮਰ ਜਾਂਵਾ, ਕਿੱਸਾ ਹੀ ਖ਼ਤਮ ਹੋ ਜਾਵੇ l"
"ਕਿਉਂ?" ਇੱਕੋ ਦਮ ਅੱਖਾਂ ਟੱਡਦਿਆਂ ਮੀਤ ਨੇ ਆਪਣਾਂ ਹੱਥ ਦਲਜੀਤ ਦੇ ਹੱਥ 'ਤੇ ਰੱਖ ਦਿਤਾ l .
"ਓਹ ! ਤਾਂ ਤੈਨੂੰ ਅਜੇ ਵੀ ਮੇਰੀ ਪ੍ਰਵਾਹ ਐ l" ਕਹਿੰਦਿਆਂ ਦਲਜੀਤ ਨੇ ਉਸ ਦੀਆਂ ਅੱਖਾਂ 'ਚ ਝਾਕਿਆ l ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਮੀਤ ਦੀਆਂ ਅੱਖਾਂ ਛਲਕ ਪਈਆਂ l
"ਤੇ ਹੋਰ ਕੀ....? ਤੁਹਾਨੂੰ ਕੀ ਲੱਗਦੈ, ਤੁਸੀ ਇਕੱਲੇ ਈ ਖ਼ੁਆਰ ਹੋਏ ਪਏ ਓ, ਮੈਂ ਨਹੀਂ....l ਅੰਦਰੋਂ ਤਾਂ ਮੈਂ ਵਲੂੰਧਰੀ ਪਈ ਆਂ । ਇੱਕਲੀ ਬੈਠੀ ਰੋਂਦੀ ਰਹਿੰਦੀ ਆ । ਕੀ ਕਹਾਂ ਕਿਸੇ ਨੂੰ ਕਿ ਮੈਂ ਤੁਹਾਨੂੰ ਯਾਦ ਕਰ - ਕਰ ਕੇ ਰੋਂਦੀ ਆ l"
"ਬੱਸ ਇੱਕ ਜ਼ਿੱਦ ਈ ਐ, ਜਿਹੜੀ ਹਰ ਵਾਰ ਇੱਥੇ ਖਿੱਚ ਲਿਆਂਦੀ ਏ l ਨਾ ਤੁਹਾਡਾ ਪਰਿਵਾਰ ਝੁਕਣ ਲਈ ਤਿਆਰ ਐ l ਨਾ ਈ ਮੇਰਾ । ਅਸੀਂ ਦੋਵਾਂ ਪਰਿਵਾਰਾਂ ਵਿਚਕਾਰ ਫਸੇ ਪਏ ਆਂ l"
"ਪਰ ਹੁਣ.... ਸੋਚ ਸੋਚ ਕੇ ਲੱਗਦੈ ਗਲਤੀ ਮੇਰੀ ਹੀ ਸੀ.... ਮੈਂ ਹੀ ਜਲਦੀ ਕਾਹਲੀ ਪੈ ਗਈ l ਤੁਹਾਡੇ ਨਾਲ ਮੈਂ ਈ ਐਡਜਸਟ ਨਹੀਂ ਕਰ ਸਕੀ l ਤਾਂ ਹੀ ਤਾਂ ਇੱਕ -ਦੂਜੇ ਤੋਂ ਦੂਰ ਅੱਜ ਇੱਥੇ ਖੜੇ ਆਂ l" "ਨਹੀਂ ਮੀਤ , ਗ਼ਲਤੀ ਮੇਰੀ ਸੀ l ਮੈਂ ਈ ਤੇਰੀਆਂ ਭਾਵਨਾਵਾਂ ਨੂੰ ਸਮਝ ਨਾ ਸਕਿਆ। ਦੂਜਿਆਂ ਮਗਰ ਲੱਗ - ਲੱਗ ਤੈਨੂੰ ਬੁਰਾ- ਭਲਾ ਕਹਿੰਦਾ ਰਿਹਾ l ਗਾਲੀ - ਗਲੋਚ ਕਰਦਾ ਰਿਹਾ l ਇਥੋਂ ਤੱਕ ਕਿ ਇੱਕ ਦਿਨ ਤਾਂ ਤੈਨੂੰ ਥੱਪੜ ਵੀ ਮਾਰ ਦਿਤਾ l ਬਾਅਦ ਵਿੱਚ ਬਹੁਤ ਪਛਤਾਇਆ ਮੈਂ l ਆਪਣਾ ਸੁਨਹਿਰੀ ਸਮਾਂ ਤਾਂ ਅਸਾਂ ਲੜ- ਝਗੜ ਕੇ ਬਿਤਾ ਲਿਆ l
"ਪਰ.... ਹੁਣ.... ਹੁਣ ਕੀ ਹੋ ਸਕਦਾ.... ਹੁਣ ਤਾਂ ਫੈਸਲੇ ਦਾ ਹੀ ਇੰਤਜ਼ਾਰ ਕਰਨਾ ਪੈਣੈ ..... ।"
