ਅਕਾਲ ਯੂਨੀਵਰਸਿਟੀ 'ਚ ਐਜੂਕੇਸ਼ਨ ਵਿਭਾਗ ਵੱਲੋਂ ‘ਉੱਚ ਸਿੱਖਿਆ ਵਿਚ ਆਦਰਸ਼ਕ ਤਬਦੀਲੀਆਂ ਅਤੇ ਭਵਿੱਖ’ ਵਿਸ਼ੇ 'ਤੇ ਤਿੰਨ ਰੋਜਾ ਅੰਤਰ-ਰਾਸ਼ਟਰੀ ਕਾਨਫਰੰਸ ਸਫਲਤਾ ਨਾਲ ਮੁਕੰਮਲ

ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵੱਲੋਂ ‘ਉੱਚ ਸਿੱਖਿਆ ਵਿਚ ਆਦਰਸ਼ਕ ਤਬਦੀਲੀਆਂ ਅਤੇ ਭਵਿੱਖ’ ਵਿਸ਼ੇ 'ਤੇ ਚੱਲ ਰਹੀ ਤਿੰਨ ਰੋਜ਼ਾ ਕਾਨਫਰੰਸ ਸਫਲਤਾ ਨਾਲ ਮੁਕੰਮਲ ਹੋਈ। ਕਾਨਫਰੰਸ ਦੀ ਸ਼ੁਰੂਆਤ ਵਿਚ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਬਰਿੰਦਰ ਕੌਰ ਕਾਨਫਰੰਸ ਦੇ ਕੋ-ਕਨਵੀਨਰ ਨੇ ਸਭ ਦਾ ਸਵਾਗਤ ਕੀਤਾ। ਉਪਰੰਤ ਐਜੂਕੇਸ਼ਨ ਵਿਭਾਗ ਤੋਂ ਕਨਵੀਨਰ ਡਾ. ਰਸ਼ਿਮ ਵਾਧਵਾ ਨੇ ਸਮੁੱਚੀ ਕਾਨਫਰੰਸ ਦੀ ਰੂਪਰੇਖਾ ਸਾਂਝੀ ਕੀਤੀ। ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਨੇ ਇਸ ਕਾਨਫਰੰਸ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਗੱਲ ਕੀਤੀ। ਉਦਘਾਟਨੀ ਸੈਸ਼ਨ 'ਚ ਵਿਸ਼ੇਸ਼ ਮਹਿਮਾਨ ਵੱਜੋਂ ਆਈ ਸੀ ਐੱਸ ਐੱਸ ਆਰ ਦੇ ਡਾਇਰੈਕਟਰ ਪ੍ਰੋ. ਸੰਜੈ ਕੌਸ਼ਿਕ ਸ਼ਾਮਿਲ ਹੋਏ। ਉਹਨਾਂ ਨੇ ਮੰਚ ਤੋਂ ਬੋਲਦਿਆਂ ਉੱਚ ਵਿੱਦਿਆ ਦੀ ਗੁਣਵਤਾ ਦੇ ਪੱਧਰ ਨੂੰ ਉੱਚਾ ਚੁੱਕਣ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਉਭਾਰ ਕੇ ਪੇਸ਼ ਕੀਤਾ। ਕੂੰਜੀਵਤ ਭਾਸ਼ਣ ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ ਦੇ ਸਾਬਕਾ ਸੈਕਟਰੀ ਜਨਰਲ ਪ੍ਰੋ. ਫੁਰਕਾਨ ਕੰਵਰ ਵੱਲੋਂ ਦਿੱਤਾ ਗਿਆ। ਉਹਨਾਂ ਨੇ ਫੈਕਲਟੀ, ਫ੍ਰੀਡੰਮ ਅਤ ਫੰਡ ਦੀ ਸੁਵਰਤੋਂ ਦੇ ਪ੍ਰਸੰਗ ਵਿਚ ਬੜੇ ਸੁਵਿਵਸਥਿਤ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕੂੰਜੀਵਤ ਭਾਸ਼ਣ ਵਾਲੇ ਸੈਸ਼ਨ ਦੀ ਪ੍ਰਧਾਨਗੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪ੍ਰੋ. ਨਸਰੀਨ ਨੇ ਕੀਤੀ। ਇਸ ਮੌਕੇ ਕਾਨਫਰੰਸ ਦੀ ਪ੍ਰਕਾਸ਼ਿਤ ਰੂਪਰੇਖਾ ਵੀ ਰੀਲੀਜ ਕੀਤੀ ਗਈ। ਤਿੰਨਾਂ ਦਿਨਾਂ ਦੇ ਵੱਖ-ਵੱਖ ਸੈਸ਼ਨਾਂ ਵਿਚ ਲਗਭਗ 100 ਖੋਜ ਪੇਪਰ ਸੰਬੰਧਿਤ ਖੇਤਰ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਗਏ। ਇਹ ਖੋਜਾਰਥੀ ਅਤੇ ਅਧਿਆਪਕ ਵੱਖ-ਵੱਖ ਵਿਦਿਅਕ ਅਦਾਰਿਆਂ ਜਿਵੇਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਆਈ.ਆਈ.ਟੀ ਬੌਂਬੇ, ਸੈਂਟਰਲ ਯੂਨੀਵਰਸਿਟੀ ਪੰਜਾਬ, ਅਲੀਗੜ੍ਹ ਯੂਨੀਵਰਸਿਟੀ ਪੰਜਾਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਤੋਂ ਕਾਨਫਰੰਸ ਵਿਚ ਸ਼ਾਮਿਲ ਹੋਏ। ਕਾਨਫਰੰਸ ਦੇ ਸਮਾਪਤੀ ਸਮਾਗਮ ਵਿਚ ਪ੍ਰੋ. ਜਗਨਨਾਥ ਪਾਟਿਲ ਸਲਾਹਕਾਰ ਐੱਨ.ਏ.ਏ.ਸੀ (ਨੈਕ), ਭਾਰਤ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਕਾਨਫਰੰਸ ਨੂੰ ਸਫਲ ਬਣਾਉਣ ਵਿਚ ਐਜੂਕੇਸ਼ਨ ਵਿਭਾਗ ਦੇ ਸਾਰੇ ਅਧਿਆਪਕਾਂ ਨੇ ਮਹੱਤਵਪੂਰਨ ਸਹਿਯੋਗ ਦਿੱਤਾ। ਕਾਨਫਰੰਸ 'ਚ ਯੂਨੀਵਰਸਿਟੀ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ. ਜੀ.ਐੱਸ.ਲਾਂਬਾ, ਆਈ.ਕਿਊ.ਏ.ਸੀ ਦੇ ਡਾਇਰੈਕਟਰ ਡਾ. ਸੁਖਜੀਤ ਸਿੰਘ, ਅਤੇ ਅਸਿਸਟੈਂਟ ਡੀਨ ਰਿਸਰਚ ਡਾ. ਬੁਬਨ ਬੈਨਰਜੀ ਵੀ ਸ਼ਾਮਿਲ ਹੋਏ। ਕਾਨਫਰੰਸ ਦੇ ਆਖਰੀ ਦਿਨ ਦੇ ਸਮਾਪਤੀ ਸੈਸ਼ਨ ਦਾ ਅੰਤ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ ਦੇ ਧੰਨਵਾਦੀ ਸ਼ਬਦਾਂ ਨਾਲ ਹੋਇਆ।