ਅਮਰਿੰਦਰ ਤੋਂ ਕੋਈ ਉਮੀਦ ਨਾ ਰੱਖਣ ਲੋਕ- ਸੁਖਬੀਰ

ਰਈਆ, ਅਗਸਤ 2019- ਰੱਖੜ ਪੁੰਨਿਆ ਦੇ ਜੋੜ ਮੇਲੇ ’ਤੇ ਅੱਜ ਬਾਬਾ ਬਕਾਲਾ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਨੂੰ ਆਪਣਾ ਵੱਖਰਾ ਹਾਈ ਕੋਰਟ ਬਣਾਉਣ ਦੀ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਪਰ ਗਾਂਧੀ ਪਰਿਵਾਰ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ, ਦੋਸ਼ੀਆਂ ਨੂੰ ਸਜ਼ਾਵਾਂ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਤੇ ਪੁਸ਼ਤਪਨਾਹੀ ਕੀਤੀ। ਇਸ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨਸਾਫ਼ ਅਤੇ ਜਾਂਚ ਲਈ ਐੱਸਆਈਟੀ ਬਣਾਈ, ਨਤੀਜਾ ਇਹ ਕਿ ਅੱਜ ਸੱਜਣ ਕੁਮਾਰ ਵਰਗੇ ਜੇਲ੍ਹਾਂ ਵਿੱਚ ਬੰਦ ਹੋ ਕੇ ਸਜ਼ਾਵਾਂ ਭੁਗਤ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਤੋਂ ਕੋਈ ਉਮੀਦ ਨਾ ਰੱਖਣ ਦੀ ਗਲ ਕਹੀ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੁੜ ਆਵੇਗੀ ਅਤੇ ਅਜਿਹੇ ਕਾਰਜ ਕੀਤੇ ਜਾਣਗੇ ਜਿਸ ਨਾਲ ਪੰਜਾਬ ਮੁੜ ਨੰਬਰ ਇਕ ’ਤੇ ਆਵੇਗਾ। ਸ੍ਰੀ ਬਾਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਖੋਹਣ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਵੈਂਟੀਲੇਟਰ ’ਤੇ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਕਾਲੀ ਦਲ ਨਾਲ ਸਬੰਧਤ ਵਿਰੋਧੀਆਂ ਤੇ ਆਮ ਨਾਗਰਿਕਾਂ ਖ਼ਿਲਾਫ਼ ਝੂਠੇ ਪਰਚਿਆਂ ਤੋਂ ਇਲਾਵਾ ਕੋਈ ਪ੍ਰਾਪਤੀ ਨਹੀਂ ਰਹੀ। ਉਨ੍ਹਾਂ ਬਰਗਾੜੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਉਣ ਦੀ ਮੰਗ ਕੀਤੀ, ਤੇ ਚੁਣੌਤੀ ਦਿੱਤੀ ਕਿ ਅਕਾਲੀ ਦਲ ਦੇ ਆਗੂ ਦੋਸ਼ੀ ਪਾਏ ਜਾਣ ’ਤੇ ਉਹ ਸਿਆਸਤ ਤੋਂ ਸੰਨਿਆਸ ਲੈ ਲਵੇਗਾ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਰਤਾਰਪੁਰ ਲਾਂਘੇ ਨੂੰ ਅਤੇ 5 ਲੱਖ ਤਕ ਮੁਫ਼ਤ ਸਿਹਤ ਬੀਮਾ ਯੋਜਨਾ ਨੂੰ ਕੇਂਦਰੀ ਮੋਦੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ। ਇਸ ਮੌਕੇ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏਆਰ, ਮਨਜੀਤ ਸਿੰਘ ਮੀਆਂਵਿੰਡ, ਦਲਬੀਰ ਸਿੰਘ ਵੇਰਕਾ ਮੌਜੂਦ ਸਨ।