ਰਾਜ ਸਭਾ ਸਦਨ ਵਿਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ

ਸੰਤ ਸੀਚੇਵਾਲ ਨੇ ਰਾਜ ਸਭਾ ਚੇਅਰਮੈਨ ਨੂੰ ਪੰਜਾਬੀ ’ਚ ਮੁਹੱਈਆ ਕਰਵਾਏ ਦਸਤਾਵੇਜ਼

ਚੰਡੀਗੜ੍ਹ , 7 ਦਸੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਸਦਨ ਵਿਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਨਵੇਂ ਚੇਅਰਮੈਨ ਜਗਦੀਪ ਧਨਖੜ ਦਾ ਸਵਾਗਤ ਕਰਦਿਆ ਉਨ੍ਹਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਸਦਨ ਦੇ ਪਟਲ ’ਤੇ ਦਿੱਤੇ ਜਾਣ ਵਾਲੇ ਦਸਤਾਵੇਜ਼ ਪੰਜਾਬੀ ਵਿਚ ਮੁਹੱਈਆ ਕਰਵਾਏ ਗਏ। ਸਦਨ ਵਿਚ ਮੈਂਬਰਾਂ ਨੂੰ ਹਮੇਸ਼ਾ ਹਿੰਦੀ ਤੇ ਅੰਗਰੇਜ਼ੀ ਵਿਚ ਹੀ ਦਸਤਾਵੇਜ਼ ਦਿੱਤੇ ਜਾਂਦੇ ਸਨ।  ਇਸ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸੈਸ਼ਨ ਦੌਰਾਨ ਵੀ ਪੰਜਾਬੀ ਦੇ ਮੁੱਦੇ ਨੂੰ ਉਠਾਉਂਦਿਆਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਵਿਚ ਦਸਤਾਵੇਜ਼ ਦਿੱਤੇ ਜਾਣ । ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿਚ ਪੰਜਾਬੀ ਮਾਂ ਬੋਲੀ ਵਿਚ ਦਸਤਾਵੇਜ਼ ਦਿੱਤੇ ਜਾਣ ’ਤੇ ਇਸ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇਨ੍ਹਾਂ ਦੋਵੇਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਤਰਜ਼ਮਾਨੀ ਕਰਨ ਲਈ ਰਾਜ ਸਭਾ ਵਿਚ ਭੇਜਿਆ ਹੈ। ਉਹ ਯਤਨ ਕਰ ਰਹੇ ਹਨ ਕਿ ਪੰਜਾਬ ਦੇ ਮਸਲਿਆਂ ਨੂੰ ਰਾਜ ਸਭਾ ਵਿਚ ਰੱਖਿਆ ਜਾਵੇ।