" ਨਹੀਂ ਮੀਤ.... ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ l ਚੱਲ ਉੱਠ ਤੁਰ ਮੇਰੇ ਨਾਲ..... l ਇੱਥੇ ਬੈਠਿਆਂ ਤਾਂ ਉਮਰਾਂ ਬੀਤ ਜਾਣਗੀਆਂ l ਆਜਾ ਛੱਡ ਦੇ ਸਾਰੇ ਗਲੇ ਸ਼ਿਕਵੇ। ਆ ਚੱਲ । ਮੁੜ ਤੋਂ ਨਵੀਂ ਜਿੰਦਗੀ ਸ਼ੁਰੂ ਕਰੀਏ l" ਦਲਜੀਤ ਨੇ ਮੀਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ l "ਪਰ.....? ਆਪਣੇ ਪਰਿਵਾਰ ਵਾਲੇ l ਉਹ ਇਵੇਂ ਰਾਜ਼ੀ ਨਹੀਂ ਹੋਣਗੇ.... ।"
"ਕਿਉਂ ਨਹੀਂ ਹੋਣਗੇ? ਉਹ ਵੀ ਤਾਂ ਦਿਲੋਂ ਮਿਲਣ ਈ ਚਾਹੁੰਦੇ ਹੋਣੇ .... l" "ਚੱਲ ਉੱਠ.... ।" ਤੇ ਦਲਜੀਤ ਨੇ ਮੀਤ ਦਾ ਹੱਥ ਘੁੱਟ ਕੇ ਫੜ ਲਿਆ l ਦਲਜੀਤ ਨੂੰ ਇੱਧਰ- ਉੱਧਰ ਦੇਖਦਿਆਂ ਉਸ ਦੇ ਪਰਿਵਾਰ ਵਾਲੇ ਤੇ ਮੀਤ ਦੇ ਪਰਿਵਾਰ ਵਾਲੇ ਵੀ ਉੱਥੇ ਪੁੱਜ ਗਏ ਅਤੇ ਉਥੋਂ ਦਾ ਨਜ਼ਾਰਾ ਦੇਖ ਕੇ ਦੰਗ ਰਹੇ ਗਏ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ l "ਆਪਣੀ ਵਾਰੀ ਆਉਣ ਵਾਲੀ ਆ ਮੀਤ..... l" ਅਚਾਨਕ ਈ ਮੀਤ ਦੇ ਵੱਡੇ ਭਰਾ ਨੇ ਵੀ ਆਉਂਦਿਆਂ ਹੀ ਕਿਹਾ l "ਨਹੀਂ ਵੀਰੇ, ਹੁਣ ਕਿਸੇ ਵਾਰੀ ਦੀ ਲੋੜ ਨੀਂ। ਮੈਨੂੰ ਅਸਲੀ ਰਾਹ ਲੱਭ ਗਿਆ ਏ l" "ਪਰ ਇਹ ਕਿਵੇਂ.....? ਇਹ ਕਿੱਦਾਂ ਹੋ ਸਕਦਾ....? ਬਿਨਾਂ ਕਿਸੇ ਫੈਸਲੇ ਤੋਂ ਤੁਸੀ.......?" ਇਸ ਤੋਂ ਪਹਿਲਾਂ ਕਿ ਕੋਈ ਕੁੱਝ ਹੋਰ ਬੋਲਦਾ ਦੋਵੇਂ ਇੱਕ- ਦੂਜੇ ਦਾ ਹੱਥ ਫੜੀ ਕਚਹਿਰੀ ਤੋਂ ਬਾਹਰ ਨਿਕਲ ਗਏ l ਉਨ੍ਹਾਂ ਨੂੰ ਇਵੇਂ ਹੱਥ ਵਿੱਚ ਹੱਥ ਪਾਈ ਜਾਂਦੇ ਦੇਖ ਦੋਵਾਂ ਪਰਿਵਾਰ ਵਾਲਿਆਂ ਦੇ ਗੁੱਸੇ ਭਰੇ ਚਿਹਰੇ ਹੌਲੇ -ਹੌਲੇ ਮੁਸ਼ਕਰਾਹਟ 'ਚ ਬਦਲ ਗਏ l
ਮਨਪ੍ਰੀਤ ਕੌਰ ਭਾਟੀਆ-ਐਮ.ਏ ,ਬੀ.ਐਡ-ਫਿਰੋਜ਼ਪੁਰ ਸ਼ਹਿਰ